ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੀਚਾਂ ਦੇ ਸ਼ਹਿਰ ਫਿਜ਼ੀ ਦਾ ਸਫ਼ਰ

ਸਫ਼ਰ ਸਿੱਖਿਆ ਪ੍ਰਾਪਤ ਕਰਨ ਦਾ ਵਧੀਆ ਸਾਧਨ ਹੈ। ਸਫ਼ਰ ਦੌਰਾਨ ਖੱਟੇ ਮਿੱਠੇ ਤਜਰਬੇ ਤੁਹਾਨੂੰ ਹਮੇਸ਼ਾਂ ਯਾਦ ਰਹਿੰਦੇ ਹਨ। ਮਾੜੀਆਂ ਘਟਨਾਵਾਂ ਤੋਂ ਸਬਕ ਮਿਲਦਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਤੋਂ ਕਿਵੇਂ ਬਚਿਆ ਜਾਵੇ? ਜੇਕਰ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਟੂੁਰਿਸਟ ਵੀਜ਼ਾ ਹੈ...
Advertisement

ਸਫ਼ਰ ਸਿੱਖਿਆ ਪ੍ਰਾਪਤ ਕਰਨ ਦਾ ਵਧੀਆ ਸਾਧਨ ਹੈ। ਸਫ਼ਰ ਦੌਰਾਨ ਖੱਟੇ ਮਿੱਠੇ ਤਜਰਬੇ ਤੁਹਾਨੂੰ ਹਮੇਸ਼ਾਂ ਯਾਦ ਰਹਿੰਦੇ ਹਨ। ਮਾੜੀਆਂ ਘਟਨਾਵਾਂ ਤੋਂ ਸਬਕ ਮਿਲਦਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਤੋਂ ਕਿਵੇਂ ਬਚਿਆ ਜਾਵੇ?

ਜੇਕਰ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਟੂੁਰਿਸਟ ਵੀਜ਼ਾ ਹੈ ਤਾਂ ਤੁਹਾਨੂ ਛੇ ਮਹੀਨਿਆਂ ਬਾਅਦ ਕੰਟਰੀ ਆਊਟ (ਭਾਵ ਨਿਊਜ਼ੀਲੈਂਡ ਛੱਡਣਾ ਪਵੇਗਾ) ਕਰਨਾ ਪਵੇਗਾ। ਤੁਸੀਂ ਭਾਵੇ ਅਗਲੇ ਦਿਨ ਹੀ ਫਿਰ ਵਾਪਸ ਆ ਜਾਓ। ਨਿਊਜ਼ੀਲੈਂਡ ਵਿੱਚ ਰਹਿੰਦੇ ਲਗਭਗ ਬਹੁਗਿਣਤੀ ਮਾਪਿਆਂ ਨੂੰ ਇਸ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਇਸ ਲਈ ਉਨ੍ਹਾਂ ਕੋਲ ਦੋ ਰਸਤੇ ਹੁੰਦੇ ਹਨ।

Advertisement

ਪਹਿਲਾ ਆਸਟਰੇਲੀਆ ਜਾਣਾ, ਜਿਹੜਾ ਨਿਊਜ਼ੀਲੈਂਡ ਦੇ ਨੇੜੇ ਪੈਂਦਾ ਹੈ। ਇੱਥੇ ਜਾਣਾ ਸੌਖਾ ਹੈ, ਪਰ ਆਸਟਰੇਲੀਆ ਦਾ ਵੀਜ਼ਾ ਲੈਣਾ ਪੈਂਦਾ ਹੈ ਅਤੇ ਜੇਕਰ ਤੁਸੀਂ ਨਿਊਜ਼ੀਲੈਂਡ ਵਿੱਚ ਰਹਿੰਦੇ ਹੋਏ ਆਸਟਰੇਲੀਆ ਦਾ ਵੀਜ਼ਾ ਲੈਂਦੇ ਹੋ ਤਾਂ ਬਾਇਓਮੀਟਰਿਕ ਵੀ ਕਰਾਉਣੇ ਪੈਂਦੇ ਹਨ। ਇਸ ਦੀ ਗਰੰਟੀ ਵੀ ਨਹੀਂ ਕਿ ਵੀਜ਼ਾ ਮਿਲ ਹੀ ਜਾਵੇਗਾ। ਦੁੂਜਾ ਅਤੇ ਸੌਖਾ ਰਸਤਾ ਹੈ ਫਿਜ਼ੀ ਜਾਣ ਦਾ। ਭਾਰਤ ਦੇ ਪਾਸਪੋਰਟ ਹੋਲਡਰਾਂ ਨੂੰ ਵੀਜ਼ੇ ਦੇ ਲੋੜ ਨਹੀਂ ਹੈ। ਫਿਜ਼ੀ ਪਹੁੰਚ ਕੇ ਤੁਸੀਂ ਆਨ ਅਰਾਈਵਲ ਵੀਜ਼ਾ ਲੈ ਸਕਦੇ ਹੋ। ਮੈਨੂੰ ਵੀ ਇਸ ਪ੍ਰਤੀਕਿਰਿਆ ਵਿੱਚੋਂ ਲੰਘਣਾ ਪੈਣਾ ਸੀ। ਮੈਂ ਦੂਜਾ ਰਸਤਾ ਅਖ਼ਤਿਆਰ ਕਰਨ ਦਾ ਫ਼ੈਸਲਾ ਕੀਤਾ। ਹਵਾਈ ਜਹਾਜ਼ ਦੀਆਂ ਟਿਕਟਾਂ ਬੁੱਕ ਕਰਵਾਈਆਂ। ਫਿਜ਼ੀ ਇੱਕ ਛੋਟਾ ਜਿਹਾ ਟਾਪੂ ਹੈ। 2024 ਦੇ ਅੰਕੜਿਆਂ ਮੁਤਾਬਿਕ ਫਿਜ਼ੀ ਦੀ ਅਬਾਦੀ ਲਗਪਗ ਸਾਢੇ 9 ਲੱਖ ਸੀ। 1879 ਵਿੱਚ ਅੰਗਰੇਜ਼ਾਂ ਨੇ ਭਾਰਤੀ ਮਰਦ, ਇਸਤਰੀਆਂ ਅਤੇ ਬੱਚਿਆ ਨੂੰ ਸ਼ੂਗਰ (ਖੰਡ) ਇੰਡਸਟਰੀ ਲਈ ਕੰਟਰੈਕਟ ’ਤੇ ਆਰਜ਼ੀ ਤੌਰ ’ਤੇ ਫਿਜ਼ੀ ਲਿਆਂਦਾ। ਕੰਟਰੈਕਟ ਖ਼ਤਮ ਹੋਣ ਤੋਂ ਬਾਅਦ ਬਹੁਤਿਆਂ ਨੇ ਉੱਥੇ ਹੀ ਰਹਿਣ ਦਾ ਫ਼ੈਸਲਾ ਕਰ ਲਿਆ। ਇਨ੍ਹਾਂ ਦੇ ਵਾਰਿਸਾਂ ਨੂੰ ਹੁਣ ਇੰਡੋ-ਫਿਜ਼ੀਅਨ ਕਹਿੰਦੇ ਹਨ। ਇਨ੍ਹਾਂ ਦੀ ਗਿਣਤੀ ਹੁਣ ਫਿਜ਼ੀ ਜਨਸੰਖਿਆ ਦਾ ਅੰਦਾਜ਼ਨ 37 ਪ੍ਰਤੀਸ਼ਤ ਹੈ। ਫਿਜ਼ੀ ਦੇ ਬਹੁਤੇ ਲੋਕ ਈਸਾਈ ਹਨ। ਫਿਜ਼ੀ ਬੀਚਾਂ ਵਾਲਾ ਦੇਸ਼ ਹੈ। ਅੰਗਰੇਜ਼ੀ, ਫਿਜ਼ੀ ਅਤੇ ਹਿੰਦੀ ਸਰਕਾਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ। ਤਿੰਨ ਚਾਰ ਦਿਨਾਂ ਵਿੱਚ ਤੁਸੀਂ ਸਾਰਾ ਫਿਜ਼ੀ ਵੇਖ ਸਕਦੇ ਹੋ। ਰਗਬੀ ਇੱਥੋਂ ਦੀ ਮਸ਼ਹੂਰ ਖੇਡ ਹੈੇ।

ਮੇਰੇ ਵਾਂਗ ਬਹੁਤੇ ਲੋਕ ਸਸਤੀ ਟਿਕਟ ਖ਼ਰੀਦਦੇ ਹਨ। ਜਿਹੜੀ ਟਿਕਟ ਸਸਤੀ ਸੀ, ਉਸ ਵਿੱਚ ਭਾਰ ਸਿਰਫ਼ 7 ਕਿਲੋ ਹੀ ਲਿਜਾਇਆ ਜਾ ਸਕਦਾ ਸੀ। ਇਹ ਕੋਈ ਸਮੱਸਿਆ ਨਹੀਂ ਸੀ। ਜਾਣ ਲਈ ਇੱਕ ਦਿਨ, ਆਉਣ ਲਈ ਇੱਕ ਦਿਨ ਅਤੇ ਉੱਥੇ ਰਹਿਣ ਲਈ ਇੱਕ ਦਿਨ। ਤਿੰਨਾਂ ਦਿਨਾਂ ਲਈ ਜ਼ਰੂਰੀ ਸਾਮਾਨ ਅਤੇ ਕੱਪੜੇ ਆਦਿ ਲਈ ਸੱਤ ਕਿਲੋ ਭਾਰ ਬਹੁਤ ਸੀ, ਪਰ ਸਸਤੀ ਟਿਕਟ ਦੇ ਲਾਲਚ ਵਿੱਚ ਧੋਖਾ ਖਾ ਗਿਆ। ਟਿਕਟ ਵਿੱਚ ਮੀਲ (ਰੋਟੀ) ਸ਼ਾਮਿਲ ਨਹੀਂ ਸੀ। ਇਸ ਦਾ ਨਤੀਜਾ ਅੱਗੇ ਦੱਸਾਗਾਂ। ਹੁਣ ਮੈਂ ਫ਼ੈਸਲਾ ਲੈ ਚੁੱਕਾ ਹਾਂ ਕਿ ਸਸਤੀ ਟਿਕਟ ਦੇ ਲਾਲਚ ਵਿੱਚ ਮੀਲ ਨਾਲ ਸਮਝੌਤਾ ਕਦੀ ਨਹੀਂ ਕਰਾਂਗਾ।

ਬੋਰਡਿੰਗ ਪਾਸ ਕਰਾਈਸਟ ਚਰਚ ਤੋਂ ਮਿਲ ਗਏ ਸਨ। ਕਰਾਈਸਟ ਚਰਚ ਤੋਂ ਆਕਲੈਂਡ ਹਵਾਈ ਸਫ਼ਰ ਲਗਭਗ ਡੇਢ ਘੰਟਾ ਲੱਗਿਆ। ਇੱਥੇ ਹੀ ਸਾਡੀ (ਮੈਂ ਅਤੇ ਮੇਰੀ ਪਤਨੀ) ਇਮੀਗਰੇਸ਼ਨ ਹੋਈ। ਅਗਲਾ ਫਿਜ਼ੀ ਦਾ ਸਫ਼ਰ ਸਾਢੇ ਤਿੰਨ ਘੰਟੇ ਦਾ ਸੀ। ਮੀਲ ਸਰਵ ਕੀਤਾ ਗਿਆ। ਮੇਰੇ ਵਰਗੇ ਹੋਰ ਵੀ ਸਸਤੀ ਟਿਕਟ ਵਾਲੇ ਸਨ, ਜਿਨ੍ਹਾਂ ਨੂੰ ਮੀਲ ਨਾ ਮਿਲਿਆ। ਚਲੋ ਇਸ ਗ਼ਲਤੀ ਤੋਂ ਸਬਕ ਮਿਲਿਆ ਕਿ ਭਵਿਖ ਵਿੱਚ ਸਸਤੀ ਟਿਕਟ ਦੇ ਲਾਲਚ ਵਿੱਚ ਰੋਟੀ ਨਾਲ ਸਮਝੌਤਾ ਨਾ ਕਰੋ। ਆਕਲੈਂਡ ਤੋਂ ਸਾਨੂੰ ਇੱਕ ਪੰਜਾਬੀ ਮੀਆਂ-ਬੀਵੀ ਮਿਲ ਗਏ। ਉਨ੍ਹਾਂ ਨੇ ਵੀ ਫਿਜ਼ੀ ਜਾਣਾ ਸੀ ਅਤੇ ਹੋਟਲ ਵੀ ਸਾਡੇ ਵਾਲਾ ਸੀ ਅਤੇ ਉਨ੍ਹਾਂ ਦਾ ਉਦੇਸ਼ ਵੀ ਕੰਟਰੀ ਆਊਟ ਕਰਨਾ ਸੀ। ਹੁਣ ਸਾਨੂੰ ਸਾਥ ਮਿਲ ਗਿਆ ਸੀ। ਹੋਟਲ ਵੀ ਸਾਡਾ ਇੱਕ ਹੀ ਸੀ।

ਮਿੱਥੇ ਸਮੇਂ ਸਾਡਾ ਜਹਾਜ਼ ਫਿਜ਼ੀ ਪਹੁੰਚ ਗਿਆ। ਇਮੀਗਰੇਸ਼ਨ ਦੀ ਲੰਬੀ ਲਾਈਨ ਸੀ। ਸਾਡੀ ਵਾਰੀ ਆਉਂਦਿਆਂ ਲੰਬਾ ਸਮਾਂ ਲੱਗ ਗਿਆ। ਸਾਨੂੰ ਹਫ਼ਤੇ ਦਾ ਵੀਜ਼ਾ ਦੇ ਦਿੱਤਾ ਭਾਵੇਂ ਕਿ ਸਾਡੀ ਟਿਕਟ ਤੀਜੇ ਦਿਨ ਸਵੇਰ ਦੀ ਸੀ। ਅਸੀਂ ਬਾਹਰ ਆਏ ਤਾਂ ਤਖ਼ਤੀ ਫੜੀਂ ਡਰਾਈਵਰ ਸਾਡਾ ਇੰਤਜ਼ਾਰ ਕਰ ਰਿਹਾ ਸੀ। ਅਸੀਂ ਆਪਣਾ ਸਾਮਾਨ ਗੱਡੀ ਵਿੱਚ ਰੱਖਿਆ। ਪੰਦਰਾਂ ਕੁ ਮਿੰਟਾਂ ਵਿੱਚ ਅਸੀਂ ਹੋਟਲ ਪਹੁੰਚ ਗਏ। ਜਦੋਂ ਹੋਟਲ ਪਹੁੰਚੇ ਤਾਂ ਰਾਤ ਦੇ 11 ਵੱਜ ਚੁੱਕੇ ਸਨ। ਇਸ ਸਮੇਂ ਰੋਟੀ ਦਾ ਕੋਈ ਇੰਤਜ਼ਾਮ ਨਹੀਂ ਸੀ। ਸਾਮਾਨ ਕਮਰੇ ਵਿੱਚ ਰੱਖਿਆ ਅਤੇ ਰੋਟੀ ਦੀ ਤਲਾਸ਼ ਵਿੱਚ ਨਿਕਲੇ ਅਤੇ ਨੇੜੇ ਹੀ ਬਰਗਰ ਕਿੰਗ (ਹੋਟਲ) ਸਾਨੂੰ ਮਿਲ ਗਿਆ। ਖਾਣਾ ਭਾਵੇਂ ਸਾਡੀ ਪਸੰਦ ਦਾ ਨਹੀਂ ਸੀ, ਪਰ ਨਾ ਹੋਣ ਨਾਲੋ ਤਾਂ ਚੰਗਾ ਸੀ। ਢਿੱਡ ਵਿੱਚ ਆਸਰਾ ਹੋਇਆ। ਆ ਕੇ ਕਮਰੇ ਵਿੱਚ ਪੈ ਗਏ। ਸਵੇਰੇ ਹੋਟਲ ਤੋਂ ਨਾਸ਼ਤਾ ਮਿਲ ਗਿਆ।

ਹੋਟਲ ਵਾਲਿਆਂ ਨੇ ਸਾਡੇ ਲਈ ਟੈਕਸੀ ਦਾ ਇੰਤਜ਼ਾਮ ਕਰ ਦਿੱਤਾ। ਉਸ ਨਾਲ ਪੈਸੇ ਤੈਅ ਕਰਕੇ ਅਸੀਂ ਫਿਜ਼ੀ ਘੁੰਮਣ ਲਈ ਚੱਲ ਪਏ। ਉਹ ਸਾਨੂੰ ਸਬਜ਼ੀਆਂ ਅਤੇ ਫਲਾਂ ਦੀ ਮਾਰਕੀਟ ਲੈ ਗਿਆ। ਨਿੱਕੀਆਂ ਨਿੱਕੀਆਂ ਢੇਰੀਆਂ ਲਾ ਕੇ ਸਬਜ਼ੀ ਅਤੇ ਫਲ ਵਿਕਰੇਤਾ ਆਪਣਾ ਸਾਮਾਨ ਵੇਚ ਰਹੇ ਸਨ। ਇੱਥੇ ਕਿਸਾਨ ਸਿੱਧੇ ਆਪਣੀਆਂ ਸਬਜ਼ੀਆਂ ਵੇਚਦੇ ਹਨ। ਕਿਸਾਨਾਂ ਦੀ ਹਾਲਤ ਦਾ ਅੰਦਾਜ਼ਾ ਉਨ੍ਹਾਂ ਨੂੰ ਵੇਖ ਕੇ ਲਾਇਆ ਜਾ ਸਕਦਾ ਸੀ। ਇਸ ਮਾਰਕੀਟ ਦਾ ਨਾਂ ਇੱਕ ਭਾਰਤੀ ਦਲੀਪ ਖੱਤਰੀ ਦੇ ਨਾਂ ’ਤੇ ਹੈ ਜਿਹੜਾ 1993-1999 ਤੱਕ ਨਾਡੀ ਸ਼ਹਿਰ ਦਾ ਮੇਅਰ ਰਿਹਾ। ਸਾਡਾ ਡਰਾਈਵਰ ਸਾਨੂੰ ਇੱਕ ਅਜਿਹੀ ਥਾਂ ਲੈ ਗਿਆ ਜਿੱਥੇ ਕਾਹਵਾ ਵੇਚਿਆ ਜਾ ਰਿਹਾ ਸੀ। ਕਈ ਦੇਸ਼ਾਂ ਨੇ ਇਸ ’ਤੇ ਪਾਬੰਦੀ ਲਗਾਈ ਹੋਈ ਹੈ। ਉਹ ਸਾਨੂੰ ਪੀਣ ਲਈ ਮਜਬੁੂਰ ਕਰਨ ਲੱਗਾ। ਅਸੀਂ ਨਾ ਪੀਣ ’ਤੇ ਦ੍ਰਿੜ ਰਹੇ। ਉਹ ਔਖਾ ਹੋ ਗਿਆ। ਸਾਡੇ ਬਾਰੇ ਕੁਝ ਅਪਸ਼ਬਦ ਵੀ ਕਹੇ। ਬਿਗਾਨਾ ਦੇਸ਼ ਹੋਣ ਕਾਰਨ ਅਸੀਂ ਚੁੱਪ ਰਹੇੇ। ਅਸੀਂ ਹੁਣ ਉਸ ਦੇ ਰਹਿਮ ’ਤੇ ਸੀ।

ਮਾਰਕੀਟ ਵਿੱਚੋਂ ਨਿਕਲਦਿਆਂ ਉਹ ਸਾਨੂੰ ਬਿਲਕੁਲ ਭਾਰਤ ਦੇ ਦੱਖਣ ਵਿੱਚ ਬਣੇ ਮੰਦਿਰਾਂ ਵਾਂਗ, ਮੰਦਿਰ ਲੈ ਗਿਆ। ਫਿਰ ਸਾਨੂੰ ਲਕੋਟਾ ਦੇ ਗੁਰਦੁਆਰਾ ਸਾਹਿਬ ਲੈ ਗਿਆ। ਅਸੀਂ ਉੱਥੇ ਘੰਟਾ ਕੁ ਰਹੇ। ਗੁਰਦੁਆਰੇ ਦੇ ਬਾਬੇ ਨੇ ਦੱਸਿਆ ਕਿ ਸਾਰੇ ਫਿਜ਼ੀ ਵਿੱਚ ਲਗਭਗ 2500 ਸਿੱਖ ਰਹਿੰਦੇ ਹਨ ਜਿਨ੍ਹਾਂ ਵਿੱਚੋਂ 500 ਕੁ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹੈ ਅਤੇ ਉਹ ਕਦੇ ਕਦੇ ਮੱਥਾ ਟੇਕਣ ਆਉਂਦੇ ਹਨ। ਬਾਕੀ ਫਿਜ਼ੀ ਦੇ ਲੋਕਾਂ ਵਰਗੇ ਹੋ ਗਏ ਹਨ ਅਤੇ ਕਦੀ ਗੁਰਦੁਆਰੇ ਨਹੀਂ ਆਏ। ਸਾਡੇ ਵੇਖਦਿਆਂ ਹੀ ਇੱਕ ਪਰਿਵਾਰ ਮੱਥਾ ਟੇਕਣ ਆਇਆ, ਜਿਸ ਦੇ ਮਰਦਾਂ ਅਤੇ ਔਰਤ ਨੇ ਛੋਟੀਆਂ ਨਿੱਕਰਾਂ ਪਾਈਆਂ ਹੋਈਆਂ ਸਨ। ਜਦੋਂ ਕਿ ਪੰਜਾਬ ਵਿੱਚ ਅਜਿਹੇ ਪਹਿਰਾਵੇ ਨੂੰ ਗੁਰਦੁਆਰਿਆਂ ਵਿੱਚ ਸਵੀਕਾਰ ਨਹੀਂ ਕੀਤਾ ਜਾਂਦਾ।

ਬਾਬਾ ਜੀ ਨੇ ਦੱਸਿਆ ਕਿ ਲੰਬਾ ਸਮਾਂ ਪਹਿਲਾਂ ਇਹ ਗੁਰਦੁਆਰਾ ਅਤੇ ਇਸ ਸ਼ਹਿਰ ਦੇ ਹੋਰ ਧਾਰਮਿਕ ਸਥਾਨ ਹਿੰਸਾ ਦਾ ਸ਼ਿਕਾਰ ਹੋਏ ਸਨ। ਗੁਰਦੁਆਰਾ ਸਾਹਿਬ ਨੂੰ ਅਗਨ ਭੇਂਟ ਕਰ ਦਿੱਤਾ ਗਿਆ। ਸੰਗਤਾਂ ਦੇ ਸਹਿਯੋਗ ਨਾਲ ਦੁਬਾਰਾ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ। ਬਾਬਾ ਜੀ ਨੇ ਦੱਸਿਆ ਕਿ ਪਹਿਲਾਂ ਨਿਊਜ਼ੀਲੈਂਡ ਤੋਂ ਕੰਟਰੀ ਆਊਟ ਕਰਨ ਆਏ ਲੋਕ ਇੱਥੇ ਰਾਤ ਰਹਿ ਕੇ ਚਲੇ ਜਾਂਦੇ ਸਨ। ਪਿਛਲੇ ਕੁਝ ਸਮੇਂ ਤੋਂ ਕੁਝ ਲੋਕਾਂ ਵੱਲੋਂ ਇਸ ਦੀ ਦੁਰਵਰਤੋਂ ਕੀਤੀ ਗਈ ਹੈ। ਇੱਕ ਕੇਸ ਵਿੱਚ ਮਾਮਲਾ ਇਮੀਗਰੇਸ਼ਨ ਕੋਲ ਵੀ ਪਹੁੰਚਿਆ। ਇਸ ਲਈ ਗੁਰਦੁਆਰਾ ਸਾਹਿਬ ਵਿੱਚ ਇਸ ਉਦੇਸ਼ ਲਈ ਕਮਰਾ ਨਹੀਂ ਦਿੱਤਾ ਜਾਂਦਾ। ਇਸ ਤੋਂ ਇਲਾਵਾ ਫਿਜ਼ੀ ਸਰਕਾਰ ਨੂੰ ਵਿੱਤੀ ਨੁਕਸਾਨ ਵੀ ਹੁੰਦਾ ਹੈ। ਸੈਰ ਸਪਾਟਾ ਫਿਜ਼ੀ ਸਰਕਾਰ ਦੀ ਆਮਦਨ ਦਾ ਮੁੱਖ ਸਰੋਤ ਹੈ।

ਅਸੀਂ ਘੰਟੇ ਕੁ ਬਾਅਦ ਉੱਥੋਂ ਚੱਲ ਪਏ। ਕਾਰ ਦਾ ਡਰਾਈਵਰ ਸਾਡੇ ਨਾਲ ਔਖਾ ਸੀ ਕਿਉਂਕਿ ਅਸੀਂ ਉਸ ਦੇ ਕਹੇ ਅਨੁਸਾਰ ਕਾਹਵਾ ਨਹੀਂ ਸੀ ਪੀਤਾ। ਇੱਕ ਬੀਚ ’ਤੇ ਲਿਜਾਣ ਤੋਂ ਬਾਅਦ ਉਹ ਸਾਨੂੰ ਵਾਪਸ ਇਹ ਕਹਿ ਕੇ ਹੋਟਲ ਲੈ ਆਇਆ ਕਿ ਤੁਸੀਂ ਕੁਝ ਖਾਂਦੇ-ਪੀਂਦੇ ਤਾਂ ਹੈ ਨਹੀਂ, ਇਸ ਲਈ ਹੋਟਲ ਹੀ ਚੰਗੇ ਹੋ। ਬਿਗਾਨਾ ਸ਼ਹਿਰ, ਬਿਗਾਨੇ ਲੋਕ, ਅਸੀਂ ਵੀ ਕੁਝ ਕਹਿਣਾ ਮੁਨਾਸਿਬ ਨਾ ਸਮਝਿਆ ਅਤੇ ਚੁੱਪ ਚਾਪ ਪੈਸੇ ਦੇ ਕੇ ਆਪਣੇ ਕਮਰੇ ਵਿੱਚ ਆ ਗਏ। ਦੁਪਹਿਰ ਦਾ ਖਾਣਾ ਲਾਗੇ ਹੀ ਇੱਕ ਹੋਟਲ ਤੋਂ ਖਾਧਾ। ਹੋਟਲ ਦੇ ਦੋ ਕਰਮਚਾਰੀ ਭਾਰਤੀ ਸਨ। ਜਿਹੜੇ ਸਾਨੂੰ ਮਿਲ ਕੇ ਬਹੁਤ ਖ਼ੁਸ਼ ਹੋਏ। ਖਾਣਾ ਸਵਾਦ ਸੀ। ਖਾਣਾ ਖਾਣ ਤੋਂ ਜਦੋਂ ਅਸੀਂ ਪੈਸੇ ਦੇਣ ਕਾਊਂਟਰ ’ਤੇ ਗਏ ਤਾਂ ਉੱਥੇ ਇੱਕ ਛੋਟਾ ਜਿਹਾ ਬਕਸਾ ਪਿਆ ਸੀ। ਜੇਕਰ ਕੋਈ ਟਿਪ ਦੇਣਾ ਚਾਹਵੇ ਤਾਂ ਉਹ ਬਕਸੇ ਵਿੱਚ ਪਾ ਦਿੰਦਾ ਸੀ। ਟਿੱਪ ਮੰਗੀ ਨਹੀਂ ਜਾਂਦੀ। ਖਾਣਾ ਮਹਿੰਗਾ ਸੀ, ਪਰ ਸੁਆਦ ਸੀ।

ਲਾਗੇ ਹੀ ਮਾਲ ਸੀ। ਅਸੀਂ ਸਮਾਂ ਬਿਤਾਉਣ ਲਈ ਅੰਦਰ ਚਲੇ ਗਏ। ਆਲਾ ਦੁਆਲਾ ਵੇਖਿਆ। ਇੱਕ ਦੁਕਾਨ ’ਤੇ ਬਰੈੱਡ ਲਿਖਿਆ ਹੋਇਆ ਸੀ। ਅਸੀਂ ਅੰਦਰ ਚਲੇ ਗਏ। ਅੰਦਰ ਇੱਕ ਔਰਤ ਮਸ਼ੀਨ ਰਾਹੀਂ ਬਰੈੱਡ ਦਾ ਆਟਾ ਤਿਆਰ ਕਰ ਰਹੀ ਸੀ, ਫਿਰ ਆਟੇ ਨੂੰ ਬਰੈੱਡ ਦੀ ਸ਼ੇਪ ਦਿੱਤੀ ਜਾ ਰਹੀ ਸੀ। ਭੱਠੀ ਵਿੱਚ ਬਰੈੱਡ ਪੱਕ ਰਹੀ ਸੀ। ਮਸ਼ੀਨ ’ਤੇ ਲੱਗੇ ਬਲੇਡ ਬਰੈੱਡ ਦੇ ਪੀਸ ਕਰ ਰਹੇ ਸਨ। ਗਰਮ ਗਰਮ ਤਾਜ਼ਾ ਬਰੈੱਡ ਲੋਕਾਂ ਨੂੰ ਵੇਚੀ ਜਾ ਰਹੀ ਸੀ। ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਬਿਨਾਂ ਲੋੜ ਤੋਂ ਬਰੈੱਡ ਖ਼ਰੀਦੀ ਅਤੇ ਤਾਜ਼ੀ ਬਰੈੱਡ ਦਾ ਆਨੰਦ ਮਾਣਿਆ।

ਰਾਤ ਦੀ ਰੋਟੀ ਖਾਧੀ। ਸਵੇਰ ਵਾਸਤੇ ਰੋਟੀ ਪੈਕ ਕਰਵਾਈ ਕਿਉਂਕਿ ਹੋਟਲ ਸਵੇਰੇ 11 ਵਜੇ ਖੁੱਲ੍ਹਦੇ ਸਨ। ਅਸੀਂ ਸਵੇਰੇ 9 ਵਜੇ ਏਅਰਪੋਰਟ ’ਤੇ ਪਹੁੰਚਣਾ ਸੀ। ਆਨਲਾਈਨ ਬੁੱਕ ਕਰਾਏ ਹੋਟਲ ਦਾ ਤਜਰਬਾ ਵਧੀਆ ਨਾ ਰਿਹਾ। ਕਮਰਾ ਸਾਫ਼ ਸੁਥਰਾ ਵੀ ਨਹੀਂ ਸੀ। ਬੈੱਡ ਦੀਆਂ ਚਾਦਰਾਂ ਪਾਟੀਆਂ ਹੋਈਆਂ ਸਨ। ਸਾਡੇ ਕਹਿਣ ’ਤੇ ਚਾਦਰਾਂ ਬਦਲ ਦਿੱਤੀਆਂ ਗਈਆਂ, ਪਰ ਬਦਲੀਆਂ ਚਾਦਰਾਂ ਦਾ ਹਾਲ ਵੀ ਮਾੜਾ ਸੀ। ਅਗਲੇ ਦਿਨ ਫਿਰ ਸ਼ਿਕਾਇਤ ਕੀਤੀ ਤਾਂ ਫਿਰ ਚਾਦਰਾਂ ਬਦਲ ਦਿੱਤੀਆਂ। ਹੋਟਲ ਦੇ ਕਰਮਚਾਰੀਆਂ ਦਾ ਵਤੀਰਾ ਵਧੀਆ ਨਹੀਂ ਸੀ। ਹੋਟਲ ਬੁੱਕ ਕਰਾਉਣ ਤੋਂ ਪਹਿਲਾਂ ਸਾਨੂੰ ਉਸ ਬਾਰੇ ਫੀਡਬੈਕ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ। ਦੋ ਰਾਤਾਂ ਤੇ ਇੱਕ ਦਿਨ ਫਿਜ਼ੀ ਬਿਤਾ ਕੇ ਅਸੀਂ ਵਾਪਿਸ ਕਰਾਈਸਟ ਚਰਚ ਆ ਗਏ।

ਸੰਪਰਕ: 64274-791038

Advertisement
Show comments