ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਤੀਆਂ ਮਨਾਈਆਂ
ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਵੱਲੋਂ ਪ੍ਰੇਰੀਵਿੰਡ ਪਾਰਕ ਵਿਖੇ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ।
ਇਸ ਦਿਨ ਸਾਰੀਆਂ ਭੈਣਾਂ ਬੜੇ ਚਾਅ ਨਾਲ ਪਾਰਕ ਵਿੱਚ ਪਹੁੰਚੀਆਂ। ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਸਾਰੀਆਂ ਭੈਣਾਂ ਨੂੰ ਜੀ ਆਇਆਂ ਕਹਿਣ ਉਪਰੰਤ, ਤੀਆਂ ਦੇ ਤਿਉਹਾਰ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੱਤੀ।
ਸਭਾ ਦੇ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੇ ਤੀਆਂ ਨੂੰ ਧੀਆਂ ਦਾ ਤਿਉਹਾਰ ਦੱਸਦਿਆਂ ਹੋਇਆਂ ਕਿਹਾ ਕਿ ਦੂਰ ਦੁਰਾਡੇ ਵਿਆਹੀਆਂ ਕੁੜੀਆਂ ਇਸ ਮਹੀਨੇ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਅਤੇ ਦੁੱਖ ਸੁੱਖ ਸਾਂਝੇ ਕਰਦੀਆਂ ਸਨ। ਇਸ ਤੋਂ ਬਾਅਦ ਸਾਰੀਆਂ ਭੈਣਾਂ ਨੇ ਗਿੱਧੇ ਦੀਆਂ ਖ਼ੂਬ ਧਮਾਲਾਂ ਪਾਈਆਂ। ਇੱਕ ਦੂਜੀ ਤੋਂ ਵਧ ਚੜ੍ਹ ਕੇ ਬੋਲੀਆਂ ਪਾਈਆਂ ਅਤੇ ਲੰਮੀ ਹੇਕ ਦੇ ਗੀਤ ਵੀ ਗਾਏ।
ਸਭਾ ਲਈ ਇਹ ਦਿਨ ਹੋਰ ਵੀ ਸੁਭਾਗਾ ਰਿਹਾ, ਜਦੋਂ ਗਲੋਬਲ ਕੈਂਸਰ ਕੇਅਰ ਦੇ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਆਪਣੇ ਵਿਚਾਰ ਭੈਣਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ‘ਧੀਆਂ ਨੂੰ ਪੱਥਰ ਕਹਿ ਕੇ ਤ੍ਰਿਸਕਾਰ ਨਾ ਕਰੋ ਅਤੇ ਨੂੰਹਾਂ ਦਾ ਵੀ ਸਤਿਕਾਰ ਕਰੋ ਕਿਉਂਕਿ ਉਹ ਤੁਹਾਡੇ ਕੁੱਲ ਦੀਆਂ ਵਾਰਸ ਹਨ।’ ਉਹ ਕੈਂਸਰ ਪੀੜਤ ਔਰਤਾਂ ਨਾਲ ਬਿਤਾਏ ਪਲਾਂ ਨੂੰ ਸਾਂਝਾ ਕਰਦਿਆਂ ਭਾਵੁਕ ਵੀ ਹੋਏ। ਉਨ੍ਹਾਂ ਨੇ ਆਪਣੇ ਖ਼ੁਸ਼ ਅਤੇ ਸਫਲ ਪਰਿਵਾਰਕ ਜੀਵਨ ਦੇ ਤਜਰਬੇ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਆਪਣੇ ਦਾਨ ਦੀ ਦਸ਼ਾ ਅਤੇ ਦਿਸ਼ਾ ਬਦਲੋ। ਜਲੇਬੀਆਂ, ਪੀਜਿਆਂ ਦੇ ਲੰਗਰ ਦੀ ਥਾਂ ’ਤੇ ਸਾਦੀ ਖੁਰਾਕ ਰੱਖੋ ਅਤੇ ਵਿਆਹਾਂ ’ਤੇ ਖ਼ਰਚਾ ਨਾ ਕਰੋ। ਉਨ੍ਹਾਂ ਨੇ ਆਨੰਦਪੁਰ ਸਾਹਿਬ ਵਿਖੇ ਖੁੱਲ੍ਹ ਰਹੇ ਕੈਂਸਰ ਸੈਂਟਰ ਬਾਰੇ ਮਦਦ ਕਰਨ ਲਈ ਅਪੀਲ ਵੀ ਕੀਤੀ।