ਕੈਨੇਡਾ: ਸੰਸਦ ਮੈਂਬਰ ਰੂਬੀ ਸਹੋਤਾ ਨੇ ਸਮੱਸਿਆਵਾਂ ਸੁਣੀਆਂ
ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਬਰੈਪਟਨ ਨਾਰਥ ਇਲਾਕੇ ਦੀ ਮੈਂਬਰ ਪਾਰਲੀਮੈਂਟ ਅਤੇ ਫੈਡਰਲ ਸੈਕਟਰੀ ਆਫ ਸਟੇਟ ਰੂਬੀ ਸਹੋਤਾ ਨੇ ਆਪਣੇ ਵੋਟਰ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਇਕੱਠ ਕੀਤਾ ਜਿਸ ਵਿਚ ਐਮ ਪੀ ਸੋਨੀਆ ਸਿੱਧੂ, ਐਮ ਪੀ ਮਿਲਟਨ ਕ੍ਰਿਸਟੀਨਾ, ਬਰੈਪਟਨ ਦੇ ਸਿਟੀ ਮੇਅਰ ਪੈਟਰਿਕ ਬਰਾਊਨ, ਰਿਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਆਦਿ ਆਗੂ ਸ਼ਾਮਲ ਹੋਏ।
ਰੂਬੀ ਸਹੋਤਾ ਨੇ ਕਿਹਾ ਕਿ ਕੈਨੇਡਾ ਦੇ ਸਮਾਜ ਅਤੇ ਸਰਕਾਰ ਵਿੱਚ ਪੰਜਾਬੀਆਂ ਦਾ ਇਤਿਹਾਸਕ ਅਤੇ ਮਹੱਤਵਪੂਰਨ ਰੋਲ ਹੈ। ਬਰੈਂਪਟਨ ਨਾਰਥ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ ਭਾਵੇ ਇੱਥੇ ਹੋਰ ਭਾਈਚਾਰੇ ਵੀ ਵੱਸਦੇ ਹਨ ਸਰਕਾਰ ਸਭ ਦੀਆਂ ਮੁਸ਼ਕਲਾਂ ਹੱਲ ਕਰਕੇ ਹਮੇਸ਼ਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀ ਹੈ। ਕੈਨੇਡਾ ਵਿੱਚ ਕਰਾਈਮ ਰੇਟ ਵਧਣ ਦੇ ਮੱਦੇਨਜ਼ਰ ਸਰਕਾਰ ਨੇ ਕਈ ਸਖ਼ਤ ਕਾਨੂੰਨ ਬਣਾਏ ਜਿਸ ਦੇ ਨਤੀਜੇ ਜਲਦੀ ਹੀ ਕੈਨੇਡਾ ਵਾਸੀਆਂ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਮੀਗਰੇਸ਼ਨ ਦੀਆਂ ਮੁਸ਼ਕਲਾਂ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ।
ਐਮ ਪੀ ਸੋਨੀਆ ਸਿੱਧੂ ਨੇ ਕਿਹਾ ਕਿ ਨਵੇਂ ਆ ਰਹੇ ਪਰਵਾਸੀ ਮੌਜੂਦਾ ਕਾਨੂੰਨਾਂ ਬਾਰੇ ਜਾਗਰੂਕ ਹੋਣ। ਐਮ ਪੀ ਕ੍ਰਿਸਟੀਨਾ ਨੇ ਕਿਹਾ ਕਿ ਗੱਡੀਆਂ ਦੀ ਸਪੀਡ ਦਾ ਧਿਆਨ ਰੱਖਿਆ ਜਾਵੇ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਕਿ ਕੈਨੇਡਾ ਸੰਸਾਰ ਦਾ ਉੱਤਮ ਦੇਸ਼ ਹੈ ਤੇ ਇਸ ਨੂੰ ਹੋਰ ਅੱਗੇ ਲਿਜਾਣ ਲਈ ਸਾਰੇ ਰਲ ਕੇ ਯੋਗਦਾਨ ਪਾਈਏ। ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਨੇ ਸਿਟੀ ਆਫ ਬਰੈਂਪਟਨ ਨੂੰ ਹੋਰ ਸੁੰਦਰ ਬਣਾਉਣ ਲਈਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਉੱਘੇ ਸਮਾਜ ਸੇਵੀ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬੀਆਂ ਦੀ ਮਿਹਨਤ ਨੇ ਟਰਾਂਸਪੋਰਟ ਖੇਤੀਬਾੜੀ ਵਪਾਰ ਵਿੱਚ ਚੰਗਾ ਰੰਗ ਭਰਿਆ ਹੈ।
ਅਕਾਲੀ ਆਗੂ ਬੇਅੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬੀਆਂ ਲਈ ਪੰਜਾਬ ਤੇ ਕੈਨੇਡਾ ਦੀ ਮਿੱਟੀ ਦਾ ਰੰਗ ਇੱਕ ਹੋ ਗਿਆ ਹੈ ਤੇ ਉਹ ਦੇਸ਼ ਪ੍ਰਤੀ ਭਰਪੂਰ ਜਜ਼ਬਾ ਰੱਖਦੇ ਹਨ। ਸਿੱਖ ਆਗੂ ਹਰਬੰਸ ਸਿੰਘ ਜੰਡਾਲੀ ਨੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਤੇ ਆਪਣੇ ਧਾਰਮਿਕ ਸਰੂਪ ਨਾਲ ਜੁੜਨ ਤਾਂ ਕਿ ਪਛਾਣ ਬਰਕਰਾਰ ਰਹੇ। ਇਸ ਮੌਕੇ ਬਚਿੱਤਰ ਸਿੰਘ ਘੋਲੀਆ, ਜਗੀਰ ਸਿੰਘ ਕਾਹਲੋਂ, ਗੁਰਦਰਸ਼ਨ ਸਿੰਘ, ਪਰਮਜੀਤ ਮਣਕੂ, ਰੂਪ ਕਾਹਲੋਂ, ਸੁਖਦੇਵ ਸਿੰਘ ਰਕਬਾ, ਪਰਮਜੀਤ ਵਿਰਦੀ, ਬਲਵੀਰ ਕੌਰ ਰਾਏਕੋਟੀ, ਰਾਵਿੰਦਰ ਸਿੰਘ ਪੰਨੂ, ਬ੍ਰਿਗੇਡੀਅਰ ਨਵਾਬ ਸਿੰਘ ਹੀਰ ਬਲਦੇਵ ਸਿੰਘ ਬਰਾੜ, ਜਸਪਾਲ ਸਿੰਘ ਕਾਹਲੋਂ, ਸਰਬਜੀਤ ਕੌਰ ਕਾਹਲੋਂ ਆਦਿ ਨੇ ਵੀ ਵਿਚਾਰ ਰੱਖੇ।