ਇੰਡੀਆ ਗੇਟ ’ਤੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਮੁਜ਼ਾਹਰਾ
ਕੌਮੀ ਰਾਜਧਾਨੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਲੋਕਾਂ ਨੇ ਇੰਡੀਆ ਗੇਟ ’ਤੇ ਪ੍ਰਦਰਸ਼ਨ ਕੀਤਾ ਹੈ। ਬਾਅਦ ਵਿੱਚ ਪੁਲੀਸ ਨੇ ਤਾਕਤ ਦੀ ਵਰਤੋਂ ਕਰ ਕੇ ਪ੍ਰਦਰਸ਼ਨਕਾਰੀਆਂ ਨੂੰ ਇੱਥੋਂ ਖਦੇੜ ਦਿੱਤਾ। ਇਸ ਤੋਂ ਪਹਿਲਾਂ 9 ਨਵੰਬਰ ਨੂੰ ਵੀ ਵਿਰੋਧ ਹੋਇਆ ਸੀ। ਮੰਗ ਹੈ ਕਿ ਸਰਕਾਰ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਫੌਰੀ ਤੌਰ ’ਤੇ ਕੋਈ ਹਿੱਲਾ ਕਰੇ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਐਤਵਾਰ ਨੂੰ ਕੌਮੀ ਰਾਜਧਾਨੀ ਵਿੱਚ ਏ ਕਿਊ ਆਈ 391 ਤੱਕ ਪਹੁੰਚ ਗਿਆ, ਜਿਸ ਨਾਲ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ। ਦਿੱਲੀ ’ਚ ਏ ਕਿਊ ਆਈ ਮਾਪਣ ਵਾਲੇ 19 ਸਟੇਸ਼ਨਾਂ ਨੇ ਹਵਾ ਦੀ ਗੁਣਵੱਤਾ ਗੰਭੀਰ ਦੱਸੀ ਹੈ, ਜਦਕਿ ਬਾਕੀ 19 ਨੇ ਇਸ ਨੂੰ 300 ਤੋਂ ਉੱਪਰ ਦਰਜ ਕਰ ਕੇ ਬਹੁਤ ਖ਼ਰਾਬ ਦੱਸਿਆ ਹੈ। ਸੋਮਵਾਰ ਤੋਂ ਬੁੱਧਵਾਰ ਤੱਕ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ।
ਰਾਜਸਥਾਨ ’ਚ 22 ਜਣੇ ਹਸਪਤਾਲ ਦਾਖ਼ਲ
ਸੀਕਰ: ਇੱਥੇ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਤੋਂ ਬਾਅਦ ਸਥਾਨਕ ਨਿਵਾਸੀਆਂ ਤੇ ਵਿਦਿਆਰਥੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 15 ਬੱਚਿਆਂ ਸਮੇਤ 22 ਮਰੀਜ਼ਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਤਨ ਲਾਲ ਨੇ ਦੱਸਿਆ ਕਿ ਮਰੀਜ਼ਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਲਾਕੇ ’ਚ ਭੱਠੀ ਵਿੱਚ ਕੱਪੜੇ ਸਾੜਨ ਕਾਰਨ ਪ੍ਰਦੂਸ਼ਣ ਫੈਲਿਆ ਹੈ, ਜਿਸ ਦੀ ਜਾਂਚ ਜਾਰੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸੀਕਰ ਵਿੱਚ ਏ ਕਿਊ ਆਈ 172 ਦਰਜ ਕੀਤਾ ਗਿਆ ਹੈ।
