Canada News: ਬਾਬਾ ਬੰਦਾ ਸਿੰਘ ਬਹਾਦਰ ਦੇ ਲਾਸਾਨੀ ਰੋਲ ਬਾਰੇ ਕੈਨੇਡਾ ’ਚ ਸੈਮੀਨਾਰ ਕਰਵਾਇਆ
ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਵੱਲੋਂ ਚੇਅਰਮੈਨ ਕੇਕੇ ਬਾਵਾ ਦੀ ਅਗਵਾਈ ਹੇਠ ਸਥਾਨਕ ਪੰਜਾਬੀ ਭਵਨ ਵਿੱਚ ਸਿੱਖ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਲਾਸਾਨੀ ਰੋਲ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਲੇਖਕ ਅਨੁਰਾਗ ਸਿੰਘ ਵੱਲੋਂ ਲਿਖੀ ਕਿਤਾਬ ‘ਇਲਾਹੀ ਗਿਆਨ ਦਾ ਸਾਗਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ’ ਵੀ ਕੈਨੇਡਾ ਵਾਸੀਆਂ ਲਈ ਅਰਪਣ ਕੀਤੀ ਗਈ, ਜਿਸ ਵਿਚ ਐਨਆਰ ਸਿੰਘ ਦੀਆਂ ਤਸਵੀਰਾਂ ਵੀ ਛਾਪੀਆਂ ਗਈਆਂ ਹਨ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੈਨੇਡਾ ਫੈਡਰਲ ਸਰਕਾਰ ਦੀ ਮੰਤਰੀ ਰੂਬੀ ਸਹੋਤਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਿੱਖੀ ਦੇ ਸਿਧਾਂਤ ਨੂੰ ਜੀਵੰਤ ਰੱਖਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਲਹਿਰ ਪ੍ਰਚੰਡ ਕੀਤੀ, ਉਸ ਨੂੰ ਕਿਸੇ ਤਰ੍ਹਾਂ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਗੁਰੂ ਜੀ ਵੱਲੋਂ ਜੋ ਉਸ ਮਹਾਨ ਯੋਧੇ ਨੂੰ ਸੇਵਾ ਲੱਗੀ ਉਸ ਨੇ ਸਵਾਸਾਂ ਸੰਗ ਨਿਭਾਈ।
ਉਨ੍ਹਾਂ ਨਾਲ ਹੀ ਕਿਹਾ ਕਿ ਇੱਥੇ ‘ਇਲਾਹੀ ਗਿਆਨ ਦਾ ਸਾਗਰ’ ਪੁਸਤਕ ਅਰਪਣ ਕਰ ਕੇ ਕੈਨੇਡਾ ਵਾਸੀਆਂ ਨੂੰ ਗਿਆਨ ਦਾ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਵਾ ਜੀ ਨੇ ਜੋ ਕੈਨੇਡਾ ਸਰਕਾਰ ਦੇ ਧਿਆਨ ਵਿੱਚ ਮੰਗਾਂ ਰੱਖੀਆਂ ਹਨ, ਉਨ੍ਹਾਂ ’ਤੇ ਗੰਭੀਰਤਾ ਨਾਲ ਗੌਰ ਕੀਤਾ ਜਾਵੇਗਾ।
ਟਰੱਸਟ ਦੇ ਚੇਅਰਮੈਨ ਕੇਕੇ ਬਾਵਾ ਨੇ ਕਿਹਾ ਕਿ ਕੈਨੇਡਾ ਸਰਕਾਰ ਉਨ੍ਹਾਂ ਨੂੰ ਢੁਕਵੀਂ ਥਾਂ ਦੇਵੇ ਤਾਂ ਕਿ ਟਰਸਟ ਕੈਨੇਡਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਮਿਊਜ਼ੀਅਮ ਬਣਾ ਸਕੇ। ਉਨ੍ਹਾਂ ਕਿਹਾ ਕਿ ਉਥੇ ਬਾਬਾ ਜੀ ਅਤੇ ਉਨਾਂ ਦੇ ਚਾਰ ਸਾਲ ਦੇ ਪੁੱਤਰ ਅਜੇ ਸਿੰਘ ਦੇ ਬੁੱਤ ਵੀ ਲਾਏ ਜਾਣਗੇ। ਉਨ੍ਹਾਂ ਦਲੀਲ ਦਿੱਤੀ ਬਹੁਤ ਸਾਰੇ ਪੰਜਾਬੀ ਕੈਨੇਡਾ ਵਿੱਚ ਵੱਸ ਚੁੱਕੇ ਹਨ ਅਤੇ ਸਰਕਾਰ ਇਤਿਹਾਸ ਨੂੰ ਉਨ੍ਹਾਂ ਦੀ ਨਜ਼ਰ ਵਿੱਚ ਕਰਨ ਲਈ ਸਹਾਇਤਾ ਕਰੇ।
ਪੰਜਾਬ ਦੇ ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ ਨੇ ਕਿਹਾ ਕਿ ਗਿਆਨ ਦਾ ਸਾਗਰ ਪੁਸਤਕ ਕੈਨੇਡਾ ਵਾਸੀਆਂ ਦੇ ਰੂਹਾਨੀ ਗਿਆਨ ਵਿੱਚ ਵਾਧਾ ਕਰੇਗੀ। ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਬਾਰੇ ਹੋਰ ਕਿਤਾਬਾਂ ਛਪਣ ਦੀ ਲੋੜ ਹੈ, ਤਾਂ ਕਿ ਉਨ੍ਹਾਂ ਦੇ ਜੀਵਨ ਤੇ ਸਮੇਂ ਦੀਆਂ ਮੁਗਲ ਸਰਕਾਰਾਂ ਵੱਲੋਂ ਪਾਈ ਗਈ ਧੁੰਦ ਮਿਟ ਸਕੇ।
ਕੈਨੇਡਾ ਦੇ ਪੰਜ ਵਾਰ ਦੇ ਐਮਪੀ ਗੁਰਬਖਸ਼ ਸਿੰਘ ਮੱਲ੍ਹੀ ਨੇ ਟਰੱਸਟ ਵੱਲੋਂ ਸਰਕਾਰ ਸਾਹਮਣੇ ਰੱਖੀਆਂ ਮੰਗਾਂ ਦੀ ਤਾਇਦ ਕੀਤੀ। ਇਸ ਮੌਕੇ ਬ੍ਰਿਗੇਡੀਅਰ ਨਵਾਬ ਸਿੰਘ ਐਜੂਕੇਸ਼ਨ ਕੈਨੇਡਾ ਦੇ ਟਰੱਸਟੀ ਚੇਅਰਮੈਨ ਸਤਪਾਲ ਸਿੰਘ ਜੌਹਲ, ਦਲਬੀਰ ਸਿੰਘ ਕਥੂਰੀਆ, ਐਮਪੀ ਅਮਨਦੀਪ ਸੋਢੀ ਆਦਿ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਦਾ ਮਿਊਜ਼ੀਅਮ ਬਣਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ।
ਬੇਅੰਤ ਧਾਲੀਵਾਲ ਅਕਾਲੀ ਆਗੂ ਕੈਨੇਡਾ, ਡਾ. ਦਵਿੰਦਰ ਸਿੰਘ, ਹਰਜੀਤ ਬਾਜਵਾ, ਰਮਿੰਦਰ ਵਾਲੀਆ, ਸੁਖਦੇਵ ਰਕਬਾ, ਸੁਖਜੀਤ ਹੀਰ, ਤੇਜਿੰਦਰ ਘੁਡਾਣੀ, ਵਰਿੰਦਰ ਸਿੰਘ, ਪੱਤਰਕਾਰ ਮਨਪ੍ਰੀਤ ਔਲਖ, ਕਾਂਗਰਸ ਆਗੂ ਨਿਰਮਲ ਸਿੰਘ ਗਰੇਵਾਲ, ਮੋਹਨ ਸਿੰਘ ਭੰਗੂ ਆਦਿ ਸ਼ਖ਼ਸੀਅਤਾਂ ਨੇ ਉਚੇਚੀ ਹਾਜ਼ਰੀ ਭਰੀ। ਪੰਜਾਬ ਤੋਂ ਪਹੁੰਚੇ ਗਾਇਕ ਅਮਰਜੀਤ ਸ਼ੇਰਪੁਰੀ ਚੰਗਾ ਰੰਗ ਬੰਨ੍ਹਿਆ। ਅਖੀਰ ਵਿਚ ਆਏ ਮਹਿਮਾਨਾਂ ਦਾ ਪੰਜਾਬੀ ਭਵਨ ਕੈਨੇਡਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਨੇ ਧੰਨਵਾਦ ਕੀਤਾ।