ਹਮਲਾ ਸਿਰਫ਼ ਮੇਰੇ ’ਤੇ ਨਹੀਂ, ਸਗੋਂ ਦਿੱਲੀ ਦੀ ਸੇਵਾ ਕਰਨ ਦੇ ਸਾਡੇ ਇਰਾਦੇ ’ਤੇ: ਰੇਖਾ ਗੁਪਤਾ
ਸਿਵਲ ਲਾਈਨਜ਼ ਖੇਤਰ ਵਿੱਚ ਉਨ੍ਹਾਂ ਦੇ ਕੈਂਪ ਆਫਿਸ ’ਤੇ ਹਮਲੇ ਤੋਂ ਬਾਅਦ ਦਿੱਤੇ ਬਿਆਨ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਜਨ ਸੁਨਵਾਈ ਪ੍ਰੋਗਰਾਮ ਪਹਿਲਾਂ ਵਾਂਗ ਜਾਰੀ ਰਹੇਗਾ।
ਉਨ੍ਹਾਂ X ’ਤੇ ਪੋਸਟ ’ਚ ਕਿਹਾ, ‘‘ਅੱਜ ਸਵੇਰੇ ਜਨਤਕ ਸੁਣਵਾਈ ਦੌਰਾਨ ਮੇਰੇ ’ਤੇ ਹੋਇਆ ਹਮਲਾ ਸਿਰਫ਼ ਮੇਰੇ ਉੱਪਰ ਨਹੀਂ, ਸਗੋਂ ਦਿੱਲੀ ਦੀ ਸੇਵਾ ਕਰਨ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੇ ਸਾਡੇ ਇਰਾਦੇ ਨੂੰ ਰੋਕਣ ਦੀ ਇੱਕ ਕਾਇਰਤਾਪੂਰਨ ਕੋਸ਼ਿਸ਼ ਸੀ।’’
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਹਮਲੇ ਤੋਂ ਬਾਅਦ ‘ਸਦਮੇ ਵਿੱਚ’ ਸਨ, ਪਰ ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ‘ਬਿਹਤਰ ਮਹਿਸੂਸ ਕਰ ਰਹੇ ਹਨ।’
ਉਨ੍ਹਾਂ ਕਿਹਾ, ‘‘ਅਜਿਹੇ ਹਮਲੇ ਕਦੇ ਵੀ ਮੇਰੇ ਜਜ਼ਬੇ ਜਾਂ ਲੋਕਾਂ ਦੀ ਸੇਵਾ ਕਰਨ ਦੇ ਮੇਰੇ ਇਰਾਦੇ ਨੂੰ ਨਹੀਂ ਤੋੜ ਸਕਦੇ। ਹੁਣ, ਮੈਂ ਤੁਹਾਡੇ ਵਿਚਕਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਊਰਜਾ ਅਤੇ ਸਮਰਪਣ ਨਾਲ ਰਹਾਂਗੀ। ਜਨਤਕ ਸੁਣਵਾਈਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲਾਂ ਵਾਂਗ ਹੀ ਗੰਭੀਰਤਾ ਅਤੇ ਵਚਨਬੱਧਤਾ ਨਾਲ ਜਾਰੀ ਰਹੇਗਾ। ਤੁਹਾਡਾ ਵਿਸ਼ਵਾਸ ਅਤੇ ਸਮਰਥਨ ਮੇਰੀ ਸਭ ਤੋਂ ਵੱਡੀ ਤਾਕਤ ਹੈ।’’
ਪੋਸਟ ਵਿੱਚ ਉਨ੍ਹਾਂ ਆਪਣੇ ਸ਼ੁਭਚਿੰਤਕਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਆ ਕੇ ਖ਼ੁਦ ਨੂੰ ਪਰੇਸ਼ਾਨ ਨਾ ਕਰਨ। ਮੁੱਖ ਮੰਤਰੀ ਨੇ ਕਿਹਾ, ‘‘ਮੈਂ ਜਲਦੀ ਹੀ ਤੁਹਾਡੇ ਵਿਚਕਾਰ ਦੁਬਾਰਾ ਕੰਮ ਕਰਦੀ ਦਿਖਾਈ ਦੇਵਾਂਗੀ। ਮੈਂ ਤੁਹਾਡੇ ਅਥਾਹ ਪਿਆਰ, ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਲਈ ਦਿਲੋਂ ਧੰਨਵਾਦ ਕਰਦੀ ਹਾਂ।’’
ਇੱਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਸਾਕਰੀਆ ਰਾਜੇਸ਼ਭਾਈ ਖੀਮਜੀਭਾਈ, ਜੋ ਕਿ ਰਾਜਕੋਟ (ਗੁਜਰਾਤ) ਦਾ ਰਹਿਣ ਵਾਲਾ ਹੈ, ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਇੰਟੈਲੀਜੈਂਸ ਬਿਊਰੋ ਅਤੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੁਆਰਾ ਉਸ ਤੋਂ ਸਾਂਝੇ ਤੌਰ ’ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।