ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦਾ ਵਫ਼ਦ ਮੇਅਰ ਨੂੰ ਮਿਲਿਆ
ਸਰੀ: ਬੀਤੇ ਦਿਨ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੀ ਕੋਰ ਕਮੇਟੀ ਵੱਲੋਂ ਸਰੀ ਦੀ ਮੇਅਰ ਬ੍ਰੈਂਡਾ ਲੌਕ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੇਅਰ ਨੇ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਐਸੋਸੀਏਸ਼ਨ ਵੱਲੋਂ ਰੱਖੇ ਜਨਤਕ ਮੁੱਦਿਆਂ ਨੂੰ ਵੀ ਗੰਭੀਰਤਾ ਨਾਲ ਸੁਣਿਆ।
ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਡਾ. ਜਸਵਿੰਦਰ ਸਿੰਘ ਦਿਲਾਵਰੀ ਨੇ ਮੇਅਰ ਨੂੰ ਐਸੋਸੀਏਸ਼ਨ ਦੇ ਕਾਰਜਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਮੇਅਰ ਬ੍ਰੈਂਡਾ ਲੌਕ ਨੇ ਐਸੋਸੀਏਸ਼ਨ ਦੇ ਇਨ੍ਹਾਂ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਡਾ. ਦਿਲਾਵਰੀ ਨੇ ਸ਼ਹਿਰ ਵਿੱਚ ਸੜਕ ਸੁਰੱਖਿਆ ਦਾ ਮੁੱਦਾ ਉਠਾਇਆ ਅਤੇ ਕੁਝ ਰਸਤਿਆਂ ’ਤੇ ਆਵਾਜਾਈ ਨੂੰ ਕੰਟਰੋਲ ਕਰਨ ਵਾਲੀਆਂ ਲਾਈਟਾਂ ਲਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਰਸਤਿਆਂ ’ਤੇ ਹਰ ਪਲ ਐਕਸੀਡੈਂਟ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਐਸੋਸੀਏਸ਼ਨ ਵੱਲੋਂ ਸ਼ਹਿਰ ਦੇ ਕਿਸੇ ਪਾਰਕ ਜਾਂ ਸੜਕ ਦਾ ਨਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ’ਤੇ ਰੱਖਣ ਸਬੰਧੀ ਚਰਚਾ ਕੀਤੀ ਗਈ ਤਾਂ ਕਿ ਇੱਥੋਂ ਦੀ ਅਗਲੀ ਪੀੜ੍ਹੀ ਸ਼ਹੀਦ ਖਾਲੜਾ ਦੀ ਜੱਦੋਜਹਿਦ ਅਤੇ ਬਲੀਦਾਨ ਤੋਂ ਸੇਧ ਲੈ ਸਕੇ।
ਮੇਅਰ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਅਤੇ ਚਰਚਿਤ ਮੁੱਦਿਆਂ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦੁਆਇਆ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਮੈਂਬਰ ਬਲਜੀਤ ਸਿੰਘ ਰਾਏ, ਅਵਤਾਰ ਸਿੰਘ ਧਨੋਆ, ਹਰਪ੍ਰੀਤ ਸਿੰਘ ਮਾਨਕਟਲਾ, ਇੰਦਰਜੀਤ ਸਿੰਘ ਲੱਧੜ, ਹਰਵਿੰਦਰ ਸਿੰਘ, ਨਿਰੰਜਨ ਸਿੰਘ ਲੇਹਲ ਅਤੇ ਦਮਨਦੀਪ ਸਿੰਘ ਸ਼ਾਮਲ ਹੋਏ।
ਸੰਪਰਕ: 1 604 308 6663