ਕੈਨੇਡਾ: ਵਿਮੈੱਨ ਐਸੋਸੀਏਸ਼ਨ ਵੱਲੋਂ ਮੇਅਰ ਦੇ ਦਫ਼ਤਰ ’ਚ ਸੈਮੀਨਾਰ
ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਕੈਲਗਰੀ ਦੇ ਮੇਅਰ ਦੇ ਦਫਤਰ ਵਿੱਚ ਸੈਮੀਨਾਰ ਕੀਤਾ, ਜਿਸ ਵਿਚ ਊਰਜਾ ਦੀ ਬੱਚਤ ਬਾਰੇ ਜਾਗਰੂਕ ਕੀਤਾ ਗਿਆ। ਐਸੋਸੀਏਸ਼ਨ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਤੇ ਸੰਚਾਲਕ ਗੁਰਚਰਨ ਕੌਰ ਥਿੰਦ ਨੇ ਦੱਸਿਆ ਕਿ ਇਹ ਪਹਿਲੀ ਵਾਰ ਸੀ ਕਿ ਮੇਅਰ ਵਲੋਂ ਕਿਸੇ ਸਭਾ ਨੂੰ ਆਪਣੇ ਦਫਤਰ ਵਿੱਚ ਇੰਜ ਦੇ ਸੈਮੀਨਾਰ ਦੀ ਆਗਿਆ ਦਿੱਤੀ ਗਈ।
ਸਭਾ ਦੀ ਸਕੱਤਰ ਗੁਰਨਾਮ ਕੌਰ ਦੁਲਟ ਨੇ ਇਸ ਨੂੰ ਚੰਗੀ ਸ਼ੁਰੂਆਤ ਮੰਨਦੇ ਹੋਏ ਕਿਹਾ ਕਿ ਭਾਈਚਾਰਿਆਂ ਦੀ ਏਕਤਾ ਅਤੇ ਸਹਿਚਾਰ ਨੂੰ ਸਮੇਂ ਦੀ ਮੁੱਖ ਲੋੜ ਸਮਝਦੇ ਹੋਏ ਸਭਾ ਦਾ ਗਠਨ ਕੀਤਾ ਗਿਆ ਹੈ। ਵਿਸ਼ਾ ਮਾਹਰ ਸੁਖਵੰਤ ਕੌਰ ਪਰਮਾਰ ਨੇ ਊਰਜਾ ਬੱਚਤ ਦੀਆਂ ਵਿਉਂਤਾਂ ਬਾਰੇ ਸਲਾਈਡ ਸ਼ੋਅ ਰਾਹੀਂ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਕਿਹਾ ਕਿ ਊਰਜਾ ਦੀ ਬੱਚਤ ਸਮੇਂ ਦੀ ਲੋੜ ਹੋਣ ਕਰਕੇ ਸਾਰੀਆਂ ਘਰੇਲੂ ਸੁਆਣੀਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ। ਉਨ੍ਹਾਂ ਹਾਜ਼ਰ ਔਰਤਾਂ ਨੂੰ ਊਰਜਾ ਬੱਚਤ ਵਸਤਾਂ ਵੰਡੀਆਂ।
ਇਕੱਤਰ ਔਰਤਾਂ ਦੇ ਮੰਨੋਰੰਜਨ ਲਈ ਯਾਦਾਂ ਦੇ ਪਟਾਰੇ ਤਹਿਤ ਪੰਜਾਬੀ ਵਿਰਸੇ ਨਾਲ ਜੁੜੀਆਂ ਤਸਵੀਰਾਂ ਵਾਲੀਆਂ ਪਰਚੀਆਂ ’ਚੋਂ ਹਰੇਕ ਔਰਤ ਤੋਂ ਪਰਚੀ ਕਢਵਾ ਕੇ ਉਸ ’ਤੇ ਅੰਕਤ ਤਸਵੀਰ ਨਾਲ ਸਬੰਧਤ ਉਸ ਦੀ ਯਾਦ ਸਾਂਝੀ ਕਰਵਾਈ, ਜੋ ਸਭ ਲਈ ਮਨੋਰੰਜਕ ਤੇ ਰੌਚਕ ਸਾਬਤ ਹੋਈ। ਮੇਅਰ ਜਿਉਤੀ ਗੌਂਡੇਕ ਦੀ ਪ੍ਰਾਂਦੇ ਦੀ ਤਸਵੀਰ ਵਾਲੀ ਪਰਚੀ ਨਿਕਲੀ ਤਾਂ ਉਨ੍ਹਾਂ ਆਪਣੀ ਉਹ ਪੁਰਾਣੀ ਯਾਦ ਸਾਂਝੀ ਕੀਤੀ ਜਦ ਉਨ੍ਹਾਂ ਸਮਾਗਮ ਵਿੱਚ ਮੰਚ ’ਤੇ ਪ੍ਰਾਂਦਾ ਪਹਿਨ ਕੇ ਕਸ਼ਮੀਰੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਸਭਾ ਵਲੋਂ ਮੇਅਰ ਦੇ ਦਫਤਰ ਦੇ ਬਾਹਰ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਸਭਾ ਵਲੋਂ ਅਗਲੀ ਮੀਟਿੰਗ 19 ਅਕਤੂਬਰ ਨੂੰ ਕਰਨ ਦਾ ਫੈਸਲਾ ਕੀਤਾ ਗਿਆ।