ਕੈਨੇਡਾ: ਘਰ ਨੂੰ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋਈ
ਬਰੈਂਪਟਨ ਵਿੱਚ ਵੀਰਵਾਰ ਨੂੰ ਇਕ ਘਰ ਵਿਚ ਲੱਗੀ ਅੱਗ ’ਚ ਸੜ ਕੇ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਜਾਨ ਬਚਾਉਣ ਲਈ ਦੂਜੀ ਮੰਜ਼ਲ ਤੋਂ ਛਾਲ ਮਾਰਨ ਕਰਕੇ ਜ਼ਖ਼ਮੀ ਹੋਈ ਗਰਭਵਤੀ ਔਰਤ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ।
ਪਰਿਵਾਰ ਦਾ ਮੁਖੀ ਜੁਗਰਾਜ ਸਿੰਘ ਅੱਜ ਸਾਹਮਣੇ ਆਇਆ ਤੇ ਦੱਸਿਆ ਕਿ ਅੱਗ ਲੱਗਣ ਮੌਕੇ ਉਹ ਘਰ ਵਿੱਚ ਨਹੀਂ ਸੀ। ਉਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਉਸ ਦੀ ਸੱਸ, ਸਾਲੀ, ਸਾਲੀ ਦੀ ਦੋ ਸਾਲ ਦੀ ਬੇਟੀ, ਉਸ ਦੀ ਪਤਨੀ ਦਾ ਮਸੇਰਾ ਭਰਾ ਅਤੇ ਉਸ ਦਾ ਆਪਣਾ ਅਣਜੰਮਿਆ ਬੱਚਾ ਸ਼ਾਮਲ ਹਨ। ਉਸ ਨੇ ਖਦਸ਼ਾ ਪ੍ਰਗਟਾਇਆ ਕਿ ਜੇਕਰ ਉਹ ਘਰ ਵਿੱਚ ਮੌਜੂਦ ਹੁੰਦਾ ਤਾਂ ਸ਼ਾਇਦ ਉਹ ਮਰਨ ਵਾਲਿਆਂ ਨੂੰ ਬਚਾ ਲੈਂਦਾ ਜਾਂ ਖੁਦ ਵੀ ਖਤਮ ਹੋ ਗਿਆ ਹੁੰਦਾ।
ਉਸ ਨੇ ਦੱਸਿਆ ਕਿ ਉਸ ਦੇ ਹੱਸਦੇ ਵੱਸਦੇ ਪਰਿਵਾਰ ਦੇ ਪੱਲੇ ਕੁਝ ਵੀ ਨਹੀਂ ਬਚਿਆ। ਉਨ੍ਹਾਂ ਦੇ ਸਾਰੇ ਕਾਗਜ਼, ਜਿਨ੍ਹਾਂ ਵਿੱਚ ਪਾਸਪੋਰਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ, ਸੜ ਗਏ ਹਨ। ਉਸ ਨੇ ਦੱਸਿਆ ਕਿ ਫੰਡ ਇਕੱਤਰ ਕਰਕੇ ਉਹ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਜਾਣ ਲਈ ਯਤਨ ਕਰਨਗੇ।
ਉਸ ਨੇ ਅੱਗ ਲੱਗਣ ਦੇ ਸੰਭਾਵੀ ਕਾਰਨ ਅਤੇ ਘਰ ਦੇ ਮਾਲਕ ਬਾਰੇ ਕੁਝ ਵੀ ਕਹਿਣ ਤੋਂ ਪੂਰੀ ਤਰਾਂ ਟਾਲਾ ਵੱਟਿਆ। ਹਸਪਤਾਲ ਵਿੱਚ ਦਾਖਲ 5 ਸਾਲ ਦੇ ਬੱਚੇ ਸਮੇਤ ਦੋ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ।
