ਬਜ਼ੁਰਗਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਸੱਦਾ
ਓਸ਼ਾਵਾ: ਕੈਨੇਡਾ ਦੇ ਓਸ਼ਾਵਾ ਸ਼ਹਿਰ ਦੇ ਪ੍ਰਸਿੱਧ ਸਟੀਪਲਚੇਸ ਪਾਰਕ ਵਿੱਚ ਭਾਰਤੀ ਪੰਜਾਬੀਆਂ ਨੇ ਵਿਸ਼ਵ ਬਜ਼ੁਰਗ ਦਿਵਸ ਬੜੀ ਸ਼ਰਧਾ ਤੇ ਆਦਰ ਨਾਲ ਮਨਾਇਆ। ਸਮਾਰੋਹ ਵਿੱਚ ਬਜ਼ੁਰਗਾਂ ਨੇ ਕੇਕ ਵੀ ਕੱਟਿਆ।
ਇਸ ਮੌਕੇ ਲੈਕਚਰਾਰ ਸੰਤੋਖ ਸਿੰਘ (ਗੁਰਦਾਸਪੁਰ) ਨੇ ਕਿਹਾ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਬਜ਼ੁਰਗ ਸਾਡੇ ਪਰਿਵਾਰ ਅਤੇ ਸਮਾਜ ਦੀ ਨੀਂਹ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਮਿਹਨਤ, ਕੁਰਬਾਨੀ ਅਤੇ ਪਰਿਵਾਰ ਲਈ ਸਮਰਪਿਤ ਕੀਤੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਬਜ਼ੁਰਗਾਂ ਦੇ ਜੀਵਨ ਅਨੁਭਵ ਤੋਂ ਸਿੱਖੇ ਅਤੇ ਉਨ੍ਹਾਂ ਦੀ ਸੇਵਾ ਤੇ ਸੰਭਾਲ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੇ।
ਇਸ ਦਿਵਸ ਦਾ ਮਕਸਦ ਸਮਾਜ ਵਿੱਚ ਬਜ਼ੁਰਗਾਂ ਦੀਆਂ ਕੁਰਬਾਨੀਆਂ, ਅਨੁਭਵ ਅਤੇ ਯੋਗਦਾਨ ਨੂੰ ਯਾਦ ਕਰਨਾ ਹੈ ਅਤੇ ਉਨ੍ਹਾਂ ਲਈ ਆਦਰ, ਪਿਆਰ ਤੇ ਸੰਭਾਲ ਦੀ ਭਾਵਨਾ ਪੈਦਾ ਕਰਨਾ ਹੈ। ਇਸ ਮੌਕੇ ਬਜ਼ੁਰਗਾਂ ਨੂੰ ਸਿਹਤਮੰਦ ਜੀਵਨ, ਕਸਰਤ ਅਤੇ ਸੰਤੁਲਿਤ ਖੁਰਾਕ ਲੈ ਕੇ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਲਈ ਅਪੀਲ ਕੀਤੀ ਗਈ। ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਇਸ ਤਰ੍ਹਾਂ ਦੀ ਇਕੱਤਰਤਾ ਹਰ ਸਾਲ ਕਰਵਾਈ ਜਾਇਆ ਕਰੇਗੀ। ਇਸ ਮੌਕੇ ਕੁਲਦੀਪ ਸਿੰਘ (ਧਨੌਰ), ਕਰਮਜੀਤ ਸਿੰਘ (ਜਗਰਾਓਂ), ਬਲਦੇਵ ਸਿੰਘ (ਹੁਸ਼ਿਆਰਪੁਰ), ਪਰਵੀਨ ਕੁਮਾਰ (ਅੰਬਾਲਾ), ਸਤਿੰਦਰ ਕੁਮਾਰ (ਰਮਦਾਸ) ਅਤੇ ਇੰਦਰਜੀਤ ਸਿੰਘ (ਲੁਧਿਆਣਾ) ਆਦਿ ਸ਼ਾਮਲ ਸਨ।
ਸੰਪਰਕ: 9417427656