CANADA NEWS: ਸ਼ਮੀਲ ਦਾ ਨਵਾਂ ਕਾਵਿ ਸੰਗ੍ਰਹਿ ‘ਤੇਗ਼’ ਲੋਕ ਅਰਪਣ
ਕੈਨੇਡਾ ਦੀ ਸਹਿਜ ਵਿਹੜਾ ਸੰਸਥਾ ਵੱਲੋਂ ਪੱਤਰਕਾਰ ਅਤੇ ਸੰਵੇਦਨਸ਼ੀਲ ਕਵੀ ਸ਼ਮੀਲ ਦੀ ਕਾਵਿ-ਪੁਸਤਕ ‘ਤੇਗ਼’ ਲੋਕ ਅਰਪਣ ਕੀਤੀ ਗਈ।ਇਸ ਮੌਕੇ ਉੱਘੇ ਸਿੱਖ ਸਕਾਲਰ ਅਤੇ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਸਾਬਕਾ ਮੁਖੀ ਗੁਰਤਰਨ ਸਿੰਘ ਅਤੇ ਟੋਨੀ ਸੰਧੂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਗੁਰਤਰਨ ਸਿੰਘ ਨੇ ਕਿਹਾ ਕਿ ਸ਼ਮੀਲ ਦੀ ਇਸ ਨਵੀਂ ਪੁਸਤਕ ਵਿੱਚ ਗੁਰੂ ਗੋਬਿੰਦ ਸਿੰਘ ਦੇ ਵਿਚਾਰਾਂ ਨੂੰ ਅਧਾਰ ਬਣਾ ਕੇ ਕਵਿਤਾ ਦੀ ਰਚਨਾ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਵਿੱਚ ਦਰਜ ਕਵਿਤਾਵਾਂ ਦੀ ਸ਼ਬਦਾਵਲੀ ਸਕੂਨ ਦੇਣ ਵਾਲੀ ਹੈ। ਸ਼ਮੀਲ ਦੀਆਂ ਇਨ੍ਹਾਂ ਕਵਿਤਾਵਾਂ ਨਾਲ ਇਤਿਹਾਸ ਤੇ ਕਲਾ ਦੇ ਸੁਮੇਲ ਨਾਲ ਨਵੀਂ ਕਹਾਣੀ ਆਰੰਭ ਹੋਵੇਗੀ। ਡਾ. ਸਾਹਿਬ ਸਿੰਘ ਨੇ ਕਿਹਾ ਕਿ ਸੰਸਾਰ ਵਿੱਚ ਗੁਰੂ ਗੋਬਿੰਦ ਸਿੰਘ ਇੱਕੋ-ਇੱਕ ਵਲੀ ਯੋਧਾ ਸੀ ਜਿਨ੍ਹਾਂ ਸਾਨੂੰ ਜੀਵਨ ਜਿਊਣ ਦੀ ਜਾਂਚ ਦੱਸੀ।
ਸ਼ਮੀਲ ਨੇ ਆਪਣੀ ਕਿਤਾਬ ਵਿਚਲੀਆਂ ਕਵਿਤਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਤੁਲ ਸੰਸਾਰ ਵਿੱਚ ਹਾਲੇ ਹੋਰ ਕੋਈ ਪੈਦਾ ਨਹੀਂ ਹੋਇਆ ਉਹ ਸੰਸਾਰ ਦਾ ਹੀਰੋ ਸਨ ਜਿਨ੍ਹਾਂ ਨੇ ਮਨੁੱਖਤਾ ਨੂੰ ਸੇਧ ਦੇਣ ਵਿੱਚ ਪਹਿਲ ਕੀਤੀ। ਉਨ੍ਹਾਂ ਕਿਹਾ ਕਿ ਤੇਗ਼ ਇਕ ਹਥਿਆਰ ਨਹੀਂ ਸੀ ਸਗੋਂ ਇੱਕ ਸੋਚ ਹੈ, ਜੋ ਮਜਲੂਮਾਂ ਦੀ ਰੱਖਿਆ ਕਰਨ ਲਈ ਉੱਭਰ ਕੇ ਆਈ। ਉਨ੍ਹਾਂ ਦੱਸਿਆ ਕਿ 300 ਪੇਜ ਦੀ ਇਸ ਪੁਸਤਕ ਦੇ ਦੋ ਭਾਗ ਹਨ। ਅੱਧੀ ਪੁਸਤਕ ਵਿੱਚ ਗੁਰੂ ਦੀ ਸੋਚ ਸਬੰਧੀ ਕਵਿਤਾਵਾਂ ਹਨ ਅਤੇ ਅੱਧੀ ਵਿੱਚ ਸਾਖੀਆਂ ਨੂੰ ਅਧਾਰ ਬਣਾਇਆ ਗਿਆ ਹੈ।
ਸਮਾਗਮ ਵਿਚ ਰਣਦੀਪ ਸਿੰਘ ਸੰਧੂ, ਪਰਮਿੰਦਰ ਖਹਿਰਾ, ਡਾ. ਘੁੰਮਣ, ਡਾ. ਚੌਪੜਾ, ਡਾ. ਬਲਵਿੰਦਰ ਸਿੰਘ ਧਾਲੀਵਾਲ, ਸੁਰਿੰਦਰ ਪਾਲ ਸਿੰਘ ਡਾ. ਢਿੱਲੋਂ ਅਤੇ ਡਾ. ਵਰਮਾ ਨੇ ਸ਼ਿਰਕਤ ਕੀਤੀ। ਕੈਨੇਡਾ ਦੇ ਮਸਤਾਨਾ ਗਰੁੱਪ ਨੇ ਵੀ ਸ਼ਮੀਲ ਦੀਆਂ ਕਵਿਤਾਵਾਂ ਦਾ ਬਾਖ਼ੂਬੀ ਗਾਇਨ ਕੀਤਾ ਸ਼ਮੀਲ ਨੇ ਖ਼ੁਦ ਵੀ ਆਪਣੇ ਕਲਾਮ ਪੇਸ਼ ਕੀਤੇ। ਟੋਨੀ ਸੰਧੂ ਨੇ ਨਕਦ ਰਾਸ਼ੀ ਅਤੇ ਮਾਣ ਪੱਤਰ ਦੇ ਕੇ ਸ਼ਮੀਲ ਦਾ ਸਨਮਾਨ ਕੀਤਾ।