ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਐਡਮਿੰਟਨ ਵਿਚ ਪੋਸਤ ਦੀ ਗ਼ੈਰਕਾਨੂੰਨੀ ਖੇਤੀ ਕਰਦੇ ਚਾਰ ਪੰਜਾਬੀ ਕਾਬੂ

ਪੋਸਤ ਦੇ ਡੋਡਿਆਂ ਦੀ ਭੁੱਕੀ ਬਣਾ ਕੇ ਅਮਲੀਆਂ ਨੂੰ ਵੇਚਦੇ ਸੀ, ਪੋਸਤ ਦੇ 60 ਹਜ਼ਾਰ ਬੂਟੇ ਜ਼ਬਤ
ਐਡਮਿੰਟਨ ਪੁਲੀਸ ਵੱਲੋਂ ਜਾਰੀ ਕੀਤੀ ਗਈ ਪੋਸਤ ਦੀ ਗੈਰਕਨੂੰਨੀ ਖੇਤੀ ਦੀ ਫੋਟੋ
Advertisement

ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਦੇ ਉੱਤਰੀ ਪਾਸੇ ਪੋਸਤ ਦੀ ਖੇਤੀ ਕਰਦੇ ਚਾਰ ਪੰਜਾਬੀਆਂ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ ਖੇਤਾਂ ’ਚੋਂ ਪੋਸਤ ਦੇ ਪਲੇ ਹੋਏ 60 ਹਜ਼ਾਰ ਬੂਟੇ ਵੀ ਜ਼ਬਤ ਕੀਤੇ ਹਨ।

ਇਹ ਪੂਰਾ ਮਾਮਲਾ ਉਦੋਂ ਪੁਲੀਸ ਦੇ ਧਿਆਨ ਵਿੱਚ ਆਇਆ, ਜਦੋਂ ਬੂਟਿਆਂ ਨੂੰ ਫੁੱਲ ਲੱਗਣ ਤੋਂ ਬਾਅਦ ਉਨ੍ਹਾਂ ਦੇ ਡੋਡੇ ਬਣਨ ਲੱਗੇ। ਪੁਲੀਸ ਨੇ ਫਾਰਮ ਹਾਊਸ ਦੀ ਤਲਾਸ਼ੀ ਲਈ ਤਾਂ ਉਥੋਂ ਡੋਡੇ ਪੀਸ ਕੇ ਬਣਾਈ ਭੁੱਕੀ ਅਤੇ ਖਸਖਸ ਦੀਆਂ ਪੁੜੀਆਂ ਵੱਡੀ ਮਾਤਰਾ ਵਿੱਚ ਮਿਲੀਆਂ।

Advertisement

ਪੁਲੀਸ ਨੇ ਸੁਖਦੀਪ ਧਨੋਆ (42), ਸੰਦੀਪ ਦੰਦੀਵਾਲ (33), ਗੁਰਪ੍ਰੀਤ ਸਿੰਘ (30) ਅਤੇ ਕੁਲਵਿੰਦਰ ਸਿੰਘ (40) ਖਿਲਾਫ਼ ਨਸ਼ਾ ਵਿਰੋਧੀ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।

ਐਡਮਿੰਟਨ ਪੁਲੀਸ ਦੇ ਡਰੱਗ ਐਂਡ ਗੈਂਗ ਐਨਫੋਰਸਮੈਂਟ ਟੀਮ ਦੇ ਬੁਲਾਰੇ ਸਾਰਜੈਂਟ ਮਾਰਕੋਂ ਐਂਟੋਨੀਓ ਨੇ ਦੱਸਿਆ ਕਿ ਸ਼ਹਿਰ ਦੇ ਉੱਤਰ ਪੂਰਬੀ ਖੇਤਰ ’ਚ 195 ਐਵੇਨਿਊ ਅਤੇ 34 ਸਟਰੀਟ ਸਥਿਤ ਫਾਰਮ ਹਾਊਸ ਵਿੱਚ ਨਸ਼ੇ ਵਾਲੇ ਪਾਬੰਦੀਸ਼ੁਦਾ ਬੂਟਿਆਂ ਦੀ ਖੇਤੀ ਬਾਰੇ ਪਤਾ ਲੱਗਾ ਤਾਂ ਉਸ ’ਤੇ ਨਿਗ੍ਹਾ ਰੱਖੀ ਗਈ।

ਇਹ ਸਬੂਤ ਵੀ ਇਕੱਤਰ ਕਰ ਲਏ ਗਏ ਕਿ ਉਤਪਾਦਕਾਂ ਵਲੋਂ ਫਾਰਮ ਹਾਊਸ ਦੇ ਪਿਛਵਾੜੇ ਖੁੱਲ੍ਹੇ ਖੇਤਰ ਵਿੱਚ ਉਗਾਏ ਗਏ ਬੂਟੇ ਉਹ ਨਸ਼ੇੜੀਆਂ ਦੀ ਵਰਤੋਂ ਲਈ ਉਗਾਉਂਦੇ ਹਨ। ਅਦਾਲਤ ਤੋਂ ਵਰੰਟ ਲੈ ਕੇ ਜਦੋਂ ਉਨ੍ਹਾਂ ਦੇ ਫਾਰਮ ਦੀ ਤਲਾਸ਼ੀ ਕੀਤੀ ਗਈ ਤਾਂ ਉੱਥੋਂ ਵੱਡੀ ਮਾਤਰਾ ਵਿੱਚ ਭੁੱਕੀ ਅਤੇ ਬੀਜ (ਖਸਖਸ) ਦੀਆਂ ਪੁੜੀਆਂ ਮਿਲੀਆਂ, ਜੋ ਉਤਪਾਦਕਾਂ ਨੇ ਡੋਡੇ ਪੀਸਣ ਤੋਂ ਬਾਅਦ ਨਸ਼ੇੜੀਆਂ ਨੂੰ ਵੇਚਣ ਲਈ ਬਣਾਈਆਂ ਹੋਈਆਂ ਸੀ।

ਬੁਲਾਰੇ ਨੇ ਦੱਸਿਆ ਕਿ ਉਤਪਾਦਕਾਂ ਦੇ ਪੋਸਤ ਉਤਪਾਦਨ ਦੀ ਬਾਜ਼ਾਰੀ ਕੀਮਤ ਡੇਢ ਤੋਂ 5 ਲੱਖ ਦੱਸੀ ਜਾਂਦੀ ਹੈ। ਉਸ ਨੇ ਦੱਸਿਆ ਕਿ ਪੋਸਤ ਦੇ ਡੋਡਿਆਂ ਦੇ ਰਸ ਤੋਂ ਅਫੀਮ ਤੇ ਹੈਰੋਇਨ ਬਣਾਈ ਜਾਂਦੀ ਹੈ ਤੇ ਇਸ ਨੂੰ ਗੈਰਕਾਨੂੰਨੀ ਢੰਗ ਨਾਲ ਵੇਚਿਆ ਜਾਂਦਾ ਹੈ। ਬੁਲਾਰੇ ਨੇ ਦੱਸਿਆ ਕਿ ਕੈਨੇਡਾ ਵਿੱਚ ਪੋਸਤ ਦੀ ਨਜਾਇਜ਼ ਖੇਤੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 2011 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਚਿਲਾਵੈਕ ਵਿੱਚ ਇੰਜ ਦੀ ਖੇਤੀ ਕਰਦੇ ਲੋਕ ਫੜੇ ਗਏ ਸਨ।

Advertisement
Tags :
Canada NewsEdmintonਐਡਮਿੰਟਨ ’ਚ ਪੋਸਤ ਦੀ ਖੇਤੀਕੈਨੇਡਾ ਖ਼ਬਰਾਂਗੈਰਕਾਨੂੰਨੀ ਪੋਸਤ ਦੀ ਖੇਤੀਚਾਰ ਪੰਜਾਬੀ ਕਾਬੂਪੰਜਾਬੀ ਖ਼ਬਰਾਂ
Show comments