ਕ੍ਰੋਏਸ਼ੀਆ; ਮੱਧ-ਯੁੱਗੀ ਇਮਾਰਤਾਂ ਤੇ ਬੀਚਾਂ ਦਾ ਦੇਸ਼
ਕ੍ਰੋਏਸ਼ੀਆ ਜਿਸ ਨੂੰ ਗਣਰਾਜ ਕ੍ਰੋਏਸ਼ੀਆ ਵੀ ਕਿਹਾ ਜਾਂਦਾ ਹੈ। ਇਹ ਦੇਸ਼ ਕੇਂਦਰੀ ਤੇ ਉੱਤਰ ਪੱਛਮੀ ਯੂਰਪ ਵਿੱਚ ਸਥਿਤ ਹੈ ਤੇ ਐਡਰਾਇਟਕ ਸਮੁੰਦਰ ਦੇ ਤੱਟ ’ਤੇ ਵੱਸਿਆ ਹੈ। ਇਸ ਦੀ ਆਬਾਦੀ 39 ਲੱਖ ਦੇ ਕਰੀਬ ਹੈ ਜੋ 25 ਜੂਨ 1991 ਨੂੰ ਆਜ਼ਾਦ ਹੋਂਦ ਵਿੱਚ ਆਇਆ ਤੇ ਅੱਜਕੱਲ੍ਹ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ। ਪਿਛਲੇ ਦਿਨੀਂ ਇਸ ਛੋਟੇ ਸੁੰਦਰ ਦੇਸ਼ ਦੇ ਦੋ ਵੱਡੇ ਸ਼ਹਿਰਾਂ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ। ਬੇਟਾ ਜਰਮਨ ਵਿੱਚ ਸੈਟਲ ਹੋਣ ਕਾਰਨ ਸਾਨੂੰ ਇਨ੍ਹਾਂ ਸ਼ਹਿਰਾਂ ਨੂੰ ਦੇਖਣ ਦਾ ਮੌਕਾ ਮਿਲਿਆ। ਉਸ ਦੇ ਸ਼ਹਿਰ ਐਰਫਰਟ (ਜਰਮਨੀ) ਤੋਂ ਟਰੇਨ ਲੈ ਕੇ ਅਸੀਂ ਜਰਮਨ ਦੇ ਨਿਊਰਮਬਰਗ ਸ਼ਹਿਰ ਪੁੱਜੇ। ਉੱਥੋਂ ਇੱਕ ਘੰਟੇ ਦਾ ਹਵਾਈ ਸਫ਼ਰ ਕਰ ਕ੍ਰੋਏਸ਼ੀਆ ਦੇ ਸ਼ਹਿਰ ਜਦਰ ਪੁੱਜੇ। ਨਾਸ਼ਤਾ ਕਰਨ ਤੋਂ ਬਾਅਦ ਜਦਰ ਦੀ ਬੀਚ ’ਤੇ ਬੋਟਿੰਗ ਤੇ ਤੈਰਾਕੀ ਦਾ ਆਨੰਦ ਮਾਣਿਆ। ਸ਼ਾਮ ਨੂੰ ਸ਼ਹਿਰ ਘੁੰਮਣ ਤੇ ਅਗਲੇ ਦਿਨ ਦੀ ਸਮੁੰਦਰ ਤੇ ਬੀਚਾਂ ਦੀ ਸੈਰ ਲਈ ਜਹਾਜ਼ ਦੀ ਬੁਕਿੰਗ ਕੀਤੀ।
ਅਗਲੇ ਦਿਨ ਸਮੁੰਦਰੀ ਜਹਾਜ਼ ਕਰੀਬ ਸੌ ਕੁ ਯਾਤਰੀਆਂ ਨੂੰ ਲੈ ਜਦਰ ਤੋਂ ਸਮੁੰਦਰ ਤੇ ਬੀਚਾਂ ਦੀ ਯਾਤਰਾ ਲਈ ਰਵਾਨਾ ਹੋਇਆ। ਰਸ-ਭਿੰਨਾ ਸਥਾਨਕ ਸੰਗੀਤ, ਸ਼ਾਂਤ ਸਮੁੰਦਰ, ਸ਼ੀਸ਼ੇ ਵਰਗਾ ਸਾਫ਼ ਪਾਣੀ, ਜਹਾਜ਼ ਦੀ ਸ਼ਾਂਤ ਸਮੁੰਦਰ ਵਿੱਚ ਆਵਾਜ਼ ਕੰਨਾਂ ਵਿੱਚ ਰਸ ਘੋਲ ਰਹੀ ਸੀ। ਯਾਤਰੂ ਜਿਨ੍ਹਾਂ ਨੂੰ ਇਸ ਸੰਗੀਤ ਦੀ ਸਮਝ ਆ ਰਹੀ ਸੀ, ਉਹ ਲੋਰ ਵਿੱਚ ਆਏ ਡਾਂਸ ਕਰ ਰਹੇ ਸਨ। ਸੰਸਾਰ ਭਰ ਤੋਂ ਯਾਤਰੂ ਜੁਲਾਈ-ਅਗਸਤ ਦੇ ਮਹੀਨੇ ਇਸ ਦੇਸ਼ ਦੇ ਸ਼ਹਿਰਾਂ ਦਾ ਆਨੰਦ ਮਾਣਨ ਆਉਂਦੇ ਹਨ। ਇੱਥੇ ਜ਼ਿਆਦਾ ਖਿੱਚ ਦਾ ਕੇਂਦਰ ਬੀਚਾਂ ਹੀ ਬਣਦੀਆਂ ਹਨ ਜਿੱਥੇ ਯਾਤਰੂ ਤੈਰਾਕੀ ਦਾ ਆਨੰਦ ਵੀ ਮਾਣਦੇ ਹਨ। ਬੀਚ ’ਤੇ ਜਹਾਜ਼ ਰੋਕ ਕੇ ਯਾਤਰੀਆਂ ਨੂੰ ਤੈਰਾਕੀ ਲਈ ਸਮਾਂ ਦਿੰਦੇ ਹਨ। ਸਮੁੰਦਰੀ ਜਹਾਜ਼ ਓਨੇ ਸਮੇਂ ਲਈ ਕਿਨਾਰੇ ’ਤੇ ਰੁਕ ਜਾਂਦਾ ਹੈ। ਜਹਾਜ਼ ਦਾ ਸਟਾਫ਼ ਅਨਾਊਂਸਮੈਂਟ ਕਰਦਾ ਹੈ ਕਿ ਇੰਨੇ ਸਮੇਂ ਦੀ ਸਟੇਅ ਹੈ ਤੇ ਇੰਨੇ ਸਮੇਂ ’ਤੇ ਫਿਰ ਚੱਲਣਾ ਹੈ। ਸਟਾਫ਼ ਸਮੇਂ ਦੇ ਮਾਟੋ ਵੀ ਦਿਖਾਉਂਦਾ ਹੈ ਤਾਂ ਕਿ ਕੋਈ ਵੀ ਯਾਤਰੂ ਸਮੇਂ ਬਾਰੇ ਭੁਲੇਖੇ ਵਿੱਚ ਨਾ ਰਹੇ ਤੇ ਉਹ ਸਮੇਂ ਸਿਰ ਮੁੜ ਜਹਾਜ਼ ਵਿੱਚ ਸਵਾਰ ਹੋ ਜਾਵੇ। ਸਮੁੰਦਰ ਦੇ ਕਿਨਾਰੇ ਛੋਟੀਆਂ ਛੋਟੀਆਂ ਪਹਾੜੀਆਂ ਬਹੁਤ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਹਨ। ਇਨ੍ਹਾਂ ਪਹਾੜੀਆਂ ਵਿੱਚ ਹੀ ਬੀਚਾਂ ਬਣਦੀਆਂ ਹਨ। ਯਾਤਰੂ ਪਹਾੜੀਆਂ ਕਰਾਸ ਕਰ ਕੇ ਬੀਚਾਂ ’ਤੇ ਤਾਰੀਆਂ ਲਾਉਂਦੇ ਹਨ।
ਇਸ ਦੇਸ਼ ਦੇ ਲੋਕ ਸਮੇਂ ਦੇ ਬਹੁਤ ਪਾਬੰਦ ਹੁੰਦੇ ਹਨ। ਸਮੇਂ ’ਤੇ ਚੱਲਣਾ, ਸਮੇਂ ’ਤੇ ਪੁੱਜਣਾ ਉਨ੍ਹਾਂ ਦੇ ਸੁਭਾਅ ਵਿੱਚ ਸ਼ਾਮਲ ਹੈ। ਜਦਰ ਵਿੱਚ ਕਰਕਾ ਨਾਂ ਦੀ ਇੱਕ ਜਗ੍ਹਾ ਹੈ ਜਿੱਥੇ ਪਾਣੀ ਦੇ ਝਰਨੇ ਤੇ ਬੀਚਾਂ ਹਨ। ਸਵੇਰੇ ਅੱਠ ਵਜੇ ਬੱਸ ਰਾਹੀਂ ਅਸੀਂ ਉਸ ਅਦਭੁੱਤ ਪਾਰਕ ਪਹੁੰਚੇ ਜੋ ਪਹਾੜੀਆਂ ਵਿਚਕਾਰ ਬਣਿਆ ਹੋਇਆ ਹੈ। ਪਾਰਕ ਵਿੱਚ ਤਿੰਨ ਕਿਲੋਮੀਟਰ ਲੱਕੜ ਦੀ ਪਟੜੀ ਹੈ ਜਿੱਥੇ ਲੋਕ ਘੁੰਮ ਕੇ ਝਰਨਿਆਂ ਤੇ ਪਾਰਕ ਦੇ ਅਦਭੁੱਤ ਨਜ਼ਾਰੇ ਦਾ ਆਨੰਦ ਮਾਣਦੇ ਹਨ। ਇਸ ਥਾਂ ’ਤੇ ਬੱਸ ਦੇ ਸਫ਼ਰ ਤੋਂ ਬਾਅਦ ਸਮੁੰਦਰੀ ਜਹਾਜ਼ ਰਾਹੀਂ ਜਾ ਸਕਦੇ ਹਾਂ।
ਦੂਸਰੇ ਦਿਨ ਅਸੀਂ ਇੱਕ ਹੋਰ ਸ਼ਹਿਰ ਡੂਬਰੋਵਨਿਕ ਪਹੁੰਚੇ। ਉੱਥੇ ਮੱਧ ਯੁੱਗ ਦੀਆਂ ਦੀਵਾਰਾਂ ਹਨ ਜੋ ਉਸ ਸਮੇਂ ਦੀ ਇਮਾਰਤਸਾਜ਼ੀ ਦਾ ਅਦਭੁੱਤ ਤੇ ਸੁੰਦਰ ਨਮੂਨਾ ਹਨ। ਇਹ ਸ਼ਹਿਰ ਐਡਰਾਇਟਕ ਸਮੁੰਦਰ ਦੇ ਕਿਨਾਰੇ ਵੱਸਿਆ ਸ਼ਹਿਰ ਹੈ ਜੋ ਪੁਰਾਤਨ ਪੱਥਰਾਂ ਦਾ ਬਣਿਆ ਹੋਇਆ ਹੈ। ਇਹ 16ਵੀਂ ਸਦੀ ਵਿੱਚ ਪੂਰਾ ਹੋਇਆ ਸੀ। ਮੱਧ ਯੁੱਗ ਦੀ ਇਮਾਰਤਸਾਜ਼ੀ ਦਾ ਨਮੂਨਾ ਹੋਣ ਕਰਕੇ ਯੂਨੈਸਕੋ ਨੇ ਇਸ ਨੂੰ 1979 ਵਿੱਚ ਵਿਰਾਸਤੀ ਸ਼ਹਿਰ ਦਾ ਖਿਤਾਬ ਦਿੱਤਾ ਹੈ। ਇਹ ਸ਼ਹਿਰ ਵੱਡੀਆਂ ਵੱਡੀਆਂ ਚੌੜੀਆਂ ਕੰਧਾਂ ਦਾ ਬਣਿਆ ਹੋਇਆ ਹੈ। ਕਈ ਜਗ੍ਹਾ ਤਾਂ ਕੰਧਾਂ ਛੇ ਮੀਟਰ ਵੀ ਚੌੜੀਆਂ ਹਨ। ਇਹ ਇੱਕ ਵੱਡਾ ਕੰਪਲੈਕਸ ਹੈ ਜੋ ਦੱਸਦਾ ਹੈ ਕਿ ਉਸ ਸਮੇਂ ਰਾਜਾ ਤੇ ਪਰਜਾ ਇੱਕ ਪਿੰਡ ਵਾਂਗ ਰਹਿੰਦੇ ਸਨ। ਪੂਰਾ ਸ਼ਹਿਰ ਇਨ੍ਹਾਂ ਕੰਧਾਂ ਦੇ ਵਿਚਕਾਰ ਹੀ ਬਣਿਆ ਹੋਇਆ ਹੈ। ਕੰਧਾਂ ਵਿਚਕਾਰ ਦੁਕਾਨਾਂ, ਚਰਚ ਅਤੇ ਰੈਸਟੋਰੈਂਟ ਬਣੇ ਹਨ। ਇਹ ਸੋਲਾਂ ਸੌ ਸਾਲ ਪੁਰਾਣਾ ਸ਼ਹਿਰ ਹੈ ਜਿਸ ਦਾ ਨਿਰਮਾਣ ਸੱਤਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ।
ਯਾਤਰੂ ਇੱਥੇ ਫੋਟੋਗ੍ਰਾਫੀ ਦਾ ਖ਼ੂਬ ਆਨੰਦ ਮਾਣਦੇ ਹਨ। ਪਹਾੜਾਂ ਵਿੱਚ ਇੱਕ ਬਹੁਤ ਉੱਚੀ ਥਾਂ ਹੈ ਜਿੱਥੇ ਖੜ੍ਹ ਕੇ ਵਿਸ਼ਾਲ ਸਮੁੰਦਰ ਦਾ ਨਜ਼ਾਰਾ ਦੇਖਿਆਂ ਹੀ ਬਣਦਾ ਹੈ। ਲੋਕ ਇੱਥੇ ਟੈਕਸੀ ਤੇ ਟਿੰਬਰ ਟ੍ਰੇਲ ਰਾਹੀਂ ਜਾਂਦੇ ਹਨ ਤੇ ਪਹਾੜਾਂ ਤੋਂ ਸਮੁੰਦਰ ਦੀ ਫੋਟੋਗ੍ਰਾਫੀ ਕਰਦੇ ਹਨ। ਡੂਬਰੋਵਨਿਕ ਦੇ ਨੇੜੇ ਹੀ ਲੋਕਰਮ ਬੀਚ ਹੈ, ਜਿੱਥੇ ਮਿਊਜ਼ੀਅਮ ਵੀ ਹੈ ਜਿੱਥੇ ਡਰਾਮਾ ਸੀਰੀਜ਼ ‘ਗੇਮ ਆਫ ਥਰੋਨਜ਼’ ਵਿੱਚ ਫਿਲਮਾਇਆ ‘ਲੋਹੇ ਦਾ ਤਖ਼ਤ’ ਅਸਲੀ ਰੂਪ ਵਿੱਚ ਪਿਆ ਹੈ। ਲੋਕ ਇਸ ਤਖ਼ਤ ’ਤੇ ਬੈਠ ਫੋਟੋ ਖਿਚਵਾ ਕੇ ਖ਼ੁਦ ਨੂੰ ਰਾਜਾ ਬਣਿਆ ਮਹਿਸੂਸ ਕਰਦੇ ਹਨ। ਇੱਥੇ ਸੁੰਦਰ ਬਾਗ਼ ਤੇ ਬੀਚ ਹਨ ਜਿੱਥੇ ਲੋਕ ਸੈਰ ਤੇ ਤੈਰਾਕੀ ਕਰਦੇ ਹਨ ਤੇ ਸੁਆਦੀ ਖਾਣਿਆਂ ਦਾ ਆਨੰਦ ਮਾਣਦੇ ਹਨ। ਸਫ਼ਰ ਦੇ ਅੰਤਲੇ ਦਿਨ ਕੈਵੀਟਾਟ ਬੀਚ ਦਾ ਆਨੰਦ ਮਾਣਿਆ। ਡੂਬਰੋਵਨਿਕ ਤੋਂ ਕੈਵੀਟਾਟ ਸਮੁੰਦਰੀ ਜਹਾਜ਼ ਰਾਹੀਂ ਘੰਟੇ ਕੁ ਦਾ ਸਫ਼ਰ ਕਰਕੇ ਪੁੱਜੇ। ਡੂਬਰੋਵਨਿਕ ਦਾ ਏਅਰਪੋਰਟ ਇੱਥੇ ਹੀ ਹੈ, ਇੱਥੋਂ ਹੀ ਜਹਾਜ਼ ਫੜ ਵਾਪਸ ਬਰਲਿਨ ਨੂੰ ਚਾਲੇ ਪਾਏ। ਰਾਤ ਬਰਲਿਨ ਕੱਟ ਕੇ ਅਗਲੇ ਦਿਨ ਅਸੀਂ ਸੋਹਣੀਆਂ ਅਦਭੁੱਤ ਯਾਦਾਂ ਲੈ ਕੇ ਐਰਫਰਟ ਪੁੱਜੇ।
ਸੰਪਰਕ: 98720-36192