ਜਦੋਂ ਮਹਿਲਾਵਾਂ ਦਾ ਸਿੰਧੂਰ ਹੀ ਉੱਜੜ ਗਿਆ ਤਾਂ ਨਾਮ ‘ਅਪਰੇਸ਼ਨ ਸਿੰਧੂਰ’ ਕਿਉਂ ਰੱਖਿਆ: ਜਯਾ ਬੱਚਨ
ਜਯਾ ਬੱਚਨ ਰਾਜ ਸਭਾ ਵਿੱਚ ‘ਪਹਿਲਗਾਮ ’ਚ ਅਤਿਵਾਦੀ ਹਮਲੇ ਦੇ ਜਵਾਬ ’ਚ ਭਾਰਤ ਦੇ ਮਜ਼ਬੂਤ, ਸਫ਼ਲ ਅਤੇ ਫ਼ੈਸਲਾਕੁੰਨ ‘ਅਪਰੇਸ਼ਨ ਸਿੰਧੂਰ’ ’ਤੇ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲੈ ਰਹੀ ਸੀ।
ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਜਯਾ ਬੱਚਨ ਨੇ ਕਿਹਾ ਕਿ ਉੱਥੇ ਜੋ ਕੁੱਝ ਵੀ ਹੋਇਆ ਉਹ ਸੱਚ ਨਹੀਂ ਲੱਗਦਾ, ਲੋਕ ਆਏ, ਇੰਨੇ ਸਾਰੇ ਲੋਕ ਮਰ ਗਏ ਅਤੇ ਕੁਝ ਨਹੀਂ ਹੋਇਆ।
ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ, ‘‘ਤੁਸੀਂ ਇਸ ਨੂੰ ‘ਸਿੰਧੂਰ’ ਦਾ ਨਾਮ ਕਿਉਂ ਦਿੱਤਾ? ਸਿੰਧੂਰ ਤਾਂ ਮਹਿਲਾਵਾਂ ਦਾ ਉੱਜੜ ਗਿਆ।’’
ਸੰਸਦ ਮੈਂਬਰ ਨੇ ਕਿਹਾ ਕਿ ਜੋ ਲੋਕ ਜਾਂ ਸੈਲਾਨੀ ਉੱਥੇ ਗਏ ਸੀ, ਉਹ ਉੱਥੇ ਕਿਉਂ ਗਏ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਧਾਰਾ 370 ਹਟਾਉਣ ਮਗਰੋਂ ਅਤਿਵਾਦ ਖ਼ਤਮ ਹੋ ਜਾਵੇਗਾ ਪਰ ਕੀ ਹੋਇਆ। ਲੋਕਾਂ ਨੇ ਸਰਕਾਰ ਦੀ ਗੱਲ ’ਤੇ ਭਰੋਸਾ ਕੀਤਾ ਅਤੇ ਉੱਥੇ ਗਏ। ਸਰਕਾਰ ’ਤੇ ਆਮ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਜਯਾ ਬੱਚਨ ਨੇ ਮੰਗ ਕੀਤੀ ਕਿ ਉਸ ਨੂੰ ਪਹਿਲਗਾਮ ਹਮਲੇ ਦੇ ਪੀੜਤਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਜੰਮੂ ਕਸ਼ਮੀਰ ਵਿੱਚ ਸਭ ਕੁੱਝ ਆਮ ਹੋਣ ਦਾ ਦਾਅਵਾ ਸਰਕਾਰ ਨੇ ਹੀ ਕੀਤਾ ਸੀ। ਜਯਾ ਨੇ ਪਹਿਲਗਾਮ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਅਜੀਬ ਲੱਗਿਾ ਹੈ ਕਿ ਅਤਿਵਾਦੀਆਂ ਨੇ ਕਿਸ ਤਰ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਆਪਣਿਆਂ ਸਾਹਮਣੇ ਮਾਰ ਮੁਕਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਉਸ ਨੂੰ ਪੀੜਤਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਜੇਕਰ ਉਹ ਜੰਮੂ ਕਸ਼ਮੀਰ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਨਾ ਕਰਦੀ ਤਾਂ ਉੱਥੇ ਸੈਲਾਨੀ ਨਾ ਜਾਂਦੇ ਅਤੇ ਉਨ੍ਹਾਂ ਦੀ ਜਾਨ ਨਾ ਜਾਂਦੀ।
ਜਯਾ ਨੇ ਕਿਹਾ ਕਿ ਰੱਖਿਆ ਮੰਤਰੀ ਨੇ ਆਤਮਨਿਰਭਰਤਾ ਦੀ ਗੱਲ ਕੀਤੀ ਹੈ ਪਰ ਜੇਕਰ ਸਰਕਾਰ 26 ਜਣਿਆਂ ਦੀ ਰੱਖਿਆ ਨਹੀਂ ਕਰ ਸਕੀ ਤਾਂ ਇਸ ਗੋਲਾ-ਬਾਰੂਦ, ਹਥਿਆਰ ਬਣਾਉਣ ਦੀ ਤਿਆਰੀ ਕਿਸ ਕੰਮ ਦੀ ਹੈ।
ਉਨ੍ਹਾਂ ਕਿਹਾ, ‘‘ਇਨਸਾਨੀਅਤ ਹੋਣੀ ਚਾਹੀਦੀ ਹੈ, ਗੋਲਾ-ਬਾਰੂਦ ਨਾਲ ਕੁੱਝ ਨਹੀਂ ਹੋਵੇਗਾ। ਹਿੰਸਾ ਨਾਲ ਕੋਈ ਵਿਵਾਦ ਨਹੀਂ ਸੁਲਝਿਆ। ਨਿਮਰ ਬਣੋ ਅਤੇ ਦੇਸ਼ ਦੇ ਲੋਕਾਂ ਦੇ ਮਨ ’ਚ ਵਿਸ਼ਵਾਸ ਜਗਾਓ ਕਿ ਤੁਸੀਂ ਉਨ੍ਹਾਂ ਦੀ ਰੱਖਿਆ ਕਰੋਗੇ।’’