ਭਾਰਤੀ ਮਹਿਲਾ ਨਾਲ ਜਬਰ ਜਨਾਹ ਦੀ ਬਰਤਾਨਵੀ ਸੰਸਦ ਮੈਂਬਰ ਪ੍ਰੀਤ ਕੌਰ ਵੱਲੋਂ ਨਿਖੇਧੀ
ਬਰਤਾਨੀਆ ਦੀ ਸਿੱਖ ਸੰਸਦ ਮੈਂਬਰੀ ਪ੍ਰੀਤ ਕੌਰ ਨੇ ਇਕ ਸਿੱਖ ਮਹਿਲਾ ਨਾਲ ਜਬਰ ਜਨਾਹ ਕੀਤੇ ਜਾਣ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਵੈਸਟ ਮਿਡਲੈਂਡਜ਼ ਪੁਲੀਸ ਨੇ ਕਿਹਾ ਕਿ ਉਹ ਇਸ ਹਮਲੇ ਨੂੰ ਨਸਲੀ ਅਪਰਾਧ ਮੰਨ ਕੇ ਜਾਂਚ ਕਰ ਰਹੀ ਹੈ।
ਪ੍ਰੀਤ ਕੌਰ ਗਿੱਲ ਨੇ ਮੰਗਲਵਾਰ ਨੂੰ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਓਲਡਬਰੀ ਵਿਚ ਇਸ ਡਰਾਉਣੇ ਹਮਲੇ ਬਾਰੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, ‘‘ਓਲਡਬਰੀ ਵਿਚ ਇਕ ਸਿੱਖ ਮਹਿਲਾ ਉੱਤੇ ਹੋਏ ਡਰਾਉਣੇ ਹਮਲੇ ਤੋਂ ਮੈਨੂੰ ਬੇਹੱਦ ਦੁੱਖ ਹੋਇਆ ਹੈ। ਇਹ ਬਹੁਤ ਹਿੰਸਕ ਕਾਰਵਾਈ ਹੈ, ਪਰ ਇਸ ਨੂੰ ਨਸਲੀ ਵਿਤਕਰੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਅਪਰਾਧੀਆਂ ਨੇ ਕਥਿਤ ਤੌਰ ’ਤੇ ਉਸ ਨੂੰ ਕਿਹਾ ਸੀ ਕਿ ‘ਉਹ ਇਥੋਂ ਦੀ ਨਹੀਂ ਹੈ।’’
ਗਿੱਲ ਨੇ ਕਿਹਾ, ‘‘ਉਹ ਇੱਥੋਂ ਦੀ ਹੈ। ਸਾਡੇ ਸਿੱਖ ਭਾਈਚਾਰੇ ਤੇ ਹਰੇਕ ਭਾਈਚਾਰੇ ਨੂੰ ਸੁਰੱਖਿਅਤ ਤੇ ਸਨਮਾਨਿਤ ਮਹਿਸੂਸ ਕੀਤੇ ਜਾਣ ਦਾ ਅਧਿਕਾਰ ਹੈ। ਓਲਡਬਰੀ ਜਾਂ ਬਰਤਾਨੀਆ ਵਿਚ ਕਿਤੇ ਵੀ ਨਸਲਵਾਦ ਤੇ ਔਰਤਾਂ ਖਿਲਾਫ਼ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਮੇਰੀਆਂ ਸੰਵੇਦਨਾਵਾਂ ਪੀੜਤਾ, ਉਸ ਦੇ ਪਰਿਵਾਰ ਤੇ ਸਿੱਖ ਭਾਈਚਾਰੇ ਨਾਲ ਹਨ।’’
ਬਰਮਿੰਘਮ ਐਜਬੈਸਟਨ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਹ ਡਰੇ ਹੋਏ ਹਨ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਓਲਡਬਰੀ ਦੇ ਟੇਮ ਰੋਡ ’ਤੇ ਇੱਕ 20 ਸਾਲਾ ਔਰਤ ਨਾਲ ਜਿਨਸੀ ਸ਼ੋਸ਼ਣ ਹੋਣ ਦੀ ਜਾਣਕਾਰੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਦੋ ਗੋਰਿਆਂ ਨੇ ਔਰਤ ਨੂੰ ਪ੍ਰੇਸ਼ਾਨ ਕੀਤਾ ਅਤੇ ਉਸ ’ਤੇ ‘ਨਸਲੀ ਟਿੱਪਣੀਆਂ’ ਕੀਤੀਆਂ। ਵੈਸਟ ਮਿਡਲੈਂਡਜ਼ ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ, ‘ਇੱਕ ਔਰਤ ਨੇ ਸਾਨੂੰ ਦੱਸਿਆ ਹੈ ਕਿ ਓਲਡਬਰੀ ਵਿੱਚ ਉਸ ਨਾਲ ਬਲਾਤਕਾਰ ਹੋਇਆ ਹੈ, ਜਿਸ ਨੂੰ ਅਸੀਂ ਨਸਲੀ ਹਮਲੇ ਵਜੋਂ ਦੇਖ ਰਹੇ ਹਾਂ ਅਤੇ ਘਟਨਾ ਦੀ ਜਾਂਚ ਕਰ ਰਹੇ ਹਾਂ।’’