Canada News: ਸਰੀ ਸਥਿਤ ‘ਪਿਕਸ’ ਦੇ ਸੀਈਓ ਸਤਬੀਰ ਚੀਮਾ ’ਤੇ ਹਮਲੇ ਦੀ ਕੋਸ਼ਿਸ਼
ਸਰੀ ਵਿਚ ਗੈਰ-ਮੁਨਾਫਾ ਤੇ ਇੰਟਰ ਕਲਚਰਲ ਕਮਿਊਨਿਟੀ ਸੇਵਾਵਾਂ ਲਈ ਪ੍ਰਸਿੱਧ ਸੰਸਥਾ ‘ਪਿਕਸ’ ਦੇ ਸੀਈਓ ਸਤਬੀਰ ਸਿੰਘ ਚੀਮਾ ਉਪਰ ਇਕ ਨਕਾਬਪੋਸ਼ ਵਿਅਕਤੀ ਵਲੋਂ ਹਮਲਾ ਕਰਨ ਅਤੇ ਖਤਰਨਾਕ ਸਪਰੇੇਅ ਨਾਲ ਜਿਸਮਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਨਿੰਦਾਜਨਕ ਘਟਨਾ ਸਾਹਮਣੇ ਆਈ ਹੈ। ਚੀਮਾ ਉਪਰ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਛੁੱਟੀ ਕਰ ਕੇ 127 ਸਟਰੀਟ ਤੇ 80 ਐਵਨਿਊ ਉਪਰ ਸਥਿਤ ਪਿਕਸ ਦੇ ਦਫਤਰ ’ਚੋਂ ਬਾਹਰ ਨਿਕਲ ਰਹੇ ਸਨ।
ਪੁਲੀਸ ਵਲੋਂ ਇਸ ਹਮਲੇ ਦੀ ਘਟਨਾ ਸਬੰਧੀ ਪ੍ਰਾਪਤ ਵੀਡੀਓ ਤੋਂ ਹਮਲਾਵਰਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿਚ ਸਾਫ ਦਿਖਾਈ ਦਿੰਦਾ ਹੈ ਕਿ ਜਦੋਂ ਚੀਮਾ ਆਪਣੇ ਦਫਤਰ ’ਚੋ ਨਿਕਲ ਕੇ ਸਾਹਮਣੇ ਪਾਰਕਿੰਗ ਲਾਟ ਵਿਚ ਆਪਣੀ ਕਾਰ ਦਾ ਡਰਾਈਵਿੰਗ ਡੋਰ ਖੋਹਲ ਰਹੇ ਸਨ ਤਾਂ ਪਾਰਕਿੰਗ ਦੇ ਦੂਸਰੇ ਪਾਸੇ ਤੋਂ ਇਕ ਚਿੱਟੇ ਰੰਗ ਦਾ ਡੌਜ ਟਰੱਕ ਉਨ੍ਹਾਂ ਦੀ ਕਾਰ ਅੱਗੇ ਆ ਕੇ ਰਸਤਾ ਰੋਕਦਾ ਹੈ।
ਇਸ ਦੌਰਾਨ ਡੌਜ ਟਰੱਕ ’ਚੋਂ ਇਕ ਨਕਾਬਪੋਸ਼ ਵਿਅਕਤੀ ਨਿਕਲਦਾ ਹੈ ਤੇ ਕੁਝ ਬੋਲਦਾ ਹੋਇਆ ਉਨ੍ਹਾਂ ਵੱਲ ਵਧਦਾ ਹੈ। ਨਕਾਬਪੋਸ਼ ਤੇ ਸ਼ੱਕੀ ਵਿਅਕਤੀ ਨੂੰ ਵੇਖਦਿਆਂ ਉਹ ਆਪਣੀ ਕਾਰ ਦੇ ਉਹਲੇ ਹੋਣ ਦਾ ਯਤਨ ਕਰਦੇ ਹਨ ਕਿ ਹਮਲਾਵਰ ਹੱਥ ਵਿਚ ਫੜੀ ਸਪਰੇਅ ਉਨ੍ਹਾਂ ਉਪਰ ਜ਼ੋਰਦਾਰ ਢੰਗ ਨਾਲ ਸੁੱਟਣ ਦੀ ਕੋਸ਼ਿਸ਼ ਕਰਦਾ ਹੈ।
ਪਿਕਸ ਅਤੇ ਇਸ ਦੇ ਸੀਈਓ ਵਲੋਂ ਪੁਲੀਸ ਨੂੰ ਇਸ ਘਟਨਾ ਦੀ ਸ਼ਿਕਾਇਤ ਕਰਨ ਉਪਰੰਤ ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਇਸ ਘਟਨਾ ਨੂੰ ਸ਼ੱਕੀ ਵਿਅਕਤੀਆਂ ਵਲੋਂ ਹਮਲਾ ਕਰਾਰ ਦਿੱਤਾ ਹੈ।
ਇਸੇ ਦੌਰਾਨ ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ ਨੇ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਦਫਤਰ ਵਿਚ ਸ਼ਾਮ ਨੂੰ ਕੰਮ ਤੋਂ ਛੁੱਟੀ ਕਰ ਕੇ ਆਪਣੀ ਕਾਰ ਵਿਚ ਬੈਠਣ ਲੱਗੇ ਸਨ ਤਾਂ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਨਕਾਬ ਪਹਿਨੇ ਹੋਏ ਸਨ। ਜਦੋਂ ਉਕਤ ਟਰੱਕ ਉਨ੍ਹਾਂ ਦੀ ਕਾਰ ਅੱਗੇ ਆ ਕੇ ਰੁਕਿਆ ਤਾਂ ਇਕ ਹਮਲਾਵਰ ਨੇ ਉਸ ਨੂੰ ਕੋਲ ਆ ਕੇ ਗੱਲ ਸੁਣਨ ਲਈ ਕਿਹਾ।
ਪਰ ਹਮਲਾਵਰ ਦੇ ਨਕਾਬ ਪਾਇਆ ਹੋਣ ਕਰਕੇ ਉਹ ਚੌਕੰਨੇ ਹੋ ਗਏ ਤੇ ਭਾਂਪ ਗਏ ਕਿ ਨਕਾਬਪੋਸ਼ ਕਿਸੇ ਬਦਨੀਤੀ ਨਾਲ ਉਨ੍ਹਾਂ ਵੱਲ ਵਧ ਰਿਹਾ ਹੈ। ਉਹ ਬਚਾਅ ਦੀ ਕੋਸ਼ਿਸ਼ ਵਜੋਂ ਆਪਣੀ ਕਾਰ ਦੇ ਦੂਸਰੇ ਪਾਸੇ ਖਿਸਕ ਗਏ ਪਰ ਇਸ ਦੌਰਾਨ ਹੀ ਹਮਲਾਵਰ ਨੇ ਉਨ੍ਹਾਂ ਉਪਰ ਸਪਰੇਅ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਦੌੜ ਕੇ ਹਮਲਾਵਰ ਤੋਂ ਕੁਝ ਕਦਮ ਦੂਰ ਚਲੇ ਗਏ। ਫਿਰ ਹਮਲਾਵਰ ਸਟਾਰਟ ਖੜ੍ਹੇ ਟਰੱਕ ਵਿਚ ਬੈਠ ਕੇ ਖਿਸਕ ਗਿਆ।
ਉਨ੍ਹਾਂ ਆਪਣੇ ਉਪਰ ਹੋਏ ਇਸ ਹਮਲੇ ਵਿਚ ਆਪਣੇ ਵੱਲੋਂ ਪਿਕਸ ਦੇ ਸੀਈਓ ਵਜੋਂ ਬਿਹਤਰੀਨ ਸੇਵਾਵਾਂ ਨਿਭਾਏ ਜਾਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਕੁਝ ਲੋਕਾਂ ਦਾ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲੀਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪੁਲੀਸ ਹਮਲਾਵਰਾਂ ਦੀ ਪਛਾਣ ਕਰ ਲਵੇਗੀ।
ਗ਼ੌਰਤਲਬ ਹੈ ਕਿ ਸਤਬੀਰ ਸਿੰਘ ਚੀਮਾ ਪਿਛਲੇ ਲੰਬੇ ਸਮੇਂ ਤੋਂ ਪਿਕਸ ਵਿਚ ਸੇਵਾਵਾਂ ਨਿਭਾਉਂਦੇ ਆ ਰਹੇ। ਪਿਕਸ ਦੀ ਸਭ ਤੋਂ ਸਿਖਰਲੀ ਸੀਈਓ ਦੀ ਪੋਸਟ ਉਪਰ ਪੁੱਜਣ ਉਪਰੰਤ ਸੰਸਥਾ ਨੂੰ ਹਰ ਪੱਖੋਂ ਅੱਗੇ ਲਿਜਾਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਬੀਸੀ ਸਰਕਾਰ ਅਤੇ ਦਾਨੀਆਂ ਦੀ ਸਹਾਇਤਾ ਨਾਲ ਬਜ਼ੁਰਗਾਂ ਦੀ ਸਾਂਭ-ਸੰਭਾਲ ਲਈ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਨਾਮ ਦਾ ਵੱਡਾ ਪ੍ਰਾਜੈਕਟ ਬਣਨ ਜਾ ਰਿਹਾ ਹੈ। ਕੁਝ ਲੋਕਾਂ ਵਲੋਂ ਉਨ੍ਹਾਂ ਉਪਰ ਸੰਸਥਾ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਖਿਲਾਫ ਉਨ੍ਹਾਂ ਮਾਣਹਾਨੀ ਦਾ ਮੁਕੱਦਮਾ ਕੀਤਾ ਹੋਇਆ ਹੈ।