ਅਰਸਤੂ : ਰਾਜ ਅਤੇ ਧਰਮ
ਲਗਭਗ 2400 ਸਾਲ ਪਹਿਲਾਂ ਯੂਨਾਨ ਵਿੱਚ ਮਹਾਨ ਦਾਰਸ਼ਨਿਕ ਪੈਦਾ ਹੋਏ। ਇਨ੍ਹਾਂ ਵਿੱਚ ਪ੍ਰਮੁੱਖ ਸਨ; ਸੁਕਰਾਤ, ਪਲੈਟੋ ਤੇ ਅਰਸਤੂ। ਉਸ ਸਮੇਂ ਏਥਨਜ਼ ਨੂੰ ਵਿੱਦਿਆ ਦਾ ਸਭ ਤੋਂ ਵੱਡਾ ਕੇਂਦਰ ਸਮਝਿਆ ਜਾਂਦਾ ਸੀ। ਇਸ ਦਾ ਸਾਰੇ ਯੂਰਪ ਅਤੇ ਦੁਨੀਆ ’ਤੇ ਵੱਡਾ ਪ੍ਰਭਾਵ ਸੀ। ਇਨ੍ਹਾਂ ਫਿਲਾਸਫਰਾਂ ਦੀ ਵਿਚਾਰਧਾਰਾ ਨੇ ਈਸਾਈ, ਯਹੂਦੀ ਅਤੇ ਇਸਲਾਮ ਧਰਮ ’ਤੇ ਵੀ ਪ੍ਰਭਾਵ ਪਾਇਆ। ਪੂਰਬ ਵਿੱਚ ਇਸੇ ਸਮੇਂ ਗੌਤਮ ਬੁੱਧ ਦੀ ਧਾਰਮਿਕ ਵਿਚਾਰਧਾਰਾ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਸੀ। ਸਨਾਤਨ ਧਰਮ ਦਾ ਪਹਿਲਾਂ ਹੀ ਪਸਾਰ ਹੋ ਚੁੱਕਾ ਸੀ। ਜੈਨ ਧਰਮ ਵੀ ਸਥਾਪਿਤ ਹੋ ਚੁੱਕਿਆ ਸੀ। ਸਿੱਖ ਧਰਮ ਗੁਰੂ ਨਾਨਕ ਜੀ ਦੇ ਆਗਮਨ ਨਾਲ ਲਗਭਗ ਸਾਢੇ ਪੰਜ ਸੌ ਸਾਲ ਪਹਿਲਾਂ ਹੋਂਦ ਵਿੱਚ ਆਇਆ।
ਸੁਕਰਾਤ ਨੂੰ ਆਪਣੇ ਨਵੇਂ ਵਿਚਾਰਾਂ ਕਰਕੇ ਪੁਰਾਤਨ ਵਿਚਾਰਾਂ ਦੇ ਧਾਰਨੀਆਂ ਨੇ ਜ਼ਹਿਰ ਦਾ ਪਿਆਲਾ ਪੀਣ ਲਈ ਮਜਬੂਰ ਕਰ ਦਿੱਤਾ। ਪਲੈਟੋ ਆਦਰਸ਼ਵਾਦੀ ਦਾਰਸ਼ਨਿਕ ਸੀ। ਉਸ ਦਾ ਚੇਲਾ ਅਰਸਤੂ ਭਾਵੇਂ ਉਸ ਦਾ ਬਹੁਤ ਸਤਿਕਾਰ ਕਰਦਾ ਸੀ, ਫਿਰ ਵੀ ਕਈ ਵਿਸ਼ਿਆਂ ’ਤੇ ਉਸ ਦੇ ਵਿਚਾਰ ਪਲੈਟੋ ਤੋਂ ਵੱਖਰੇ ਸਨ। ਉਸ ਦਾ ਦ੍ਰਿਸ਼ਟ ਦੁਨੀਆ ਅਤੇ ਤਰਕ ’ਤੇ ਵੱਡਾ ਵਿਸ਼ਵਾਸ ਸੀ। ਉਹ ਹਰ ਮਨੁੱਖ ਨੂੰ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਆਪ ਅਨੁਭਵ ਕਰਨ, ਵਾਚਣ ਅਤੇ ਘੋਖਣ ਉਪਰੰਤ ਹੀ ਫ਼ੈਸਲੇ ਲੈਣ ਦੀ ਸਲਾਹ ਦਿੰਦਾ ਸੀ। ਉਹ ਸਾਹਿਤ, ਕਲਾ, ਕਹਾਣੀਆਂ, ਸੰਗੀਤ, ਕਵਿਤਾਵਾਂ, ਡਰਾਮਾ ਅਤੇ ਖੋਜ ਨੂੰ ਪਹਿਲ ਦਿੰਦਾ ਸੀ। ਉਸ ਅਨੁਸਾਰ ਸਾਹਿਤ ਮਨੁੱਖ ਨੂੰ ਰਵਾਉਣ, ਰਜਾਉਣ, ਹਸਾਉਣ ਅਤੇ ਰਚਨਾਤਮਕ ਵਿਚਾਰਾਂ ਨੂੰ ਪੈਦਾ ਕਰਨ ਦੀ ਸ਼ਕਤੀ ਰੱਖਦਾ ਹੈ। ਅਰਸਤੂ ਦਾ ਪਿਤਾ ਜੋ ਇੱਕ ਰਾਜੇ ਦਾ ਵੈਦ ਸੀ, ਉਹ ਚਾਹੁੰਦਾ ਸੀ ਕਿ ਅਰਸਤੂ ਵੱਡਾ ਇਨਸਾਨ ਬਣੇ। ਇਸ ਲਈ ਉਸ ਨੂੰ ਪੜ੍ਹਨ ਲਈ ਏਥਨਜ਼ ਭੇਜਿਆ ਗਿਆ ਜਿੱਥੇ ਉਸ ਨੇ ਪਲੈਟੋ ਦੀ ਅਕਾਦਮੀ ਵਿੱਚ ਦਾਖਲਾ ਲਿਆ।
ਅਰਸਤੂ ਤਰਕ ਦਾ ਵੱਡਾ ਧਾਰਨੀ ਸੀ। ਤਰਕ ਦੀ ਵਿਵਸਥਾ ਦੀ ਸਥਾਪਨਾ ਤੋਂ ਬਾਅਦ ਉਸ ਦਾ ਅਗਲਾ ਦਾਅਵਾ ਵਸਤੂਆਂ ਦੀ ਵਾਸਤਵਿਕਤਾ ਦੀ ਸਥਾਪਨਾ ਸੀ। ਉਸ ਦਾ ਅਗਲਾ ਸਬਕ ਮਨੁੱਖ ਨੂੰ ਨੈਤਿਕਤਾ ਦਾ ਧਾਰਨੀ ਬਣਾਉਣਾ ਸੀ। ਨੈਤਿਕ ਕਦਰਾਂ ਕੀਮਤਾਂ ਦਾ ਧਾਰਨੀ ਮਨੁੱਖ ਹੀ ਇੱਕ ਚੰਗਾ ਸਮਾਜ ਸਿਰਜ ਸਕਦਾ ਹੈ। ਚੰਗਾ ਸਮਾਜ ਹੀ ਇੱਕ ਚੰਗਾ ਰਾਜ ਸਿਰਜ ਸਕਦਾ ਹੈ। ਇੱਕ ਚੰਗਾ ਰਾਜ ਜੋ ਭ੍ਰਿਸ਼ਟਚਾਰ ਤੋਂ ਮੁਕਤ ਹੋਵੇ, ਜਿੱਥੇ ਹਰ ਮਨੁੱਖ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਖੁੱਲ੍ਹ ਹੋਵੇ। ਇੱਕ ਚੰਗਾ ਰਾਜਾ ਉਹ ਹੀ ਅਖਵਾ ਸਕਦਾ ਹੈ ਜੋ ਲੋਕਾਂ ਦੇ ਦਿਲਾਂ ’ਤੇ ਰਾਜ ਕਰੇ। ਲੋਕ ਆਪਣੇ ਰਾਜੇ ’ਤੇ ਮਾਣ ਕਰਨ। ਉਹ ਲੋਕਤੰਤਰ ਦਾ ਸਮਰਥਕ ਨਹੀਂ ਸੀ। ਉਹ ਗ਼ਰੀਬ ਲੋਕ ਜੋ ਰਾਜਨੀਤੀ ਨੂੰ ਨਹੀਂ ਸਮਝਦੇ, ਨੂੰ ਵੋਟਾਂ ਦੇ ਬਰਾਬਰ ਹੱਕ ਦੇਣ ਦਾ ਵੀ ਸਮਰਥਕ ਨਹੀਂ ਸੀ। ਉਹ ਔਰਤਾਂ ਨੂੰ ਵੀ ਬਰਾਬਰ ਵੋਟ ਹੱਕ ਦੇਣ ਦੇ ਹੱਕ ਵਿੱਚ ਨਹੀਂ ਸੀ। ਉਹ ਸਮਝਦਾ ਸੀ ਕਿ ਕੁਝ ਲੋਕ ਦਾਸ ਪ੍ਰਵਿਰਤੀ ਦੇ ਮਾਲਕ ਅਤੇ ਕੁਝ ਰਾਜ ਕਰਨ ਵਾਲੀ ਪ੍ਰਵਿਰਤੀ ਦੇ ਮਾਲਕ ਹੁੰਦੇ ਹਨ। ਇਸ ਲਈ ਰਾਜ ਦੇ ਯੋਗ ਵਿਅਕਤੀਆਂ ਨੂੰ ਹੀ ਰਾਜ ਦੇਣਾ ਚਾਹੀਦਾ ਹੈ।
ਗੁਰਮਤਿ ਵੀ ਰਾਜ ਲਈ ਯੋਗ ਬੰਦੇ ਦੀ ਵਕਾਲਤ ਕਰਦਾ ਹੈ। ਗੁਰਮਤਿ ਵਿੱਚ ਬੇਗਮਪੁਰਾ ਦਾ ਸਿਧਾਂਤ ਵੀ ਅਰਸਤੂ ਦੇ ਚੰਗੇ ਰਾਜ ਨਾਲ ਮੇਲ ਖਾਂਦਾ ਹੈ। ਅਰਸਤੂ ਅਨੁਸਾਰ ਬ੍ਰਹਿਮੰਡ ਦੀ ਹਰ ਵਸਤੂ ਗਤੀਸ਼ੀਲ ਹੈ। ਬ੍ਰਹਿਮੰਡ ਦੀ ਹਰ ਵਸਤੂ ਬਦਲ ਰਹੀ ਹੈ। ਹਰ ਵਸਤੂ ਨੂੰ ਕਿਸੇ ਅਣਦਿੱਖ ਸ਼ਕਤੀ ਨੇ ਗਤੀ ਦਿੱਤੀ ਹੈ। ਇਸ ਅਣਦਿੱਖ ਸ਼ਕਤੀ ਨੂੰ ਉਹ ਅਨਮੂਵ ਮੂਵਰ ਕਹਿੰਦਾ ਹੈ। ਦੂਸਰੇ ਧਰਮਾਂ ਵਿੱਚ ਇਸ ਸ਼ਕਤੀ ਨੂੰ ਈਸ਼ਵਰ ਕਿਹਾ ਗਿਆ ਹੈ। ਗੁਰਮਤਿ ਵੀ ਇਸ ਦੀ ਪ੍ਰੋੜਤਾ ਕਰਦਾ ਹੈ। ਆਧੁਨਿਕ ਵਿਗਿਆਨ ਇਸ ਨੂੰ ਬਿੱਗ ਬੈਂਗ ਜਾਂ ਬਿੱਗ ਬਲਾਸਟ ਦਾ ਨਾਮ ਦਿੰਦਾ ਹੈ। ਅਰਸਤੂ ਜੀਵਨ ਵਿੱਚ ਖ਼ੁਸ਼ੀ ਪ੍ਰਾਪਤੀ ਨੂੰ ਜੀਵਨ ਦੀ ਮੰਜ਼ਿਲ ਦੱਸਦਾ ਹੈ। ਸਿੱਖਮਤ ਇਸ ਖ਼ੁਸ਼ੀ ਨੂੰ ਆਨੰਦ ਦੀ ਅਵਸਥਾ ਕਹਿੰਦਾ ਹੈ।
ਪਲੈਟੋ ਦੀ 347 ਈਸਾ ਪੂਰਬ ਵਿੱਚ ਮੌਤ ਹੋ ਗਈ। ਪਲੈਟੋ ਦੀ ਅਕਾਦਮੀ ਦੇ ਸਭ ਤੋਂ ਹੋਣਹਾਰ ਅਰਸਤੂ ਨੂੰ ਅਕਾਦਮੀ ਦੀ ਵਾਗਡੋਰ ਨਾ ਸੌਂਪੀ ਗਈ। ਪਲੈਟੋ ਦੇ ਦੂਜੇ ਚੇਲੇ ਅਰਸਤੂ ਨੂੰ ਬਾਹਰਲਾ ਵਿਅਕਤੀ ਸਮਝਦੇ ਸਨ। ਉਸ ਨਾਲ ਪੱਖਪਾਤ ਕੀਤਾ ਗਿਆ। ਨਿਰਾਸ਼ਾ ਵਿੱਚ ਉਸ ਨੇ ਏਥਨਜ਼ ਛੱਡ ਦਿੱਤਾ ਅਤੇ ਉਹ ਇਟਲੀ ਦੇ ਇੱਕ ਸ਼ਹਿਰ ਵਿੱਚ ਗੁੰਮਨਾਮੀ ਦੀ ਜ਼ਿੰਦਗੀ ਜਿਊਣ ਲੱਗਾ। ਇੱਥੇ ਉਸ ਦੇ ਸਮਰਥਕਾਂ ਨੇ ਇੱਕ ਹੋਰ ਅਕਾਦਮੀ ਬਣਾ ਦਿੱਤੀ, ਜਿੱਥੇ ਉਹ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਰਿਹਾ। ਇਸ ਸਮੇਂ ਉਹ ਜੀਵ ਵਿਗਿਆਨ ਦੀਆਂ ਖੋਜਾਂ ਵਿੱਚ ਆਪਣਾ ਸਮਾਂ ਬਿਤਾਉਣ ਲੱਗਾ। ਉਹ ਘੰਟਿਆਂ ਤੱਕ ਸਮੁੁੰਦਰੀ ਤੱਟ ’ਤੇ ਬੈਠਾ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਨੂੰ ਦੇਖਦਾ ਰਹਿੰਦਾ ਅਤੇ ਉਨ੍ਹਾਂ ਦੇ ਵਤੀਰੇ ਨੂੰ ਵਾਚਦਾ ਰਹਿੰਦਾ। ਇਸ ਪੜ੍ਹਾਈ ਤੋਂ ਬਾਅਦ ਉਸ ਨੇ ਜੀਵਾਂ ਪ੍ਰਤੀ ਵੱਡੇ ਸਿੱਟੇ ਕੱਢੇ ਜਿਨ੍ਹਾਂ ਨੂੰ ਅੱਜ ਵੀ ਜੀਵ ਵਿਗਿਆਨੀ ਠੀਕ ਮੰਨਦੇ ਹੋਏ ਪੜ੍ਹਾਉਂਦੇ ਹਨ। ਡਾਰਵਿਨ ਨੇ ਉਸ ਨੂੰ ਜੀਵ ਵਿਗਿਆਨ ਦਾ ਪਿਤਾਮਾ ਆਖਿਆ।
ਇਸ ਸਮੇਂ ਮੈਸਿਡੋਨਿਆ ਦਾ ਰਾਜਾ ਆਪਣੇ ਪੁੱਤਰ ਸਿਕੰਦਰ ਨੂੰ ਦੁਨੀਆ ਜਿੱਤਣ ਵਾਲਾ ਰਾਜਾ ਬਣਾਉਣ ਦੀ ਇੱਛਾ ਰੱਖਦਾ ਸੀ ਅਤੇ ਉਹ ਉਸ ਲਈ ਇੱਕ ਚੰਗੇ ਗੁਰੂ ਦੀ ਭਾਲ ਵਿੱਚ ਸੀ। ਉਸ ਸਮੇਂ ਉਸ ਨੂੰ ਅਰਸਤੂ ਤੋਂ ਵੱਡਾ ਕੋਈ ਹੋਰ ਵਿਦਵਾਨ ਨਜ਼ਰ ਨਹੀਂ ਆਇਆ। ਉਸ ਨੇ ਅਰਸਤੂ ਨੂੰ ਸੱਦਾ ਭੇਜਿਆ। ਅਰਸਤੂ ਨੂੰ ਸਿਕੰਦਰ ਦਾ ਗੁਰੂ ਥਾਪਿਆ ਗਿਆ। ਕਈ ਸਾਲ ਦੀ ਪੜ੍ਹਾਈ ਤੋਂ ਬਾਅਦ ਵੀਹ ਸਾਲ ਦੀ ਉਮਰ ਵਿੱਚ ਸਿਕੰਦਰ ਸੰਸਾਰ ਜਿੱਤਣ ਤੁਰ ਪਿਆ। ਅਰਸਤੂ ਨੇ ਸਿਕੰਦਰ ਨੂੰ ਆਪਣੀ ਸਿੱਖਿਆ ਦਾ ਤੱਤ ਸਮਝਾਇਆ। ਉਸ ਨੂੰ ਚੰਗਾ ਵਿਅਕਤੀ ਬਣਨ ਦੇ ਅਤੇ ਚੰਗੇ ਰਾਜੇ ਬਣਨ ਦੇ ਗੁਰ ਸਖਾਏ। ਸਿਕੰਦਰ ਨੇ ਬੜੀ ਸ਼ਾਨੋ-ਸ਼ੌਕਤ ਨਾਲ ਇੱਕ ਹੀਰੋ ਵਜੋਂ ਉਸ ਨੂੰ ਉਸ ਦੇ ਪਸੰਦੀਦਾ ਸ਼ਹਿਰ ਏਥਨਜ਼ ਭੇਜ ਦਿੱਤਾ ਅਤੇ ਆਪ ਸੰਸਾਰ ਜਿੱਤਣ ਦੀ ਮੁਹਿੰਮ ’ਤੇ ਨਿਕਲ ਗਿਆ। ਸਿਕੰਦਰ ਦੀ ਫੌਜ ਦੇ ਨਾਲ ਵੱਡੇ ਸਾਹਿਤਕਾਰ, ਵੱਡੇ ਕਲਾ ਪ੍ਰੇਮੀ, ਨਾਟਕਕਾਰ, ਵਧੀਆ ਕਹਾਣੀਕਾਰ, ਕਵੀ ਅਤੇ ਹੋਰ ਰਚਨਾਤਮਕ ਰੁਚੀਆਂ ਵਾਲੇ ਲੋਕ ਵੀ ਨਾਲ ਚੱਲਦੇ ਸਨ। ਉਸ ਸਮੇਂ, ਉਹ ਜਿੱਥੇ ਸਿਕੰਦਰ ਦਾ ਮਾਰਗ ਦਰਸ਼ਨ ਕਰਦੇ ਸਨ, ਉੱਥੇ ਹੀ ਫੌਜ ਦਾ ਮਨੋਰੰਜਨ ਵੀ ਕਰਦੇ ਸਨ। ਇਹ ਸਭ ਅਰਸਤੂ ਦੀ ਸਿੱਖਿਆ ਅਨੁਸਾਰ ਚੱਲ ਰਿਹਾ ਸੀ।
ਜਿੱਤਾਂ ਪ੍ਰਾਪਤ ਕਰਦਾ ਹੋਇਆ ਸਿਕੰਦਰ ਜਦੋਂ ਪੰਜਾਬ ਪਹੁੰਚਿਆ ਤਾਂ ਉਸ ਦੀ ਪੰਜਾਬੀ ਜਾਏ ਪੋਰਸ ਨਾਲ ਵੱਡੀ ਲੜਾਈ ਹੋਈ। ਲੜਾਈ ਦੇ ਅੰਤ ਵਿੱਚ ਜੋ ਸਿਕੰਦਰ ਅਤੇ ਪੋਰਸ ਵਿੱਚ ਵਾਰਤਾਲਾਪ ਹੋਈ ਉਹ ਹਰ ਪੰਜਾਬੀ ਦੀ ਜ਼ੁਬਾਨ ’ਤੇ ਹੈ। ਸਿਕੰਦਰ ਨੇ ਆਪਣੇ ਦੁਸ਼ਮਣ ਪੋਰਸ ਨੂੰ ਮਾਰਿਆ ਨਹੀਂ, ਸਗੋਂ ਸਿਕੰਦਰ, ਪੋਰਸ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਲੜਾਈ ਛੱਡ ਵਾਪਸ ਮੁੜ ਗਿਆ। ਇਨ੍ਹਾਂ ਰਾਜਿਆਂ ਦੀ ਵਾਰਤਾਲਾਪ ਨੇ ਜਿੱਥੇ ‘ਸਿਕੰਦਰ’ ਨੂੰ ਮਹਾਨ ਬਣਾ ਦਿੱਤਾ, ਉੱਥੇ ਪਿੱਛੇ ਬੈਠੇ ਉਸ ਦੇ ਗੁਰੂ ‘ਅਰਸਤੂ’ ਨੂੰ ਵੀ ਮਹਾਨ ਬਣਾ ਦਿੱਤਾ। ਇਕੱਤੀ ਸਾਲ ਦੀ ਉਮਰ ਵਿੱਚ ਸਿਕੰਦਰ ਮਹਾਨ ਦੀ ਮੌਤ ਹੋ ਗਈ। ਇਸ ਘਟਨਾ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਨਫ਼ਰਤੀ ਦੌਰ ਨੇ ਅਰਸਤੂ ਨੂੰ ਵੀ ਨਹੀਂ ਬਖ਼ਸ਼ਿਆ। ਉਸ ਨੂੰ ਏਥਨਜ਼ ਜੋ ਉਸ ਦੀ ਪਸੰਦੀਦਾ ਥਾਂ ਸੀ, ਵਿੱਚੋਂ ਕੱਢ ਦਿੱਤਾ ਗਿਆ। ਉਸ ਦੇ ਲਿਖੇ ਗ੍ਰੰਥਾਂ ਨੂੰ ਡੰਪ ਕਰ ਦਿੱਤਾ ਗਿਆ। ਨਿਰਾਸ਼ਤਾ ਅਤੇ ਮਾਯੂਸੀ ਦੇ ਦੌਰ ਵਿੱਚ ਬਾਹਟ ਸਾਲ ਦੀ ਉਮਰ ਭੋਗ ਕੇ ਉਹ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ। ਦੋ ਸੌ ਸਾਲ ਬਾਅਦ ਉਸ ਦੇ ਗ੍ਰੰਥ ਖੋਲ੍ਹੇ ਗਏ ਜੋ ਅੱਜ ਵੀ ਸੰਸਾਰ ਨੂੰ ਰੋਸ਼ਨੀ ਦੇ ਰਹੇ ਹਨ।
ਸੰਪਰਕ: 0452640039