ਕੈਨੇਡਾ: ਵਿਨੀਪੈੱਗ ਵਿੱਚ ‘ਬਲ਼ਦੇ ਬਿਰਖ’ ਨਾਟਕ ਪੇਸ਼ ਕੀਤਾ
ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈੱਗ ਵੱਲੋਂ ਮੈਪਲ ਕਾਮਨਜ਼ ਕਾਲਜੀਏਟ 1330 ਜੈਫਰਸਨ ਐਵਿਨਿਊ ਵਿਖੇ ਸ੍ਰੀਮਤੀ ਪਰਮਿੰਦਰ ਕੌਰ ਸਵੈਚ ਵੱਲੋਂ ਲਿਖਿਆ ਨਾਟਕ ‘ਬਲ਼ਦੇ ਬਿਰਖ’ ਕਰਵਾਇਆ ਗਿਆ। ਇਸ ਨਾਟਕ ਦੀ ਪੇਸ਼ਕਾਰੀ ਸਥਾਨਕ ਰੰਗਮੰਚ ‘ਆਰਟ 5- ਆਬ’ ਦੇ ਨਿਰਦੇਸ਼ਕ ਸ. ਬਿਕਰਮਜੀਤ ਸਿੰਘ...
Advertisement
ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈੱਗ ਵੱਲੋਂ ਮੈਪਲ ਕਾਮਨਜ਼ ਕਾਲਜੀਏਟ 1330 ਜੈਫਰਸਨ ਐਵਿਨਿਊ ਵਿਖੇ ਸ੍ਰੀਮਤੀ ਪਰਮਿੰਦਰ ਕੌਰ ਸਵੈਚ ਵੱਲੋਂ ਲਿਖਿਆ ਨਾਟਕ ‘ਬਲ਼ਦੇ ਬਿਰਖ’ ਕਰਵਾਇਆ ਗਿਆ। ਇਸ ਨਾਟਕ ਦੀ ਪੇਸ਼ਕਾਰੀ ਸਥਾਨਕ ਰੰਗਮੰਚ ‘ਆਰਟ 5- ਆਬ’ ਦੇ ਨਿਰਦੇਸ਼ਕ ਸ. ਬਿਕਰਮਜੀਤ ਸਿੰਘ ਮੋਗਾ ਦੀ ਨਿਰਦੇਸ਼ਨ ਹੇਠ ਕੀਤੀ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਬੱਚੀ ਸਮਾਈਲ ਨੇ ਔਰਤ ਦੀ ਕਹਾਣੀ ਪੜ੍ਹ ਕੇ ਕੀਤੀ। ਇਸ ਤੋਂ ਬਾਅਦ ਸ. ਦਰਸ਼ਨ ਸਿੰਘ ਵਾਂਦਰ ਨੇ ‘ਬੰਬੀਹਾ ਬੋਲੇ’ ਦਾ ਗੀਤ ਗਾਇਆ । ਸ੍ਰੀਮਤੀ ਜਸਵੀਰ ਕੌਰ ਮੰਗੂਵਾਲ ਨੇ "ਮੈਂ ਸਿੱਖ ਹਾਂ ਬਾਬੇ ਨਾਨਕ ਦੀ” ਕਵਿਤਾ ਪੜ੍ਹੀ। ਸ. ਗੁਰਤੇਜ ਸਿੰਘ ਖੋਖਰ ਨੇ ਫਾਂਸੀ ਵਾਦ ਤੇ ਭਾਸ਼ਣ ਦਿੱਤਾ।
ਸਾਰੇ ਕਲਾਕਾਰਾਂ ਨੇ ਆਪਣਾ ਰੋਲ਼ ਸ਼ਿੱਦਤ ਨਾਲ ਨਿਭਾਇਆ ਤੇ ਬਿਕਰਮ ਨੇ ਮਿਊਜ਼ਿਕ ਆਦਿ ਨਾਲ ਬਹੁਤ ਸਾਰੇ ਰੰਗ ਭਰ ਦਿੱਤੇ। ਸਰੋਤਿਆਂ ਨੇ ਕਿਹਾ ਕਿ ਅਸੀਂ ਨਾਟਕ ਦੇ ਨਾਲ ਨਾਲ ਤੁਰਦੇ ਰਹੇ, ਕਦੇ ਹੱਸਦੇ ਸੀ ਤੇ ਕਦੇ ਭਾਵੁਕ ਹੋ ਕੇ ਰੋਣਾ ਵੀ ਆਇਆ। ਇਹ ਨਾਟਕ ਡਰੱਗ ਤੇ ਗੈਂਗਵਾਰ ਨਾਲ ਸਬੰਧਿਤ ਸੀ, ਇਨ੍ਹਾਂ ਅਲਾਮਤਾਂ ਨਾਲ ਸਾਡੀ ਕਮਿਊਨਿਟੀ ਦੇ ਬਹੁਤ ਨੌਜਵਾਨ ਆਪਣੀਆਂ ਜਾਨਾਂ ਗਵਾ ਰਹੇ ਹਨ। ਨਾਟਕ ਹਰ ਇੱਕ ਨੂੰ ਆਪਣੇ ਆਲ਼ੇ ਦੁਆਲੇ ਵਾਪਰ ਰਿਹਾ ਮਹਿਸੂਸ ਹੋ ਰਿਹਾ ਸੀ।
ਨਾਟਕ ‘ਬਲ਼ਦੇ ਬਿਰਖ’ ਦੀ ਸ਼ੁਰੂਆਤ ਨਾਲ ਭਾਰਤ ਤੋਂ ਕੈਨੇਡਾ ਪਹੁੰਚ ਕੇ ਪਾਤਰ ਆਪਣੀ ਦੁੱਖਾਂ ਭਰੀ ਦਾਸਤਾਨ ਸ਼ੁਰੂ ਕਰ ਦਿੰਦਾ ਹੈ। ਜਿਸ ਵਿੱਚ ਪਤਾ ਲੱਗਦਾ ਹੈ ਕਿ ਕਿਵੇਂ ਉਹ ਆਪਣੀ ਚੰਗੇਰੀ ਜ਼ਿੰਦਗੀ ਬਣਾਉਣ ਲਈ ਕੈਨੇਡਾ ਪਹੁੰਚਿਆ ਅਤੇ ਕੰਮ ਦੀ ਤਲਾਸ਼ ਕਰਦਾ, ਆਪਣਾ ਜੀਵਨ ਅਤੇ ਆਪਣੇ ਪਰਿਵਾਰ ਦਾ ਜੀਵਨ ਸੁਧਾਰਨ ਦਾ ਯਤਨ ਕਰਦਾ ਹੈ। ਪਰ ਉਸ ਨੂੰ ਇੱਥੇ ਵੀ ਉਹੀ ਕੁਝ, ਮਾੜੇ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਰਮਜੀਤ ਸਿੰਘ ਨੇ ਇਸ ਨਾਟਕ ਵਿਚ ਨਸ਼ਾ ਤਸਕਰਾਂ ਦੇ ਚੁੰਗਲ ਵਿਚ ਫਸੇ ਨੌਜਵਾਨ ਦਾ ਕਿਰਦਾਰ ਨਿਭਾਇਆ, ਜਿਸ ਵਿੱਚ ਉਸਦੇ ਛੋਟੇ ਭੈਣ ਭਰਾ ਵੀ ਇਸ ਦਲਦਲ ਵਿੱਚ ਫਸ ਜਾਂਦੇ ਹਨ। ਪਿਤਾ ਦਾ ਕਿਰਦਾਰ ਸ. ਬਿਕਰਮਜੀਤ ਮੋਗਾ ਤੇ ਮਾਂ ਦਾ ਕਿਰਦਾਰ ਇੰਦਰਜੀਤ ਕੌਰ ਨੇ ਨਿਭਾਇਆ। ਇਸ ਤੋਂ ਇਲਾਵਾ ਜਸਵੀਰ ਕੌਰ ਮੰਗੂਵਾਲ, ਅਜੈਬ ਸਿੰਘ, ਪਰਮਿੰਦਰ ਸਿੰਘ, ਪਵਨ, ਅਭਿਸ਼ੇਕ ਸ਼ਰਮਾ, ਡਾ ਧਰਮਪਾਲ ਨੇ ਵੀ ਪਾਤਰਾਂ ਦੇ ਰੋਲ ਅਦਾ ਕੀਤੇ।
ਪਾਤਰਾਂ ਦੀ ਵਧੀਆ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਡੇਢ ਘੰਟਾ ਮੰਚ ਨਾਲ ਜੋੜੀ ਰੱਖਿਆ। ਨਾਟਕ ਦੇ ਖ਼ਤਮ ਹੁੰਦਿਆਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸ ਮੌਕੇ ਸ. ਗੁਰਤੇਜ ਸਿੰਘ ਖੋਖਰ ਵੱਲੋਂ ਲਿਖੀ ਗਈ ਕਿਤਾਬ "ਦਲਿਤ ਮੁਕਤੀ ਦਾ ਸਵਾਲ " ਵੀ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸਭਾ ਵਿਨੀਪੈੱਗ ਵੱਲੋਂ ਰੀਲੀਜ਼ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਸ੍ਰੀਮਤੀ ਲਵਦੀਪ ਨੇ ਬਾਖ਼ੂਬੀ ਨਿਭਾਈ ।
ਇਸ ਤੋਂ ਪਹਿਲਾਂ ਸ੍ਰੀਮਤੀ ਨਿਸ਼ਠਾ ਜੈਨ ਦੀ ਦਸਤਾਵੇਜ਼ੀ ਫ਼ਿਲਮ " ਇਨਕਲਾਬ ਦੀ ਖੇਤੀ" ਵੀ ਦਿਖਾਈ ਗਈ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੰਗਤ ਸਿੰਘ ਸਹੋਤਾ, ਹਰਨੇਕ ਸਿੰਘ ਧਾਲੀਵਾਲ, ਮੁਖ਼ਤਿਆਰ ਸਿੰਘ, ਹਰਿੰਦਰ ਸਿੰਘ, ਮਾਸਟਰ ਮਲਕੀਤ ਸਿੰਘ, ਦਰਸ਼ਨ ਸਿੰਘ ਵਾਂਦਰ, ਜਸਵੀਰ ਕੌਰ ਮੰਗੂਵਾਲ, ਰਾਜ ਬਲਵਿੰਦਰ, ਮਹਿੰਦਰ ਸਰਾਂ ਅਤੇ ਅਮਰਦੀਪ ਜਾਖਾਂ ਨੇ ਦਰਸ਼ਕਾਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ।
Advertisement
