ਸਿੱਖ ਵਿਗਿਆਨੀਆਂ ਬਾਰੇ ਪੁਸਤਕ ਰਿਲੀਜ਼
ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਇਕੱਤਰਤਾ ਵਿੱਚ ਡਾ. ਸੁਰਜੀਤ ਸਿੰਘ ਭੱਟੀ ਦੀ ਪੁਸਤਕ ‘ਸਮ ਪ੍ਰੌਮੀਨੈਂਟ ਸਿੱਖ ਸਾਇੰਟਿਸਟ’ ਇੱਥੇ ਕੋਸੋ ਹਾਲ ਵਿੱਸ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਡਾ. ਸੁਰਜੀਤ ਸਿੰਘ ਭੱਟੀ ਅਤੇ ਜਸਵਿੰਦਰ ਸਿੰਘ ਰੁਪਾਲ ਨੇ ਕੀਤੀ। ਡਾ. ਗੁਰਚਰਨ ਕੌਰ ਥਿੰਦ ਨੇ ਡਾ. ਭੱਟੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਦੇ ਜੰਮਪਲ ਡਾ. ਸੁਰਜੀਤ ਸਿੰਘ ਭੱਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਦੇ ਪਹਿਲੇ ਪ੍ਰੋਫੈਸਰ ਵਜੋਂ ਨਿਯੁਕਤ ਹੋਏ ਅਤੇ ਯੂਨੀਵਰਸਿਟੀ ਵਿੱਚ ‘ਅਪਲਾਈਡ ਫਿਜ਼ਿਕਸ’ ਦੇ ਨਵੇਂ ਵਿਭਾਗ ਦੀ ਨੀਂਹ ਇਨ੍ਹਾਂ ਨੇ ਹੀ ਰੱਖੀ। ਦੁਨੀਆ ਭਰ ਦੇ ਸਾਇੰਸ ਜਨਰਲਜ਼ ਵਿੱਚ ਡਾ. ਭੱਟੀ ਦੇ 100 ਤੋਂ ਉੱਪਰ ਪੇਪਰ ਛੱਪ ਚੁੱਕੇ ਹਨ ਅਤੇ ਦਰਜਨ ਕੁ ਵਿਦਿਆਰਥੀਆਂ ਨੂੰ ਪੀਐੱਚ.ਡੀ. ਦਾ ਖੋਜ ਕਾਰਜ ਕਰਵਾਇਆ।
ਜਸਵਿੰਦਰ ਸਿੰਘ ਰੁਪਾਲ ਨੇ ਇਸ ਕਿਤਾਬ ’ਤੇ ਪਰਚਾ ਪੇਸ਼ ਕੀਤਾ ਅਤੇ ਦੱਸਿਆ ਕਿ ਇਸ ਵਿੱਚ 14 ਸਿੱਖ ਵਿਗਿਆਨੀਆਂ ਦੀਆਂ ਜੀਵਨੀਆਂ ਹਨ ਜਿਨ੍ਹਾਂ ਨੇ ਖੇਤੀਬਾੜੀ, ਫਿਜ਼ਿਕਸ, ਕੈਮਿਸਟਰੀ, ਮੈਡੀਕਲ, ਫਾਰਮਾਸਿਊਟੀਕਲ ਅਤੇ ਟੈਕਨੋਲੌਜੀ ਦੇ ਖੇਤਰ ਵਿੱਚ ਨਵੀਆਂ ਖੋਜਾਂ ਕੀਤੀਆਂ ਅਤੇ ਮਾਣ ਸਨਮਾਨ ਪ੍ਰਾਪਤ ਕੀਤੇ। ਇਨ੍ਹਾਂ ਵਿੱਚੋਂ ਪ੍ਰੋ. ਪੂਰਨ ਸਿੰਘ, ਡਾ. ਖੇਮ ਸਿੰਘ ਗਿੱਲ, ਡਾ. ਨਰਿੰਦਰ ਸਿੰਘ ਕੰਪਾਨੀ, ਬਾਵਾ ਕਰਤਾਰ ਸਿੰਘ, ਡਾ. ਗੁਰਦੇਵ ਸਿੰਘ ਖੁਸ਼, ਡਾ. ਗੁਰਤੇਜ ਸਿੰਘ ਸੰਧੂ, ਇੰਜ. ਜਸਬੀਰ ਸਿੰਘ ਆਦਿ ਹਨ। ਡਾ. ਸੁਰਜੀਤ ਸਿੰਘ ਭੱਟੀ ਦੇ ਪੁੱਤਰ ਰਾਜਬੀਰ ਸਿੰਘ ਭੱਟੀ ਜੋ ਕਿ ਇਸ ਕਿਤਾਬ ਨੂੰ ਨੇਪਰੇ ਚੜ੍ਹਾਉਣ ਵਾਲਿਆਂ ਵਿੱਚੋਂ ਇੱਕ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ 2016-17 ਵਿੱਚ ਇਸ ਕਾਰਜ ਬਾਰੇ ਗੱਲ ਕੀਤੀ। ਉਨ੍ਹਾਂ ਦੀ ਭਾਵਨਾ ਸੀ ਕਿ ਡਾ. ਕੰਪਾਨੀ ਵੱਲੋਂ ਆਪਟੀਕਲ ਫਾਈਬਰ ਦੀ ਖੋਜ ਕਰਕੇ ਇੰਟਰਨੈੱਟ ਖੇਤਰ ਵਿੱਚ ਜੋ ਯੋਗਦਾਨ ਪਾਇਆ ਗਿਆ ਹੈ, ਬਾਰੇ ਕਿਸੇ ਨੂੰ ਨਹੀਂ ਪਤਾ ਕਿ ਇਹ ਖੋਜ ਸਿੱਖ ਵਿਗਿਆਨੀ ਨੇ ਕੀਤੀ ਹੈ, ਇਸ ਲਈ ਉਨ੍ਹਾਂ ਨੇ ਅਜਿਹੇ ਕਾਰਜਾਂ ਨੂੰ ਉਜਾਗਰ ਕਰਨ ਦਾ ਉਪਰਾਲਾ ਕੀਤਾ। ਡਾ. ਭੱਟੀ ਦੇ ਪੋਤੇ ਰਣਸ਼ੇਰ ਸਿੰਘ ਨੇ ਵੀ ਇਸ ਕਿਤਾਬ ਦੀ ਰਚਨਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਹਰਭਜਨ ਸਿੰਘ ਢਿੱਲੋਂ ਨੇ ਆਪਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਿਤਾਏ ਸਮੇਂ ਨੂੰ ਅਤੇ ਡਾ. ਭੱਟੀ ਹੁਰਾਂ ਨਾਲ ਸਾਂਝ ਨੂੰ ਯਾਦ ਕੀਤਾ। ਡਾ. ਸੁਖਵਿੰਦਰ ਸਿੰਘ ਥਿੰਦ ਨੇ ਪੀ.ਏ.ਯੂ. ਦੇ ਵਿਗਿਆਨੀਆਂ ਡਾ. ਖੇਮ ਸਿੰਘ ਗਿੱਲ ਅਤੇ ਡਾ. ਗੁਰਦੇਵ ਸਿੰਘ ‘ਖੁਸ਼’ ਨਾਲ ਯੂਨੀਵਰਸਿਟੀ ਵਿੱਚ ਬਿਤਾਏ ਸਮੇਂ ਨੂੰ ਯਾਦ ਕੀਤਾ।
ਡਾ. ਸੁਰਜੀਤ ਸਿੰਘ ਭੱਟੀ ਨੇ ਆਪਣੀ ਇਸ ਕਿਤਾਬ ਨੂੰ ਛਪਵਾਉਣ ਦੇ ਮਕਸਦ ਨੂੰ ਬਿਆਨ ਕਰਦਿਆਂ ਕਿਹਾ ਕਿ ਸੇਵਾ, ਸਾਹਿਤ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਿੱਖਾਂ ਦੀ ਵੱਡਮੁੱਲੀ ਦੇਣ ਹੈ। ਮੈਨੂੰ ਮਹਿਸੂਸ ਹੋਇਆ ਕਿ ਵਿਗਿਆਨ ਦੇ ਖੇਤਰ ਵਿੱਚ ਇਨ੍ਹਾਂ ਦੀ ਵੱਡਮੁੱਲੀ ਦੇਣ ਲੋਕ-ਚਰਚਾ ਦਾ ਹਿੱਸਾ ਨਹੀਂ ਬਣੀ। ਸੋ ਇਸ ਕੰਮ ਲਈ ਇਹ ਮੇਰਾ ਨਿਗੂਣਾ ਜਿਹਾ ਯਤਨ ਹੈ। ਉਪਰੰਤ ਸਾਰਿਆਂ ਦੀ ਹਾਜ਼ਰੀ ਵਿੱਚ ਕਿਤਾਬ ਰਿਲੀਜ਼ ਕੀਤੀ ਗਈ।
ਜਗਬੀਰ ਸਿੰਘ ਜੋ ਕਿ ਈ-ਦੀਵਾਨ ਸੁਸਾਇਟੀ ਦੇ ਸੰਸਥਾਪਕ ਹਨ, ਨੇ ਡਾ. ਸਾਹਿਬ ਨੂੰ ਵਧਾਈ ਦਿੰਦਿਆਂ ਈ-ਦੀਵਾਨ ਸੁੁਸਾਇਟੀ ਬਾਰੇ ਵੀ ਜਾਣਕਾਰੀ ਦਿੱਤੀ। ਗੁਰਦਿਆਲ ਸਿੰਘ ਖਹਿਰਾ ਨੇ ਡਾ. ਭੱਟੀ ਦੀ ਕਿਤਾਬ ਨੂੰ ਨਿਵੇਕਲੀ ਪਹਿਲ ਦੱਸਦਿਆਂ ਖਡੂਰ ਸਾਹਿਬ, ਅੰਮ੍ਰਿਤਸਰ ਵਿੱਚ ਸਿੱਖੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ। ਜਸਵੰਤ ਸਿੰਘ ਸੇਖੋਂ, ਸੁਖਮੰਦਰ ਸਿੰਘ, ਹਰਮਿੰਦਰ ਪਾਲ, ਮਨਮੋਹਨ ਸਿੰਘ ਬਾਠ, ਚਰਨਜੀਤ ਸਿੰਘ ਫੁੱਲ, ਸਰਦੂਲ ਸਿੰਘ ਲੱਖਾ, ਸਰਬਜੀਤ ਉੱਪਲ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਹੇਅਰ, ਸੰਦੀਪ ਰੂਹਵ, ਮਨਿੰਦਰ ਕੌਰ, ਹਰਜਿੰਦਰ ਕੌਰ ਬਦੇਸ਼ਾ, ਪ੍ਰੀਤ ਸਾਗਰ ਸਿੰਘ ਨੇ ਵੱਖ ਵੱਖ ਵਿਸ਼ਿਆਂ ’ਤੇ ਆਪਣੀਆਂ ਕਵਿਤਾਵਾਂ ਅਤੇ ਵਿਚਾਰ ਪੇਸ਼ ਕੀਤੇ। ਗੁਰਨਾਮ ਕੌਰ ਨੇ ਬਲਵਿੰਦਰ ਬਰਾੜ ਦੀ ਨਵੀਂ ਛਪੀ ਕਿਤਾਬ ‘ਉਹ ਵੇਲਾ ਯਾਦ ਕਰ’ ’ਤੇ ਚਰਚਾ ਕੀਤੀ।
ਸੰਪਰਕ: 403-402-9635
*ਕੈਲਗਰੀ ਲੇਖਕ ਸਭਾ