ਕੈਨੇਡਾ ਦੇ ਸੀਨੀਅਰ ਯੂਨੀਅਰ ਕਲੱਬ ਨੇ ਕਰਵਾਇਆ ਸਭਿਆਚਾਰਕ ਮੇਲਾ
ਮਿਸੀਸਾਗਾ ਕੈਨੇਡਾ ਦੇ ਵੈਲੇ ਪਾਰਕ ਵਿੱਚ ਕੈਨੇਡਾ ਦੇ ਸੀਨੀਅਰ ਯੂਨੀਅਰ ਕਲੱਬ ਵੱਲੋਂ ਗਿੱਧਿਆਂ ਦੀ ਮੁਰਬੈਲ ਮਿਸਜ ਰੂਪ ਕੌਰ ਕਾਹਲੋਂ ਦੀ ਅਗਵਾਈ ਹੇਠ ਸਾਲਾਨਾ ਸਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿੱਚ ‘ਆਈ ਐੱਮ ਨੋ ਕੁਇਨ’ ਫ਼ਿਲਮ ਦੀ ਹੀਰੋਇਨ ਮੀਨੂੰ ਕਾਹਲੋਂ ਨੇ ਸ਼ਿਰਕਤ ਕੀਤੀ। ਮੇਲੇ ਦਾ ਆਗਾਜ਼ ਕਰਦਿਆਂ ਰੂਪ ਕਾਹਲੋਂ ਨੇ ਕਿਹਾ ਕਿ ਸਭਿਆਚਾਰ ਹੀ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਹਨ ਜਿਵੇਂ ਜ਼ਮੀਨ ਤੋਂ ਬਿਨਾਂ ਬੀਜ ਨਹੀਂ ਉਗ ਸਕਦੇ ਉਸੇ ਤਰ੍ਹਾਂ ਸਭਿਆਚਾਰ ਬਾਝੋਂ ਸੰਤੁਲਤ ਜੀਵਨ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਸੱਤ ਸਮੁੰਦਰਾਂ ਤੋਂ ਪਾਰ ਜੇ ਪੰਜਾਬੀ ਸੁਖੀ ਵੱਸ ਰਹੇ ਹਨ ਤਾਂ ਇਸ ਦਾ ਨਤੀਜਾ ਰੁਜ਼ਗਾਰ ਤੇ ਸਭਿਆਚਾਰ ਹੀ ਹੈ। ਕੈਨੇਡਾ ਸਰਕਾਰ ਇੱਥੇ ਦੂਰੋਂ ਪਾਰੋ ਆ ਕੇ ਵਸੀਆਂ 200 ਤੋਂ ਵਧੇਰੇ ਕੌਮੀਅਤਾਂ ਦੇ ਸਭਿਆਚਾਰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ
ਵਿਸ਼ਵ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਦਲਵੀਰ ਕਥੂਰੀਆ ਨੇ ਕਿਹਾ ਕਿ ਪੰਜਾਬੀ ਤੇ ਕੈਨੇਡਾ ਸ਼ਬਦ ਦੀ ਸਾਂਝ ਹੁਣ ਏਨੀ ਪੀਡੀ ਹੋ ਗਈ ਹੈ ਕਿ ਇਸ ਦੇ ਵੱਖੋ ਵੱਖਰੇ ਅਰਥ ਕਰਨੇ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਕੈਨੇਡਾ ਨੇ ਬਹੁਤ ਸਾਰੇ ਪੰਜਾਬੀ ਕਲਾਕਾਰ ਪੈਦਾ ਕੀਤੇ ਹਨ, ਜੋ ਭਾਰਤ ਸਮੇਤ ਦੁਨੀਆ ਭਰ ਵਿੱਚ ਰੰਗ ਬਿਖੇਰ ਰਹੇ ਹਨ। ਪੰਜਾਬੀ ਦੇ ਪ੍ਰਮੁੱਖ ਲ਼ੇਖਕ ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਗੁਰਬਾਣੀ ਵਿੱਚ ਵੀ ਆਉਂਦਾ ਹੈ ‘ਨੱਚਣ ਕੁੱਦਣ ਮਨ ਕਾ ਚਾਓ’ ਤੇ ਮਨੁੱਖ ਕਲਾਂ ਵਿੱਚ ਹੀ ਨਿਵਾਸ ਕਰਦਾ ਹੈ।
ਮੀਨੂੰ ਕਾਹਲੋਂ ਨੇ ਫ਼ਿਲਮੀ ਡਾਇਲਾਗ ਤੇ ਡਾਂਸ ਦੀਆਂ ਵੰਨਗੀਆਂ ਨਾਲ ਸਮੇਂ ਨੂੰ ਇਕ ਪਲ ਵਿਚ ਰੋਕ ਦਿੱਤਾ। ਮੇਲੇ ਵਿੱਚ ਗਿੱਧੇ ਭੰਗੜੇ ਤੇ ਹੋਰ ਲੋਕ ਨਾਚਾਂ ਦੀ ਖੂਬ ਧਮਾਲ ਪਈ। ਜਾਗੋ ਦਾ ਨਿਵੇਕਲਾ ਰੰਗ ਸੀ ਤੇ ਫ਼ਨਕਾਰਾਂ ਨੇ ਗਾ ਕੇ ਰੰਗ ਬੰਨੇ। ਲਾਹੌਰ ਵਾਸੀ ਲੋਕ ਗਾਇਕ ਹੁਸਨੈਨ ਸਦੀਅਦ ਨੇ ਪੁਰਾਤਨ ਰੰਗ ਬੰਨਦਿਆਂ ਹੀਰ ਦੇ ਗਾਈਡ ਨਾਲ ਮਿਰਜ਼ਾ ਸਹਿਬਾਂ ਤੇ ਟੱਪੇ ਗਾ ਕੇ ਮੇਲਾ ਲੁੱਟਿਆ।
ਇਸ ਮੌਕੇ ਸਰਬਜੀਤ ਕੌਰ ਕਾਹਲੋਂ, ਇੰਦਰਜੀਤ ਕੌਰ, ਸੁਰਿੰਦਰ ਕੌਰ ਧਾਮੀ, ਭੁਪਿੰਦਰ ਸਿੰਘ ਚੀਮਾ, ਜਸਪਾਲ ਸਿੰਘ ਸਿੱਧੂ, ਸੁਖਦੇਵ ਸਿੰਘ ਰਕਬਾ, ਪਰਮਜੀਤ ਵਿਰਦੀ, ਜਗੀਰ ਸਿੰਘ ਕਾਹਲੋਂ, ਡਾ ਸੋਹਨ ਸਿੰਘ ਪਰਮਾਰ, ਕੇਹਰ ਸਿੰਘ ਮਠਾੜੂ, ਜਸਪਾਲ ਸਿੰਘ ਕਾਹਲੋਂ, ਪਾਲ ਸੇਠੀ, ਪ੍ਰੀਤਮ ਸਿੰਘ ਅਠਵਾਲ, ਕੁਲਵੰਤ ਸਿੰਘ, ਦੀਦਾਰ ਸਿੰਘ, ਬਲਵੀਰ ਕੌਰ ਰਾਏਕੋਟੀ, ਅਮਰਦੀਪ ਕੌਰ ਬਾਸੀ, ਹਰਬੰਸ ਕੌਰ ਸੇਠੀ, ਹਰਵਿੰਦਰ ਕੌਰ, ਨਰਿੰਦਰ ਚੌਪੜਾ, ਮਲਕੀਅਤ ਕੌਰ, ਮਿਸਜ ਦੱਤਾ, ਮਿਸਜ ਸੁਸ਼ਮਾ, ਦਲਜੀਤ ਕੌਰ ਗਰੇਵਾਲ, ਜਤਿੰਦਰ ਕੌਰ ਸਨੇਹਲਤਾ, ਗੁਰਜੀਤ ਕੌਰ ਆਦਿ ਨੇ ਆਪੋ ਆਪਣੀ ਕਲਾ ਦੇ ਜੌਹਰ ਦਿਖਾਏ। ਅਖੀਰ ਵਿੱਚ ਜਸਪਾਲ ਸਿੰਘ ਕਾਹਲੋਂ ਨੇ ਆਏ ਕਲਾਕਾਰਾਂ ਤੇ ਦਰਸ਼ਕ ਸਰੋਤਿਆਂ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਕੇ ਮੇਲੇ ਨੂੰ ਤਾੜੀਆਂ ਦੀ ਗੂੰਜ ਵਿੱਚ ਰੁਖ਼ਸਤ ਕੀਤਾ।