ਬੱਚਿਆਂ ਨੇ ਪੰਜਾਬੀ ਬੋਲੀ ਦੀ ਮਹਿਫ਼ਲ ਸਜਾਈ
ਸੁਖਵੀਰ ਗਰੇਵਾਲ
ਕੈਲਗਰੀ: ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਇੱਥੇ ਬੱਚਿਆਂ ਦੇ ਪੰਜਾਬੀ ਮੁਹਾਰਤ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਕੈਨੇਡਾ ਦੇ ਬੱਚਿਆਂ ਨੇ ਪੰਜਾਬੀ ਕਵਿਤਾਵਾਂ ਦੀ ਮਹਿਫ਼ਲ ਸਜਾ ਕੇ ਕੈਨੇਡਾ ਵਿੱਚ ਪੰਜਾਬੀ ਬੋਲੀ ਦੇ ਉੱਜਵਲ ਭਵਿੱਖ ਦਾ ਸੁਨੇਹਾ ਦਿੱਤਾ। ਇਸ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ।
ਸਭਾ ਦੇ ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਰਣਜੀਤ ਸਿੰਘ ਅਤੇ ਤਰਲੋਚਨ ਸੈਂਭੀ ਅਤੇ ਡਾਕਟਰ ਪਰਮਜੀਤ ਕੌਰ ਨੂੰ ਸੱਦਾ ਦਿੰਦਿਆਂ ਹਾਜ਼ਰੀਨ ਨੂੰ ਜੀ ਆਇਆ ਆਖਿਆ। ਨੌਜਵਾਨ ਲੇਖਕ ਬਲਜਿੰਦਰ ਸੰਘਾ ਨੇ ਲਿਖਾਰੀ ਸਭਾ ਦੇ ਇਤਿਹਾਸ ਅਤੇ ਕਾਰਗੁਜ਼ਾਰੀ ਬਾਰੇ ਬਹੁਤ ਵਿਸਥਾਰ ਸਹਿਤ ਚਾਨਣਾ ਪਾਇਆ। ਮੀਤ ਪ੍ਰਧਾਨ ਜ਼ੋਰਾਵਰ ਨੇ ਬੱਚਿਆਂ ਨੂੰ ਹਦਾਇਤਾਂ ਤੋਂ ਜਾਣੂ ਕਰਵਾਇਆ।
ਪਹਿਲੇ ਭਾਗ ਵਿੱਚ ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ। ਪਹਿਲੇ ਭਾਗ ਵਿੱਚ ਹਰਅਸੀਸ ਕੌਰ, ਕੁਦਰਤਪ੍ਰੀਤ ਕੌਰ ਅਤੇ ਜਸਜੋਤ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਦੂਜੇ ਭਾਗ ਵਿੱਚ ਸਾਹਿਬਪ੍ਰੀਤ ਸਿੰਘ ਨੇ ਪਹਿਲਾ, ਸਿਦਕ ਸਿੰਘ ਗਰੇਵਾਲ ਨੇ ਦੂਜਾ ਅਤੇ ਨਿਤਾਰਾ ਕੌਰ ਹਰੀ ਨੇ ਤੀਜਾ ਸਥਾਨ ਹਾਸਲ ਕੀਤਾ। ਤੀਜੇ ਭਾਗ ਵਿੱਚ ਕ੍ਰਮਵਾਰ ਪ੍ਰਭਨੂਰ ਸਿੰਘ, ਗੁਨੀਵ ਕੌਰ ਗਿੱਲ ਅਤੇ ਬੁਨੀਤ ਕੌਰ ਢੀਂਡਸਾ ਜੇਤੂ ਰਹੇ।
ਚੌਥੇ ਭਾਗ ਵਿੱਚ ਕ੍ਰਮਵਾਰ ਨਿਮਰਤ ਧਾਰਨੀ, ਹਰਸੀਰਤ ਕੌਰ ਗਿੱਲ ਤੇ ਮੋਹਕਮ ਸਿੰਘ ਚੌਹਾਨ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਜੇਤੂ ਬੱਚਿਆਂ ਦਾ ਸਨਮਾਨ ਟਰਾਫੀਆਂ ਨਾਲ ਕੀਤਾ ਗਿਆ। ਭਾਗ ਲੈਣ ਵਾਲੇ ਸਾਰੇ ਬੱਚਿਆਂ ਦੀ ਮੈਡਲਾਂ ਨਾਲ ਹੌਸਲਾ ਹਫ਼ਜਾਈ ਕੀਤੀ ਗਈ। ਕੈਲਗਰੀ ਗਿੱਧਾ ਡਾਂਸ ਅਕੈਡਮੀ ਦੇ ਬੱਚਿਆਂ ਨੇ ਨਰਿੰਦਰ ਗਿੱਲ ਦੀ ਅਗਵਾਈ ਹੇਠ ਗਿੱਧੇ-ਭੰਗੜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੁਰਲਾਲ ਸਿੰਘ ਰੁਪਾਲੋਂ ਅਤੇ ਬਲਜੀਤ ਸਿੰਘ ਬਬਲੂ ਨੇ ਕਵੀਸ਼ਰੀ ਪੇਸ਼ ਕੀਤੀ। ਤਿਰਲੋਚਨ ਸੈਂਭੀ ਨੇ ‘ਬੂਟਾ ਪੰਜਾਬੀ ਦਾ ਯਾਰੋ ਮੁਰਝਾ ਚੱਲਿਆ’ ਪੇਸ਼ ਕੀਤਾ।