ਦਿੱਲੀ ਵਿੱਚ ਯਮੁਨਾ ’ਚ ਪਾਣੀ ਦਾ ਪੱਧਰ ਵਧਿਆ
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ 25 ਥਾਵਾਂ ’ਤੇ ਬਣਾਏ ਗਏ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ, ‘‘ਪੰਜ ਜ਼ਿਲ੍ਹਿਆਂ ਪੂਰਬ, ਉੱਤਰ, ਦੱਖਣ-ਪੂਰਬ, ਉੱਤਰ-ਪੂਰਬ ਅਤੇ ਮੱਧ ਤੋਂ 7,500 ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ ਹੈ। ਉਨ੍ਹਾਂ ਨੂੰ 25 ਥਾਵਾਂ ’ਤੇ ਬਣੇ ਰਾਹਤ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਤੰਬੂ, ਸਕੂਲ ਆਦਿ ਸ਼ਾਮਲ ਹਨ।
ਦਿੱਲੀ ਵਿੱਚ ਯਮੁਨਾ ਨਦੀ ਮੰਗਲਵਾਰ ਨੂੰ ਖਤਰੇ ਦੇ ਨਿਸ਼ਾਨ ਤੋਂ ਟੱਪ ਗਈ ਸੀ ਅਤੇ ਇੱਥੇ ਪਾਣੀ ਦਾ ਪੱਧਰ 206.03 ਮੀਟਰ ਦਰਜ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਲਗਾਤਾਰ ਵਧ ਰਿਹਾ ਹੈ।
ਜਿਵੇਂ-ਜਿਵੇਂ ਪਾਣੀ ਦਾ ਪੱਧਰ ਵਧਿਆ, ਜ਼ਿਲ੍ਹਾ ਅਧਿਕਾਰੀਆਂ ਵੱਲੋਂ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੱਢਿਆ ਗਿਆ ਅਤੇ ਓਆਰਬੀ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।
ਸੈਂਟਰਲ ਫਲੱਡ ਕੰਟਰੋਲ ਰੂਮ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਪਾਣੀ ਦੇ ਪੱਧਰ ਵਿੱਚ ਵਾਧੇ ਦਾ ਕਾਰਨ ਮੁੱਖ ਤੌਰ ’ਤੇ ਵਜ਼ੀਰਾਬਾਦ ਅਤੇ ਹਥਨੀਕੁੰਡ ਬੈਰਾਜਾਂ ਤੋਂ ਹਰ ਘੰਟੇ ਛੱਡੇ ਜਾਣ ਵਾਲੇ ਪਾਣੀ ਦੀ ਉੱਚ ਪੱਧਰੀ ਮਾਤਰਾ ਹੈ। ਪੂਰਵ ਅਨੁਮਾਨ ਪਾਣੀ ਦੇ ਪੱਧਰ ਵਿੱਚ ਹੋਰ ਵਾਧੇ ਦਾ ਸੰਕੇਤ ਦਿੰਦਾ ਹੈ।’’
ਨਦੀ ਵਿੱਚ ਸਵੇਰੇ 8 ਵਜੇ ਹਥਨੀਕੁੰਡ ਬੈਰਾਜ ਤੋਂ 1.62 ਲੱਖ ਕਿਊਸਿਕ ਅਤੇ ਵਜ਼ੀਰਾਬਾਦ ਬੈਰਾਜ ਤੋਂ 1.38 ਲੱਖ ਕਿਊਸਿਕ ਪਾਣੀ ਛੱਡਿਆ ਗਿਆ।