ਕੈਨੇਡਾ: ਫਿਰੌਤੀ ਲਈ ਗੋਲੀਆਂ ਚਲਾਉਣ ਵਾਲੇ ਗਿਰੋਹ ਦਾ ਸ਼ੂਟਰ ਗ੍ਰਿਫਤਾਰ
ਬੀ.ਸੀ.ਐਕਸਟੌਰਸ਼ਨ ਟਾਸਕ ਫੋਰਸ ਨੇ ਲੰਮੀ ਜਾਂਚ ਤੋਂ ਬਾਦ ਸਰੀ ਦੇ ਘਰਾਂ ’ਤੇ ਗੋਲੀਆਂ ਚਲਾਉਣ ਵਾਲੇ ਗਿਰੋਹ ਦੇ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸਦੀ ਪਛਾਣ ਅਵਤਾਰ ਸਿੰਘ (21) ਵਜੋਂ ਕੀਤੀ ਗਈ ਹੈ। ਲੰਘੀ 12 ਨਵੰਬਰ ਨੂੰ 32 ਐਵੇਨਿਊ ਦੇ 170 ਬਲਾਕ ਦੇ ਘਰ ’ਤੇ ਸ਼ਾਮ ਵੇਲੇ ਗੋਲੀਆਂ ਚੱਲਣ ਅਤੇ ਬਾਅਦ ਵਿੱਚ ਕੁਝ ਹੋਰ ਥਾਵਾਂ ’ਤੇ ਘਟਨਾਵਾਂ ਦੀ ਜਾਂਚ ਇਸ ਟਾਸਕ ਫੋਰਸ ਨੇ ਆਪਣੇ ਹੱਥਾਂ ‘ਚ ਲਈ ਸੀ।
ਸਹਾਇਕ ਕਮਿਸ਼ਨਰ ਜੌਹਨ ਬਰੈਵਰ ਨੇ ਦੱਸਿਆ ਕਿ ਜਿਵੇਂ-ਜਿਵੇਂ ਜਾਂਚ ਅੱਗੇ ਵਧੀ, ਪੁਲੀਸ ਅਪਰਾਧੀਆਂ ਦੇ ਨੇੜੇ ਪਹੁੰਚਦੀ ਰਹੀ। ਆਖ਼ਰ 5 ਨਵੰਬਰ ਨੂੰ ਉੱਕਤ ਦੋਸ਼ੀ ਪੁਲੀਸ ਨੇ ਕਾਬੂ ਕਰਕੇ ਹੋਰ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਾ ਕਿ ਗਿਰੋਹ ਵੱਲੋਂ ਉਸਨੂੰ ਸ਼ੂਟਰ ਵਜੋਂ ਵਰਤਿਆ ਜਾਂਦਾ ਸੀ। ਗੋਲੀਆਂ ਚਲਵਾ ਕੇ ਫਿਰੌਤੀ ਗਿਰੋਹ ਨਿਸ਼ਾਨੇ ’ਤੇ ਲਏ ਵਿਅਕਤੀ ਦੇ ਮਨ ਵਿੱਚ ਦਹਿਸ਼ਤ ਪਾ ਦਿੰਦੇ ਸੀ, ਤਾਂ ਜੋ ਉਹ ਜਾਨ ਬਚਾਉਣ ਲਈ ਮੰਗੀ ਗਈ ਰਕਮ ਦੇਣ ਲਈ ਜਲਦੀ ਤਿਆਰ ਹੋ ਜਾਏ।
ਬਰੈਵਰ ਨੇ ਦੱਸਿਆ ਕਿ ਉੱਕਤ ਮੁਲਜ਼ਮ ਦੀ ਗ੍ਰਿਫ਼ਤਾਰੀ ਨਾਲ ਹੋਰਾਂ ਦੇ ਗਲੇ ਨੂੰ ਹੱਥ ਪਾਉਣ ਦਾ ਮੁੱਢ ਬੱਝਾ ਹੈ। ਉਸਨੇ ਦੱਸਿਆ ਕਿ ਮੁਲਜ਼ਮ ਨੂੰ 10 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਦ ਤੱਕ ਉਸਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
