ਐਬਟਸਫੋਰਡ ਸਰਹਾਲਾ ਗਣੂੰਆ ਕਬੱਡੀ ਕਲੱਬ ਦੀ ਟੀਮ ਨੇ ਕਬੱਡੀ ਕੱਪ ਜਿੱਤਿਆ
ਐਡਮਿੰਟਨ: ਕੈਨੇਡਾ ਦੇ ਖ਼ੂਬਸੂਰਤ ਰਿਵਰ ਹਾਕ ਸਟੇਡੀਅਮ ਵਿਖੇ ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਖੇਡਿਆ ਗਿਆ। ਕਬੱਡੀ ਕੱਪ ਵਿੱਚ ਕੁੱਲ ਛੇ ਟੀਮਾਂ ਨੇ ਭਾਗ ਲਿਆ। ਜੇਤੂ ਟੀਮ ਨੂੰ ਗੋਲਡ ਕੱਪ ਅਤੇ ਵਧੀਆ ਰੇਡਰ ਤੇ ਸਟਾਪਰ ਨੂੰ ਗਿਆਰਾਂ-ਗਿਆਰਾਂ ਸੌ ਡਾਲਰ ਨਾਲ ਸਨਮਾਨਿਤ ਕੀਤਾ ਗਿਆ।
ਫਾਈਨਲ ਮੈਚ ਵਿੱਚ ਐਬਟਸਫੋਰਡ ਸਰਹਾਲਾ ਗਣੂੰਆ ਕਬੱਡੀ ਕਲੱਬ ਅਤੇ ਆਜ਼ਾਦ-ਪੰਜਾਬ ਕੇਸਰੀ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਫਸਵਾਂ ਮੈਚ ਹੋਇਆ। ਐਬਟਸਫੋਰਡ ਸਰਹਾਲਾ ਗਣੂੰਆ ਕਬੱਡੀ ਕਲੱਬ ਅੱਧੇ ਅੰਕ ਨਾਲ ਜੇਤੂ ਰਹੀ। ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਵਧੀਆ ਮਨੋਰੰਜਨ ਕੀਤਾ।
ਆਜ਼ਾਦ-ਪੰਜਾਬ ਕੇਸਰੀ ਕਬੱਡੀ ਕਲੱਬ ਵੱਲੋਂ ਮੀਨਾ ਬੱਲਨੋ, ਚਿੱਤਪਾਲ ਚਿੱਟੀ, ਰਾਜੂ ਕੋਟਲਾ ਭੜੀ, ਸ਼ੰਕਰ ਸੰਧਵਾਂ ਨੇ ਸ਼ਾਨਦਾਰ ਵਲੇਵੇਦਾਰ ਝਕਾਨੀਆਂ ਵਾਲੀ ਦਿਲ ਖਿੱਚਵੀਂ ਕਬੱਡੀ ਪਾਈ। ਇਸ ਟੀਮ ਦੇ ਜਾਫ਼ੀ ਦਲਜਿੰਦਰ ਮਠੁੱਡਾ ਅਤੇ ਗੋਪੀ ਮਾਣਕੀ ਨੇ ਇੱਕ-ਇੱਕ ਜੱਫ਼ਾ ਲਾ ਕੇ ਮੈਚ ਵਿੱਚ ਉਤਸੁਕਤਾ ਅਤੇ ਰੌਚਿਕਤਾ ਭਰ ਦਿੱਤੀ।
ਦੂਜੇ ਪਾਸੇ ਐਬਟਸਫੋਰਡ-ਸਰਹਾਲਾ ਗਣੂੰਆ ਕਬੱਡੀ ਕਲੱਬ ਦੇ ਧਾਵੀ ਬਲਾਲ ਢਿੱਲੋਂ ਅਤੇ ਦੁੱਲਾ ਬੈਗਾ ਪਿੰਡ ਨੇ ਬਹੁਤ ਵਧੀਆ ਖੇਡ ਪ੍ਰਦਰਸ਼ਨ ਕਰਕੇ ਲੋਕਾਂ ਤੋਂ ਭਰਪੂਰ ਪ੍ਰਸੰਸਾ ਲਈ। ਇਸ ਟੀਮ ਦੇ ਸਟਾਰ ਜਾਫੀ ਸੀਲੂ ਬਾਹੂ ਅਕਬਰਪੁਰ ਨੇ ਪੰਜ ਜੱਫੇ, ਅਮਨ ਦਿਉਰਾ ਨੇ ਦੋ ਜੱਫੇ ਅਤੇ ਪਾਲਾ ਜਲਾਲਪੁਰ ਨੇ ਇੱਕ ਜੱਫਾ ਲਗਾ ਕੇ ਆਖ਼ਰੀ ਪਲ ਵਿੱਚ ਮੈਚ ਦਾ ਪਾਸਾ ਪਲਟ ਦਿੱਤਾ ਜਿਸ ਕਰਕੇ ਐਬਟਸਫੋਰਡ ਸਰਹਾਲਾ ਗਣੂੰਆ ਦੀ ਟੀਮ ਨੇ ਸਿਰਫ਼ ਅੱਧੇ ਅੰਕ ਨਾਲ ਜਿੱਤ ਪ੍ਰਾਪਤ ਕੀਤੀ। ਇਹ ਟੀਮ ਇਸ ਸੀਜ਼ਨ ਵਿੱਚ ਲਗਾਤਾਰ ਜਿੱਤ ਪ੍ਰਾਪਤ ਕਰ ਚੁੱਕੀ ਹੈ। ਇਸ ਟੀਮ ਦੇ ਧਾਵੀ ਬਲਾਲ ਮੋਹਿਸ਼ਨ ਢਿੱਲੋਂ ਨੇ ਸੈਮੀਫਾਈਨਲ ਅਤੇ ਫਾਈਨਲ ਵਿੱਚ 40 ਕਬੱਡੀਆਂ ਪਾ ਕੇ 38 ਅੰਕ ਪ੍ਰਾਪਤ ਕੀਤੇ, ਇਸ ਲਈ ਇਸ ਨੂੰ ਵਧੀਆ ਧਾਵੀ ਦਾ ਖ਼ਿਤਾਬ ਦਿੱਤਾ ਗਿਆ। ਇਸ ਟੀਮ ਦੇ ਜਾਫੀ ਅਮਨ ਦਿਉਰਾ ਨੇ ਸੈਮੀਫਾਈਨਲ ਅਤੇ ਫਾਈਨਲ ਵਿੱਚ 23 ਵਾਰ ਕੋਸ਼ਿਸ਼ ਕਰਕੇ ਅੱਠ ਜੱਫੇ ਲਾਏ, ਇਸ ਲਈ ਇਸ ਨੂੰ ਵਧੀਆ ਜਾਫੀ ਦਾ ਖ਼ਿਤਾਬ ਦਿੱਤਾ ਗਿਆ। ਮੱਖਣ ਅਲੀ, ਸੁਰਜੀਤ ਕਕਰਾਲੀ, ਕਾਲਾ ਰਛੀਨ, ਪ੍ਰਿਤਾ ਸ਼ੇਰਗੜ੍ਹ ਚੀਮਾ ਅਤੇ ਇਕਬਾਲ ਗਾਲਿਬ ਨੇ ਕੁਮੈਂਟਰੀ ਵਿੱਚ ਚੰਗਾ ਰੰਗ ਬੰਨ੍ਹ ਕੇ ਦਰਸ਼ਕਾਂ ਦੀ ਉਤਸੁਕਤਾ ਨੂੰ ਬੰਨ੍ਹੀਂ ਰੱਖਿਆ। ਉੱਥੇ ਹੀ ਜਸਵੰਤ ਸਿੰਘ ਖੜਗ ਨੇ ਸਾਰੇ ਖਿਡਾਰੀਆਂ ਦੇ ਅੰਕੜੇ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਅੰਕਿਤ ਕੀਤੇ।
ਇਹ ਕਬੱਡੀ ਕੱਪ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ। ਕਬੱਡੀ ਕੱਪ ਬਾਬਾ ਜੱਗਾ ਧਾਲੀਵਾਲ, ਸੋਢੀ ਭਲਵਾਨ, ਪਰਮਿੰਦਰ ਸਿੰਘ ਖ਼ਾਲਸਾ, ਮਨਜੀਤ ਸਿੰਘ ਖ਼ਾਲਸਾ, ਲੱਭਾ ਧਨੋਆ ਅਤੇ ਗਾਇਕ ਬਿਕਰਮਜੀਤ ਸਿੰਘ ਖਜਾਲਾ ਦੇ ਉੱਦਮ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਐੱਮਪੀ ਕੈਲਗਰੀ ਜਗਸ਼ਰਨ ਸਿੰਘ, ਐੱਮਪੀ ਬਲਵਿੰਦਰ ਗਿੱਲ ਹੱਲਣ, ਅਮਨਪ੍ਰੀਤ ਗਿੱਲ ਨਾਮ ਕਲਾਰ, ਰਣਜੀਤ ਬਾਠ, ਤੇਜਿੰਦਰ ਸੰਧੂ, ਸਰਬਜੀਤ ਸਿੰਘ ਅਤੇ ਮਨਜੀਤ ਸਿੰਘ ਫੇਰੂਮਾਨ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ।
ਸੰਪਰਕ: 98156-25409