ਕੈਨੇਡਾ: ਸੜਕ ਹਾਦਸੇ ਵਿਚ ਸਾਬਕਾ ਐੱਮਐੱਲਏ ਦੇ ਪੁੱਤਰ ਦਾ ਦੇਹਾਂਤ
ਕੈਲਗਰੀ ਵਿਚ ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਸਾਬਕਾ ਐੱਮਐੱਲਏ ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸੜਕ ਹਾਦਸੇ ਵਿੱਚ ਇਕ ਮੋਟਰਸਾਈਕਲ ਦੀ ਕਾਰ ਨਾਲ ਹੋਈ ਟੱਕਰ ਵਿੱਚ 20 ਸਾਲਾ ਅਰਜਨ ਗਿੱਲ ਦੀ ਮੌਤ...
Advertisement
ਕੈਲਗਰੀ ਵਿਚ ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਸਾਬਕਾ ਐੱਮਐੱਲਏ ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸੜਕ ਹਾਦਸੇ ਵਿੱਚ ਇਕ ਮੋਟਰਸਾਈਕਲ ਦੀ ਕਾਰ ਨਾਲ ਹੋਈ ਟੱਕਰ ਵਿੱਚ 20 ਸਾਲਾ ਅਰਜਨ ਗਿੱਲ ਦੀ ਮੌਤ ਹੋ ਗਈ I ਕੈਲਗਰੀ ਪੁਲੀਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਹਾਲਾਂਕਿ ਮ੍ਰਿਤਕ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ ਹੈ।
ਪੁਲੀਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਐਤਵਾਰ ਰਾਤ ਨਾਰਥ ਵੈਸਟ ਕੈਲਗਰੀ ਵਿਚ ਹੋਇਆ। ਕੈਲਗਰੀ ਟਰੈਫ਼ਿਕ ਪੁਲੀਸ ਦੇ ਸਾਰਜੈਂਟ ਸ਼ੀਨ ਸ਼ਰਮਨ ਨੇ ਦੱਸਿਆ ਕਿ ਅਰਜਨ ਗਿੱਲ ਆਪਣੇ ਮੋਟਰਸਾਈਕਲ ’ਤੇ 16 ਐਵਿਨਿਊ ਤੋਂ ਪੱਛਮ ਵੱਲ ਜਾ ਰਿਹਾ ਸੀ, ਜਦੋਂ ਕਿ ਦੱਖਣ ਵੱਲੋਂ ਆ ਰਹੀ ਐੱਸਯੂਵੀ ਨੇ ਇਕ ਚੌਕ ’ਚ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਅਰਜਨ ਗਿੱਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਐੱਸਯੂਵੀ ਦਾ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ’ਤੇ ਹੀ ਰਿਹਾ ਅਤੇ ਪੁਲੀਸ ਵੱਲੋਂ ਕੀਤੀ ਪੁੱਛਗਿੱਛ ਵਿਚ ਉਸ ਨੇ ਸਹਿਯੋਗ ਦਿੱਤਾ।
ਪੁਲੀਸ ਦਾ ਮੰਨਣਾ ਹੈ ਕਿ ਮੋਟਰਸਾਈਕਲ ਸਵਾਰ ਬਹੁਤ ਤੇਜ਼ ਸੀ ਜੋ ਹਾਦਸੇ ਦਾ ਇੱਕ ਕਾਰਨ ਹੋ ਸਕਦਾ ਹੈ। ਕੈਲਗਰੀ ਪੁਲੀਸ ਵੱਲੋਂ ਇਸ ਸੜਕ ਹਾਦਸੇ ਬਾਰੇ ਕੋਈ ਵੀ ਜਾਣਕਾਰੀ ਜਾਂ ਵੀਡੀਓ ਫੁਟੇਜ ਹੋਣ ’ਤੇ ਪੁਲੀਸ ਨਾਲ 403-266-1234 ਰਾਹੀਂ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪੰਜਾਬੀ ਮੂਲ ਦੇ ਪ੍ਰਭ ਗਿੱਲ ਜ਼ਿਮਨੀ ਚੋਣ ਵਿੱਚ ਕੈਲਗਰੀ ਗ੍ਰੀਨ ਵੇ ਰਾਈਡਿੰਗ ਤੋਂ ਐੱਮਐੱਲਏ ਚੁਣੇ ਗਏ ਸਨ। 2018 ਦੌਰਾਨ ਇਕ ਵਿਵਾਦ ਦੇ ਚਲਦਿਆਂ ਗਿੱਲ ਨੇ ਆਪਣੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪੰਜਾਬੀ ਭਾਈਚਾਰੇ ਵੱਲੋਂ ਪ੍ਰਭ ਗਿੱਲ ਨਾਲ ਪੁੱਤਰ ਦੇ ਦੇਹਾਂਤ ’ਤੇ ਅਫ਼ਸੋਸ ਜ਼ਾਹਰ ਕੀਤਾ ਜਾ ਰਿਹਾ ਹੈ।
Advertisement