ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਿਕਾਗੋ ਵਿੱਚ ਆਤਮਜੀਤ ਦਾ ਅੰਗਰੇਜ਼ੀ ਨਾਟਕ

ਪੇਸ਼ਕਾਰੀ ਵਿੱਚ ਆਤਮਜੀਤ ਨੇ ਕਈ ਯਾਦਗਾਰੀ ਦ੍ਰਿਸ਼ਾਂ ਦੀ ਸਿਰਜਣਾ ਕੀਤੀ ਹੈ ਜਿਹੜੇ ਨਾਟਕੀ ਅਤੇ ਪ੍ਰਭਾਵਸ਼ਾਲੀ ਹੋਣ ਦੇ ਨਾਲ ਨਾਲ ਅਰਥ ਵੀ ਸਿਰਜ ਰਹੇ ਸਨ। ਇੱਕ ਦ੍ਰਿਸ਼ ਵਿੱਚ ਚਾਰ ਪਰਤਾਂ ਸਿਰਜੀਆਂ ਗਈਆਂ ਹਨ। ਸਭ ਤੋਂ ਮੂਹਰੇ ਬਲਬੀਰ ਸਿੰਘ ਫਿਲਮ ‘ਅਵਾਰਾ’ ਦੀ ਗੱਲ ਕਰ ਰਿਹਾ ਹੈ, ਉਸ ਦੇ ਪਿੱਛੇ ਗੁਲਾਬ ਬਾਈ ਦਾ ਪਰਿਵਾਰ ਉਸ ਦੀ ਗੱਲ ਸੁਣ ਰਿਹਾ ਹੈ। ਹੋਰ ਪਿੱਛੇ ਨਰਤਕੀਆਂ ਉਸੇ ਗਾਣੇ ਅਨੁਸਾਰ ਨ੍ਰਿਤ ਕਰ ਰਹੀਆਂ ਹਨ ਜਿਹੜਾ ਧੁਰ ਪਿੱਛੇ ਪਰਦੇ ਉੱਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰਭਾਵਸ਼ਾਲੀ ਦ੍ਰਿਸ਼ ਦਾ ਅਸਲ ਮਕਸਦ ਉਸ ਲੜਾਈ ਨੂੰ ਪੇਸ਼ ਕਰਨਾ ਸੀ ਜਿਹੜੀ ਲੋਕ ਕਲਾਵਾਂ ਨੇ ਫਿਲਮਾਂ ਦੇ ਆਗਮਨ ਤੋਂ ਬਾਅਦ ਲੜੀ, ਪਰ ਇਹ ਕਲਾਵਾਂ ਹਾਰ ਗਈਆਂ।
Advertisement

ਪੰਜਾਬੀ ਨਾਟਕਕਾਰ ਆਤਮਜੀਤ ਪਿਛਲੇ ਤਿੰਨ ਸਾਲਾਂ ਤੋਂ ਸ਼ਿਕਾਗੋਲੈਂਡ ਵਿੱਚ ਨੇਮ ਨਾਲ ਆਪਣੀਆਂ ਨਾਟਕ ਸਰਗਰਮੀਆਂ ਕਰ ਰਿਹਾ ਹੈ। ਇੱਥੇ ਉਹ ਆਪਣੇ ਲਿਖੇ ਨਾਟਕ ‘ਸਾਹਨੀ ਸੱਚ ਕਹਿੰਦਾ ਸੀ’ ਅਤੇ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਭਾਰੀ ਸਫ਼ਲਤਾ ਨਾਲ ਖੇਡ ਚੁੱਕਾ ਹੈ। ਇਸੇ ਤਰ੍ਹਾਂ ਉਸਨੇ ਆਪਣੇ ਚਰਚਿਤ ਨਾਟਕ ‘ਮੈਂ ਤਾਂ ਇਕ ਸਾਰੰਗੀ ਹਾਂ’ ਦਾ ਹਿੰਦੀ ਵਿੱਚ ਵੀ ਮੰਚਣ ਕੀਤਾ ਜਿਹੜਾ ਬਹੁਤ ਸਲਾਹਿਆ ਗਿਆ। ਇਸ ਸਾਲ ਉਸ ਨੇ 27-28 ਸਤੰਬਰ ਨੂੰ ਹਾਰਪਰ ਕਾਲਜ ਦੇ ਸੈਂਟਰ ਫਾਰ ਪਰਫਾਰਮਿੰਗ ਆਰਟਸ ਦੇ ਖ਼ੂਬਸੂਰਤ ਹਾਲ ਵਿੱਚ ਆਪਣੇ ਪੰਜਾਬੀ ਨਾਟਕ ‘ਗਵਾਚੀ ਨਦੀ ਦਾ ਗੀਤ’ ਦਾ ਅੰਗਰੇਜ਼ੀ ਰੂਪ ‘ਸਾਂਗ ਆਫ ਦ ਲੌਸਟ ਰਿਵਰ’ ਦੇ ਨਾਂ ਹੇਠ ਪੇਸ਼ ਕੀਤਾ। ਇਸ ਨਾਟਕ ਨੂੰ ਇੱਥੋਂ ਦੀਆਂ ਦੋ ਵੱਡੀਆਂ ਕਲਾ ਸੰਸਥਾਵਾਂ ‘ਨ੍ਰਿਤਯ ਨਾਟਯ ਅਕਾਡਮੀ’ ਅਤੇ ‘ਡਰਾਮਾਟੈਕ ਔਫ ਅਮੈਰਿਕਾ’ ਵੱਲੋਂ ਤਿਆਰ ਕੀਤਾ ਗਿਆ।

ਇਸ ਨਾਟਕ ਵਿੱਚ ਹਿੰਦੁਸਤਾਨ ਦੇ ਮਸ਼ਹੂਰ ਲੋਕ-ਨਾਟ ਰੂਪ ਨੌਟੰਕੀ ਦੀ ਮਹਾਨ ਕਲਾਕਾਰ ਗੁਲਾਬ ਬਾਈ ਦੇ ਜੀਵਨ ਸੰਘਰਸ਼ ਦੀ ਬੇਮਿਸਾਲ ਗਾਥਾ ਹੈ ਜੋ ਉਸ ਨੇ ਕਲਾ ਅਤੇ ਔਰਤ ਦੀ ਇੱਜ਼ਤ ਨੂੰ ਬਣਾਉਣ ਵਾਸਤੇ ਕੀਤਾ। ਉਹ ਬੇਦੀਆ ਨਾਂ ਦੇ ਉਸ ਆਦਿਵਾਸੀ ਕਬੀਲੇ ਨਾਲ ਸੰਬੰਧਿਤ ਸੀ ਜਿਸਨੂੰ ਇਤਿਹਾਸਕ ਕਾਰਨਾਂ ਕਰਕੇ ਅੰਗਰੇਜ਼ਾਂ ਨੇ ਅਪਰਾਧਕ ਕਬੀਲਾ ਘੋਸ਼ਿਤ ਕਰ ਦਿੱਤਾ ਸੀ ਅਤੇ ਜਿਨ੍ਹਾਂ ਦੀਆਂ ਔਰਤਾਂ ਨੂੰ ਕਈ ਵਾਰ ਪੇਟ ਪਾਲਣ ਵਾਸਤੇ ਲੋਕਾਂ ਸਾਹਮਣੇ ਨੱਚਣ-ਗਾਉਣ ਦਾ ਆਸਰਾ ਲੈਣਾ ਪੈਂਦਾ ਸੀ, ਇਸ ਕਿੱਤੇ ਵਿੱਚ ਉਨ੍ਹਾਂ ਨਾਲ ਜੋ ਕੁਝ ਵਾਪਰਦਾ ਸੀ ਉਹ ਬਹੁਤ ਘਿਨਾਉਣਾ ਸੀ। ਅਜਿਹੀਆਂ ਔਰਤਾਂ ਨੂੰ ਔਰਤ ਅਤੇ ਆਦਿਵਾਸੀ ਹੋਣ ਕਾਰਨ ਉਨ੍ਹਾਂ ਜਗੀਰੂ ਸੋਚ ਵਾਲੇ ਬੰਦਿਆਂ ਦਾ ਜ਼ੁਲਮ ਵੀ ਸਹਿਣਾ ਪੈਂਦਾ ਸੀ ਜਿਹੜੇ ਆਪਣੇ ਪੈਸੇ ਦੇ ਜ਼ੋਰ ਨਾਲ ਉਨ੍ਹਾਂ ਨੂੰ ਵਰਤਦੇ ਤਾਂ ਰਹੇ ਪਰ ਉਨ੍ਹਾਂ ਨੂੰ ਕਦੇ ਸਵੈਮਾਣ ਵਾਲੀ ਆਜ਼ਾਦ ਅਤੇ ਨਿਡਰ ਜ਼ਿੰਦਗੀ ਨਾ ਦਿੱਤੀ। ਇਸ ਸਥਿਤੀ ਵਿੱਚ ਗੁਲਾਬ ਬਾਈ ਵੱਲੋਂ ਲੜੀ ਗਈ ਲੜਾਈ ਇਸ ਨਾਟਕ ਦੀ ਕਹਾਣੀ ਹੈ। ਭਾਵੇਂ ਮਰਦ ਪ੍ਰਧਾਨ ਸਮਾਜ ਨੇ ਗੁਲਾਬ ਬਾਈ ਨੂੰ ਜ਼ਿੰਦਗੀ ਵਿੱਚ ਚੰਗਾ ਅੰਤ ਫਿਰ ਵੀ ਨਹੀਂ ਦਿੱਤਾ ਪਰ ਇਹ ਬਹਾਦਰ ਔਰਤ ਆਪਣੀ ਕਲਾ ਦੇ ਜ਼ੋਰ ਨਾਲ ਇੱਕ ਵਾਰ ਤਾਂ ਸਾਡੇ ਸਭਿਆਚਾਰਕ ਅਕਾਸ਼ ਉਪਰ ਛਾ ਗਈ ਸੀ। ਉਸ ਨੂੰ ਸੰਗੀਤ ਨਾਟਕ ਅਕਾਦਮੀ ਦਾ ਵੱਕਾਰੀ ਪੁਰਸਕਾਰ ਮਿਲਿਆ। ਉਸ ਨੂੰ ਭਾਰਤ ਸਰਕਾਰ ਨੇ ਪਦਮ ਸ੍ਰੀ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ। ਨਾਟਕ ‘ਸਾਂਗ ਆਫ ਦ ਲੌਸਟ ਰਿਵਰ’ ਭਾਵਪੂਰਤ ਤਰੀਕੇ ਨਾਲ ਕਲਾ, ਔਰਤ ਅਤੇ ਸਵੈਮਾਣ ਦੀ ਰਾਖੀ ਕਰਨ ਦੀ ਗੱਲ ਕਰਦਾ ਹੈ। ਸਿੱਕਿਮ ਯੂਨੀਵਰਸਟੀ ਦੀ ਮਨੋਵਿਗਿਆਨ ਦੀ ਪ੍ਰੋਫੈਸਰ ਸਨੇਹਲਤਾ ਜਸਵਾਲ ਨੇ ਇਸ ਬਾਰੇ ਲਿਖਿਆ ਹੈ, ‘‘ਇਸ ਗੱਲ ਦੇ ਬਾਵਜੂਦ ਕਿ ਉਸਦਾ ਆਲਾ-ਦਵਾਲਾ ਉਸਦੇ ਪਰਿਵਾਰ ਦੇ ਰੂਪ ਵਿੱਚ ਗੰਦ ਨਾਲ ਭਰਿਆ ਹੋਇਆ ਸੀ, ਗੁਲਾਬ ਬਾਈ ਪਵਿੱਤਰ ਅਤੇ ਸਾਫ਼-ਸੁਥਰੀ ਸੀ।’’

Advertisement

ਇਸ ਸਵਾਲ ਦੇ ਜਵਾਬ ਵਿੱਚ ਕਿ ਇਸ ਨਾਟਕ ਨੂੰ ਅੰਗਰੇਜ਼ੀ ਵਿੱਚ ਕਿਉਂ ਕੀਤਾ, ਆਤਮਜੀਤ ਨੇ ਦੱਸਿਆ, ‘‘ਇਸਦੇ ਕਈ ਕਾਰਨ ਹਨ; ਪਰ ਵੱਡੇ ਕਾਰਨ ਦੋ ਹਨ। ਪਹਿਲਾ ਇਹ ਕਿ ਪੰਜਾਬੀ ਵਿੱਚ ਅਜੇ ਸਾਡੇ ਕੋਲ ਨਾ ਤਾਂ ਅਜਿਹੇ ਨਾਟਕਾਂ ਵਾਸਤੇ ਦਰਸ਼ਕ ਹਨ ਤੇ ਨਾ ਹੀ ਅਭਿਨੇਤਾ। ਸਮੇਂ ਨਾਲ ਹੌਲੀ ਹੌਲੀ ਸਥਿਤੀ ਜ਼ਰੂਰ ਬਦਲੇਗੀ। ਦੂਜਾ ਕਾਰਨ ਮੈਨੂੰ ਖ਼ੁਸ਼ੀ ਦੇ ਰਿਹਾ ਹੈ ਕਿ ਅਸੀਂ ਹੁਣ ਤਕ ਅੰਗਰੇਜ਼ੀ ਨਾਟਕਾਂ ਦਾ ਪੰਜਾਬੀ ਅਨੁਵਾਦ ਹੀ ਖੇਡਦੇ ਰਹੇ। ਇੱਥੇ ਮੇਰੇ ਕੋਲ ਸਥਿਤੀ ਨੂੰ ਬਦਲਣ ਦਾ ਮੌਕਾ ਸੀ ਜਿਸਨੂੰ ਮੈਂ ਹੱਥੋਂ ਨਹੀਂ ਜਾਣ ਦਿੱਤਾ, ਹੋਰ ਵੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਮੁੱਖ ਧਾਰਾ ਦੇ 15-20 ਦਰਸ਼ਕਾਂ ਨੇ ਇਸ ਨਾਟਕ ਨੂੰ ਦੇਖਿਆ ਅਤੇ ਮਾਣਿਆ। ਭਾਵੇਂ ਇਹ ਵੀ ਠੀਕ ਹੈ ਕਿ ਨਾਟਕ ਨੂੰ ਜੇ ਹਿੰਦੀ ਵਿੱਚ ਕੀਤਾ ਜਾਂਦਾ ਤਾਂ ਸ਼ਾਇਦ ਬਹੁਤ ਜ਼ਿਆਦਾ ਦਰਸ਼ਕ ਆਕਰਸ਼ਤ ਹੁੰਦੇ।’’ ਆਤਮਜੀਤ ਨੇ ਇਸ ਨਾਟਕ ਨੂੰ ਇੱਕ ਮਿਊਜ਼ੀਕਲ ਦੇ ਰੂਪ ਵਿੱਚ ਪੇਸ਼ ਕੀਤਾ ਜਿਸ ਵਿੱਚ ਬਹੁਤ ਸਾਰਾ ਸੰਗੀਤ, ਗਾਣੇ ਅਤੇ ਡਾਂਸ ਸ਼ਾਮਿਲ ਹਨ। ਗੁਲਾਬ ਬਾਈ ਦੇ ਗਾਏ ਹੋਏ ਚਾਰ ਗੀਤਾਂ ਨੂੰ ਦੁਬਾਰਾ ਰਿਕਾਰਡ ਕਰਕੇ ਪੇਸ਼ ਕੀਤਾ ਗਿਆ। ਬਹੁਤੇ ਗਾਣੇ ਭਾਗ ਲੈਣ ਵਾਲੇ ਕਲਾਕਾਰਾਂ ਨੇ ਹੀ ਗਾਏ ਹਨ। ਇਸ ਤੋਂ ਇਲਾਵਾ ਕਈ ਹੋਰ ਕਲਾਕਾਰ ਲਾਈਵ ਗਾਣੇ ਗਾਉਂਦੇ ਵੀ ਨਜ਼ਰ ਆਏ ਜਿਨ੍ਹਾਂ ਨਾਲ ਲਾਈਵ ਸੰਗੀਤ ਵੀ ਚੱਲ ਰਿਹਾ ਸੀ। ਮਧੁਰਾ, ਸੰਜੇ ਅਤੇ ਜੋਤੀ ਬੜੇ ਹੀ ਸੁਘੜ ਗਾਇਕ ਹਨ ਜਿਨ੍ਹਾਂ ਦੇ ਸੁਰਾਂ ਵਿੱਚ ਜਾਦੂ ਅਤੇ ਆਵਾਜ਼ ਵਿੱਚ ਦਮ ਸੀ। ਮਧੁਰਾ ਉੱਤਰੀ ਅਮਰੀਕਾ ਦੀਆਂ ਬਿਹਤਰੀਨ ਕਥਕ ਨਰਤਕੀਆਂ ਵਿੱਚੋਂ ਇੱਕ ਹੈ ਅਤੇ ਇਸ ਨ੍ਰਿਤ ਦੀ ਸਿਖਲਾਈ ਦੇਣੀ ਉਸਦਾ ਕਸਬ ਹੈ। ਉਹ ਕਮਾਲ ਦੀ ਕਲਾਕਾਰ ਹੈ; ਹੁਣੇ ਜੇਹੇ ਉਸਨੇ ਮਾਧੁਰੀ ਦੀਕਸ਼ਿਤ ਨਾਲ ਇੱਕ ਮਰਾਠੀ ਫਿਲਮ ਵੀ ਕੀਤੀ ਹੈ। ਉਸ ਨੇ ਗੁਲਾਬ ਬਾਈ ਦੇ ਰੋਲ ਨੂੰ ਜ਼ਿੰਦਾ ਕਰ ਦਿੱਤਾ। ਉਸ ਦੇ ਕੋਰਿਓਗਰਾਫ ਕੀਤੇ ਡਾਂਸ ਵੀ ਬਹੁਤ ਦਿਲ ਖਿੱਚਵੇਂ ਸਨ। ਸੰਜੇ ਸਟੇਜ ਦੇ ਨਾਲ ਨਾਲ ਕੋਂਕਣੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕਾ ਹੈ। ਇਸ ਬਿਹਤਰੀਨ ਕਲਾਕਾਰ ਅਤੇ ਗਾਇਕ ਨੂੰ ਉਸ ਦੀ ਇੱਕ ਕੋਂਕਣੀ ਫਿਲਮ ਵਾਸਤੇ ਦੋ ਅੰਤਰਰਾਸ਼ਟਰੀ ਇਨਾਮ ਮਿਲ ਚੁੱਕੇ ਹਨ। ਉਸ ਨੇ ਹਰੀਆ ਵਜੋਂ ਯਾਦਗਾਰੀ ਰੋਲ ਨਿਭਾਇਆ। ਜਯੋਤੀ ਰਾਉ ਨੇ ਛੋਟੀ ਬੱਚੀ ਦਾ ਰੋਲ ਜਿਸ ਅਦਾਕਾਰੀ ਨਾਲ ਪੇਸ਼ ਕੀਤਾ ਅਤੇ ਆਪਣੇ ਆਪ ਨੂੰ ਵਡੇਰੀ ਉਮਰ ਵਿੱਚ ਢਾਲਿਆ, ਉਹ ਉੱਚਤਮ ਅਭਿਨੈ ਦੀ ਮਿਸਾਲ ਸੀ। ਮੂਲ ਰੂਪ ਵਿੱਚ ਇਹ ਸਾਰੇ ਮਰਾਠੀ ਕਲਾਕਾਰ ਹਨ। ਇੱਕ ਹੋਰ ਮਰਾਠੀ ਕਲਾਕਾਰ ਸੁਨੀਲ ਮੁੰਡਲੇ ਨੇ ਪੰਜਾਬੀ ਪਾਤਰ ਬਲਬੀਰ ਸਿੰਘ ਦੀ ਭੂਮਿਕਾ ਬੜੀ ਨਿਪੁੰਨਤਾ ਨਾਲ ਨਿਭਾਈ। ਉਹ ਲਗਪਗ 50 ਹਿੰਦੀ, ਅੰਗਰੇਜ਼ੀ, ਉਰਦੂ, ਮਰਾਠੀ ਅਤੇ ਅੰਗਰੇਜ਼ੀ ਨਾਟਕਾਂ ਵਿੱਚ ਮੁੱਖ ਭੂਮਿਕਾਵਾਂ ਨਿਭਾ ਚੁੱਕਾ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਹਿਮਾਂਸ਼ੂ, ਬਿਹਾਰ ਦੀ ਰੌਸ਼ਿਤਾ, ਮਹਾਂਰਾਸ਼ਟਰ ਦੀ ਅਨੂਪਮਾ ਨੇ ਆਪੋ-ਆਪਣੇ ਰੋਲ ਖ਼ੂਬਸੂਰਤੀ ਨਾਲ ਨਿਭਾਏ ਅਤੇ ਦਰਸ਼ਕਾਂ ਦੀ ਭਰਵੀਂ ਦਾਦ ਲਈ। ਦੇਵੀ ਦੇ ਰੂਪ ਵਿੱਚ ਜਦੋਂ ਅਨੂਪਮਾ ਉਸ ਦੀ ਆਪਣੀ ਤਸਵੀਰ ਨੂੰ ਲੈ ਕੇ ਬਣਾਏ ਦਸ ਫੁੱਟ ਉੱਚੇ ਚਿਤਰ ਦੇ ਪਿੱਛੋਂ ਨਿਕਲਦੀ ਹੈ ਤਾਂ ਉਸ ਦੀ ਪ੍ਰਭਾਵਸ਼ਾਲੀ ਆਵਾਜ਼ ਅਲੌਕਿਕ ਦ੍ਰਿਸ਼ ਸਿਰਜਦੀ ਹੈ। ਦੇਵੀ ਫ਼ੂਲਮਤੀ ਵਿੱਚ ਗੁਲਾਬ ਬਾਈ ਦੀ ਬਹੁਤ ਆਸਥਾ ਸੀ; ਉਸ ਨੇ ਸ਼ਰਧਾ ਨਾਲ ਆਪਣੇ ਪਿੰਡ ਵਿੱਚ ਉਸ ਨੂੰ ਸਮਰਪਿਤ ਮੰਦਰ ਵੀ ਬਣਾਇਆ ਸੀ। ਪੰਜਾਬੀ ਕਲਾਕਾਰ ਸਤਵੰਤ ਸੁਮੇਲ ਨੇ ਦੇਵੀ ਦੀ ਪੇਂਟਿੰਗ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਹੈ ਪਰ ਆਤਮਜੀਤ ਨੇ ਦੇਵੀ ਨੂੰ ਰਹੱਸਮਈ ਜਾਂ ਪਰਾਲੌਕਿਕ ਬਿੰਬ ਦੇਣ ਦੀ ਬਜਾਇ ਨਵੀ ਅਕਾਰ ਦਿੱਤਾ ਹੈ। ਉਸ ਦੀ ਦੇਵੀ ਸਾਰੀਆਂ ਉਹ ਗੱਲਾਂ ਕਰਦੀ ਹੈ ਜਿਹੜੀਆਂ ਇੱਕ ਤਰਕਸ਼ੀਲ ਆਧੁਨਿਕ ਇਨਸਾਨ ਕਰੇਗਾ। ਨਾਟਕਕਾਰ ਦਾ ਕਹਿਣਾ ਹੈ, ‘‘ਜਦੋਂ ਇਨਸਾਨ ਕੋਲੋਂ ਸਾਰੇ ਆਸਰੇ ਖੁੱਸ ਜਾਂਦੇ ਹਨ ਤਾਂ ਧਰਮ ਉਸ ਵਾਸਤੇ ਇੱਕ ਟੇਕ ਬਣਦਾ ਹੈ। ਪਰ ਗੁਲਾਬ ਬਾਈ ਦਾ ਕਮਾਲ ਇਹ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਨੂੰ ਉਸ ਵਿੱਚ ਜਜ਼ਬ ਕਰ ਦੇਣ ਦੀ ਬਜਾਇ ਧਰਮ ਪਾਸੋਂ ਪ੍ਰੇਰਨਾ ਲੈ ਕੇ ਔਰਤ ਦੇ ਸੰਘਰਸ਼ ਦਾ ਇੱਕ ਨਵਾਂ ਇਤਿਹਸ ਰਚਿਆ।’’

ਗੁਜਰਾਤ ਦਾ ਅਕਾਸ਼ ਜੋਸ਼ੀ ਕਮਾਲ ਦਾ ਸੰਗੀਤਕਾਰ ਅਤੇ ਗਵੱਈਆ ਹੈ ਜੋ ਨਾਟਕ ਵਿੱਚ ਗੁਲਾਬ ਬਾਈ ਦੇ ਸੰਗੀਤਕਾਰ ਸਾਥੀ ਦੀ ਭੂਮਿਕਾ ਨਿਭਾਉਂਦਾ ਹੈ, ਉਹ ਉਸ ਨੂੰ ਆਪਣੇ ਬੰਦੇ ਵਾਂਗ ਕੋਲ ਰੱਖਦੀ ਹੈ। ਇਹ ਅਕਾਸ਼ ਦਾ ਪਹਿਲਾ ਨਾਟਕ ਹੈ। ਉਸ ਨੇ ਅਭਿਨੈ ਦੇ ਨਾਲ-ਨਾਲ ਨਾਟਕ ਦਾ ਕੁੱਲ ਪਿੱਠਭੂਮੀ ਸੰਗੀਤ ਵੀ ਬੜੀ ਹੀ ਕਲਾਤਮਕਤਾ ਨਾਲ ਨਿਭਾਇਆ ਹੈ ਪਰ ਨਾਟਕ ਦੇ ਗਾਣਿਆਂ ਦਾ ਸਾਰਾ ਦਿਲ-ਖਿੱਚਵਾਂ ਸੰਗੀਤ ਮੁਹਾਲੀ ਦੇ ਜਗਜੀਤ ਰਾਣਾ ਦਾ ਹੈ। ਇਨ੍ਹਾਂ ਗਾਣਿਆਂ ਨੂੰ ਮਧੁਰਾ ਨੇ ਮੁਹਾਲੀ ਵਿੱਚ ਜਾ ਕੇ ਰਿਕਾਰਡ ਕਰਵਾਇਆ। ਨੌਟੰਕੀ ਦੀ ਝਲਕ ਦੇਣ ਵਾਲੇ ਮੁੱਢਲੇ ਗਾਣੇ ਨੂੰ ਅਵਨੂਰ ਨੇ ਬਹੁਤ ਹੀ ਪ੍ਰਬੀਨਤਾ ਨਾਲ ਗਾਇਆ ਜਿਹੜਾ ਆਉਣ ਵਾਲੇ ਕਈ ਸਾਲਾਂ ਤਕ ਸੁਣਿਆਂ ਜਾਂਦਾ ਰਹੇਗਾ। ਨਾਟਕ ਵਿੱਚ ਦੋ ਪੰਜਾਬੀ ਅਦਾਕਾਰ ਵੀ ਹਨ। ਚਰਨਦੀਪ ਸਿੰਘ ਸਭ ਤੋਂ ਵਡੇਰੀ ਉਮਰ ਦਾ ਕਲਾਕਾਰ ਹੈ। ਉਧਰ ਨਿਤੀਸ਼ ਨੇ ਗੁਲਾਬ ਬਾਈ ਦੇ ਬਾਪ ਦਾ ਰੋਲ ਬੜੀ ਠੇਠਤਾ ਨਾਲ ਨਿਭਾਇਆ।

ਨੌਟੰਕੀ ਨਾਲ ਮੇਲ ਖਾਂਦਾ ਮੁੱਢਲਾ ਗੀਤ ਅਤੇ ਪੰਜ ਲੜਕੀਆਂ ਦਾ ਲੋਕ-ਨਾਚ ਬਹੁਤ ਦਿਲ ਖਿੱਚਵਾਂ ਸੀ। ਦਰਸ਼ਕ ਇਸ ਨਾਟਕ ਦੇ ਸੰਗੀਤ ਦੇ ਨਾਲ ਨਾਲ ਸੈੱਟ ਨੂੰ ਦੇਖ ਕੇ ਵੀ ਬਹੁਤ ਹੈਰਾਨ ਹੋਏ ਜਿਹੜਾ ਵਾਰ-ਵਾਰ ਬਦਲ ਰਿਹਾ ਸੀ। ਬਾਕੀ ਦੇ ਸਮੂਹ ਨਾਚ ਅਤੇ ਗੁਲਾਬ ਬਾਈ ਦੇ ਸਾਰੇ ਨ੍ਰਿਤ ਬਹੁਤ ਢੁਕਵੇਂ, ਕਲਾਮਈ ਅਤੇ ਅਰਥ ਭਰਪੂਰ ਸਨ। ਹੈਰਾਨੀ ਹੋ ਰਹੀ ਸੀ ਕਿ ਕਿਵੇਂ ਗੁਲਾਬ ਬਾਈ ਹਰ ਦ੍ਰਿਸ਼ ਤੋਂ ਬਾਅਦ ਆਪਣੀ ਨਵੀਂ ਕਾਸਟਿਊਮ ਅਤੇ ਨਵੇਂ ਮੂਡ ਵਿੱਚ ਪਰਤ ਰਹੀ ਸੀ। ਰੋਸ਼ਨੀਆਂ ਦੀ ਵਰਤੋਂ ਵੀ ਕਮਾਲ ਦੀ ਸੀ। ਦੋਵੇਂ ਦਿਨ ਨਾਟਕ ਨੂੰ ਪੂਰੀ ਸੁਹਿਰਦਤਾ ਨਾਲ ਸੁਣਿਆ ਅਤੇ ਦੇਖਿਆ ਗਿਆ। ਪੇਸ਼ਕਾਰੀ ਵਿੱਚ ਆਤਮਜੀਤ ਨੇ ਕਈ ਯਾਦਗਾਰੀ ਦ੍ਰਿਸ਼ਾਂ ਦੀ ਸਿਰਜਣਾ ਵੀ ਕੀਤੀ ਹੈ ਜਿਹੜੇ ਨਾਟਕੀ ਅਤੇ ਪ੍ਰਭਾਵਸ਼ਾਲੀ ਹੋਣ ਦੇ ਨਾਲ ਨਾਲ ਅਰਥ ਵੀ ਸਿਰਜ ਰਹੇ ਸਨ। ਇੱਕ ਦ੍ਰਿਸ਼ ਵਿੱਚ ਚਾਰ ਪਰਤਾਂ ਸਿਰਜੀਆਂ ਗਈਆਂ ਹਨ। ਸਭ ਤੋਂ ਮੂਹਰੇ ਬਲਬੀਰ ਸਿੰਘ ਫਿਲਮ ‘ਅਵਾਰਾ’ ਦੀ ਗੱਲ ਕਰ ਰਿਹਾ ਹੈ, ਉਸ ਦੇ ਪਿੱਛੇ ਗੁਲਾਬ ਬਾਈ ਦਾ ਪਰਿਵਾਰ ਉਸ ਦੀ ਗੱਲ ਸੁਣ ਰਿਹਾ ਹੈ। ਹੋਰ ਪਿੱਛੇ ਨਰਤਕੀਆਂ ਉਸੇ ਗਾਣੇ ਅਨੁਸਾਰ ਨ੍ਰਿਤ ਕਰ ਰਹੀਆਂ ਹਨ ਜਿਹੜਾ ਧੁਰ ਪਿੱਛੇ ਪਰਦੇ ਉੱਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰਭਾਵਸ਼ਾਲੀ ਦ੍ਰਿਸ਼ ਦਾ ਅਸਲ ਮਕਸਦ ਉਸ ਲੜਾਈ ਨੂੰ ਪੇਸ਼ ਕਰਨਾ ਸੀ ਜਿਹੜੀ ਲੋਕ ਕਲਾਵਾਂ ਨੇ ਫਿਲਮਾਂ ਦੇ ਆਗਮਨ ਤੋਂ ਬਾਅਦ ਲੜੀ, ਪਰ ਇਹ ਕਲਾਵਾਂ ਹਾਰ ਗਈਆਂ। ਪ੍ਰਸਿੱਧ ਭਾਰਤੀ ਨਿਰਦੇਸ਼ਕ ਰਾਮ ਗੋਪਾਲ ਬਜਾਜ ਨੇ ਇਸ ਨਾਟਕ ਦੀ ਸਕ੍ਰਿਪਟ ਬਾਰੇ ਸਹੀ ਕਿਹਾ ਹੈ ਕਿ ‘ਇਸ ਨਾਟਕ ਵਿੱਚ ਕਿਸੇ ਵੀ ਥੀਏਟਰ ਗਰੁੱਪ ਵਾਸਤੇ ਬਹੁਤ ਸਾਰੀਆਂ ਪ੍ਰੇਰਨਾਵਾਂ ਅਤੇ ਚੁਣੌਤੀਆਂ ਹਨ। ਦਰਸ਼ਕਾਂ ਵਾਸਤੇ ਬਹੁਤ ਸਾਰੀਆਂ ਗੁੰਝਲਾਂ ਵੀ ਹਨ ਜਿਹੜੀਆਂ ਉਨ੍ਹਾਂ ਨੂੰ ਭਾਰਤੀ ਸਮਾਜ ਅੰਦਰਲੇ ਖੋਖਲੇਪਣ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀਆਂ ਹਨ। ਇਸ ਨਾਟਕ ਵਿਚਲੇ ਫ਼ਿਕਰ ਅਤੇ ਡਰ ਦਰਸ਼ਕਾਂ ਦੀ ਸੋਚ ਨੂੰ ਵਿਸ਼ਾਲਤਾ ਦੇਣਗੇ।’

ਆਤਮਜੀਤ ਅਜਿਹੇ ਵੱਡੇ, ਡੂੰਘੇ ਅਤੇ ਸਾਰਥਕ ਨਾਟਕ ਨੂੰ ਲਿਖਣ ਅਤੇ ਉਸਦੇ ਉਨੇ ਹੀ ਪ੍ਰਭਾਵਸ਼ਾਲੀ ਮੰਚਣ ਵਾਸਤੇ ਵਧਾਈ ਦਾ ਪਾਤਰ ਹੈ।

Advertisement
Show comments