ਸਿਰ ਕਲਮ ਕੀਤੇ ਭਾਰਤੀ ਦਾ ਡੱਲਾਸ ਵਿਚ ਅੰਤਿਮ ਸੰਸਕਾਰ
ਭਾਰਤੀ ਮੂਲ ਦੇ ਮੋਟਲ ਮੈਨੇਜਰ ਚੰਦਰ ਮੌਲੀ ‘ਬੌਬ’ ਨਾਗਮਲੱਈਆ, ਜਿਸ ਦਾ ਇਸ ਹਫ਼ਤੇ ਦੇ ਸ਼ੁਰੂ ਵਿੱਚ ਪੁਰਾਣੀ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਡੱਲਾਸ ਵਿੱਚ ਸਿਰ ਕਲਮ ਕਰ ਦਿੱਤਾ ਗਿਆ ਸੀ, ਦਾ ਸ਼ਨਿੱਚਰਵਾਰ ਦੁਪਹਿਰੇ ਟੈਕਸਾਸ ਦੇ ਫਲਾਵਰ ਮਾਉਂਡ ਵਿੱਚ ਫਲਾਵਰ ਮਾਉਂਡ ਫੈਮਿਲੀ ਫਿਊਨਰਲ ਹੋਮ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ।
ਨਾਗਮਲੱਈਆ ਦੀ ਪਤਨੀ ਨਿਸ਼ਾ ਅਤੇ ਉਸ ਦੇ 18 ਸਾਲਾ ਪੁੱਤਰ ਗੌਰਵ, ਜੋ ਹਮਲੇ ਦਾ ਗਵਾਹ ਸੀ, ਦੀ ਸਹਾਇਤਾ ਲਈ ਸ਼ੁਰੂ ਕੀਤੇ ਗਏ ਫੰਡਰੇਜ਼ਰ ਤਹਿਤ ਅੰਤਿਮ ਸੰਸਕਾਰ ਦੇ ਖਰਚਿਆਂ ਅਤੇ ਗੌਰਵ ਦੇ ਕਾਲਜ ਦੀ ਪੜ੍ਹਾਈ ਵਿੱਚ ਸਹਾਇਤਾ ਲਈ 257,324 ਅਮਰੀਕੀ ਡਾਲਰ ਤੋਂ ਵੱਧ ਇਕੱਠੇ ਕੀਤੇ ਗਏ ਹਨ।
ਨਾਗਮਲੱਈਆ(50) ਦੀ ਡਾਊਨਟਾਊਨ ਸੂਟਸ ਮੋਟਲ ਵਿੱਚ ਸਹਿ-ਕਰਮੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਮਾਰਟੀਨੇਜ਼ (37) ਕਿਊਬਾ ਦਾ ਨਾਗਰਿਕ ਸੀ, ਜਿਸ ਦਾ ਹਿੰਸਕ ਅਪਰਾਧਿਕ ਪਿਛੋਕੜ ਸੀ।
ਡੱਲਾਸ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਕਤਲ ਮੋਟਲ ਦੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਿਆ ਸੀ; ਹਾਲਾਂਕਿ, ਫੁਟੇਜ ਨੂੰ ਅਧਿਕਾਰਤ ਤੌਰ ’ਤੇ ਜਾਰੀ ਨਹੀਂ ਕੀਤਾ ਗਿਆ ਹੈ ਕਿਉਂਕਿ ਰਿਪੋਰਟਾਂ ਹਨ ਕਿ ਇਹ ਅਣਅਧਿਕਾਰਤ ਤੌਰ ’ਤੇ ਲੀਕ ਹੋ ਸਕਦਾ ਹੈ। ਮੋਟਲ ਦੇ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧਨ ਕਈ ਭਾਈਵਾਲਾਂ ਕੋਲ ਹੈ। ਇਸ ਮਾਮਲੇ ਨੇ ਇਮੀਗ੍ਰੇਸ਼ਨ ਨੀਤੀਆਂ ਅਤੇ ਜਨਤਕ ਸੁਰੱਖਿਆ ’ਤੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।