Operation Sindoor: ਰਾਜਨਾਥ ਨੇ ਟਰੰਪ ਦੇ ਦਾਅਵਿਆਂ ਨੂੰ ਨਕਾਰਿਆ
ਅੱਜ ਲੋਕ ਸਭਾ ਵਿੱਚ ਪਹਿਲਗਾਮ ਅਤਿਵਾਦੀ ਹਮਲੇ ਅਤੇ ਭਾਰਤ ਦੀ ਫੌਜੀ ਪ੍ਰਤੀਕਿਰਿਆ ’ਤੇ ਚਰਚਾ ਸ਼ੁਰੂ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਦਾਅਵੇ ਕਿ ‘ਅਪਰੇਸ਼ਨ ਸਿੰਧੂਰ’ ਕਿਸੇ ਦੇ ਦਬਾਅ ਹੇਠ ਰੋਕਿਆ ਗਿਆ ਸੀ, ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ।
ਉਨ੍ਹਾਂ ਕਿਹਾ, ‘‘ਅਪਰੇਸ਼ਨ ਸਿੰਧੂਰ ਦਾ ਉਦੇਸ਼ ਪਾਕਿਸਤਾਨ ਨੂੰ ਭਾਰਤ ਖ਼ਿਲਾਫ਼ ਅਤਿਵਾਦ ਦੀ ਵਰਤੋਂ ਕਰਨ ਲਈ ਸਜ਼ਾ ਦੇਣਾ ਅਤੇ 22 ਅਪਰੈਲ ਦੇ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਲਈ ਨਿਆਂ ਪ੍ਰਾਪਤ ਕਰਨਾ ਸੀ। ਇਸ ਅਪਰੇਸ਼ਨ ਨੇ ਕਦੇ ਵੀ ਇਲਾਕੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦਾ ਉਦੇਸ਼ ਦਹਾਕਿਆਂ ਤੋਂ ਪਾਕਿਸਤਾਨ ਦੁਆਰਾ ਪਾਲੀਆਂ ਜਾ ਰਹੀਆਂ ਅਤਿਵਾਦੀ ਨਰਸਰੀਆਂ ’ਤੇ ਹਮਲਾ ਕਰਨਾ ਸੀ। ਅਪਰੇਸ਼ਨ ਦੇ ਸਮੁੱਚੇ ਰਾਜਨੀਤਿਕ ਅਤੇ ਫ਼ੌਜੀ ਉਦੇਸ਼ਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਸੀ।’’
ਰਾਜਨਾਥ ਸਿੰਘ ਨੇ ਕਿਹਾ, ‘‘10 ਮਈ ਨੂੰ ਸਵੇਰੇ ਜਦੋਂ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤਾਂ ਪਾਕਿਸਤਾਨ ਨੇ ਆਪਣੀ ਹਾਰ ਸਵੀਕਾਰ ਕਰ ਲਈ ਅਤੇ ਭਾਰਤ ਨੂੰ ਬੇਨਤੀ ਕੀਤੀ ‘ਅਬ ਰੋਕ ਦੀਜੀਏ ਮਹਾਰਾਜ’। ਉਨ੍ਹਾਂ ਕਿਹਾ ਕਿ ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਨੂੰ ਖ਼ਤਮ ਨਹੀਂ ਕੀਤਾ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼ ਵੱਲੋਂ 10 ਮਈ ਦੀ ਸਵੇਰੇ ਆਪਣੇ ਭਾਰਤੀ ਹਮਰੁਤਬਾ ਨਾਲ ਸੰਪਰਕ ਸਥਾਪਤ ਕਰਨ ਤੋਂ ਬਾਅਦ, ਹਾਰ ਸਵੀਕਾਰ ਕਰਨ ਮਗਰੋਂ ਭਾਰਤ ਨੇ ਇੱਕ ਚਿਤਾਵਨੀ ਨਾਲ ‘ਅਪਰੇਸ਼ਨ ਸਿੰਧੂਰ’ ਨੂੰ ਰੋਕਣਾ ਸਵੀਕਾਰ ਕਰ ਲਿਆ।
ਰਾਜਨਾਥ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸਮੇਤ ਮੁੱਖ ਵਿਰੋਧੀ ਆਗੂਆਂ ਦੀ ਮੌਜੂਦਗੀ ਵਿੱਚ ਸਦਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਪਰੇਸ਼ਨ ਸਿੰਧੂਰ ਨੂੰ ਰੋਕਿਆ ਗਿਆ ਹੈ ਅਤੇ ਇਹ ਖ਼ਤਮ ਨਹੀਂ ਹੋਇਆ ਹੈ। ਜੇਕਰ ਪਾਕਿਸਤਾਨ ਭਵਿੱਖ ਵਿੱਚ ਕੋਈ ਗਲਤ ਕੰਮ ਕਰਦਾ ਹੈ ਤਾਂ ਇਸ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ।’’
ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਵੱਲੋਂ ਭਾਰਤ ਤਰਫ਼ੋਂ ਲੜਾਈ ਵਿੱਚ ਗੁਆਏ ਗਏ ਜੈੱਟਾਂ ਦੀ ਗਿਣਤੀ ਦੱਸਣ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਮੰਗਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਉਠਾਇਆ ਜਾ ਰਿਹਾ ਸਵਾਲ ਰਾਸ਼ਟਰੀ ਭਾਵਨਾ ਨੂੰ ਦਰਸਾਉਂਦਾ ਨਹੀਂ ਹੈ।
ਇਸ ਸਵਾਲ ਦੀ ਉੱਚ ਅੰਕ ਨਾਲ ਪ੍ਰੀਖਿਆ ਪਾਸ ਕਰਨ ਵਾਲੇ ਬੱਚੇ ਨਾਲ ਤੁਲਨਾ ਕਰਦਿਆਂ ਉਨ੍ਹਾਂ ਕਿਹਾ, ‘ਜਦੋਂ ਕੋਈ ਬੱਚਾ ਚੰਗੇ ਅੰਕ ਪ੍ਰਾਪਤ ਕਰਦਾ ਹੈ ਤਾਂ ਤੁਸੀਂ ਨਤੀਜੇ ਦਾ ਜਸ਼ਨ ਮਨਾਉਂਦੇ ਹੋ ਕਿਉਂਕਿ ਇਹ ਨਤੀਜਾ ਹੀ ਮਾਇਨੇ ਰੱਖਦਾ ਹੈ।’ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਤਾੜੀਆਂ ਦੀ ਗੂੰਜ ’ਚ ਕਿਹਾ, ‘‘ਤੁਸੀਂ ਇਹ ਪੁੱਛਣਾ ਸ਼ੁਰੂ ਨਹੀਂ ਕਰਦੇ ਕਿ ਕੀ ਪ੍ਰੀਖਿਆ ਲਿਖਣ ਦੀ ਪ੍ਰਕਿਰਿਆ ਦੌਰਾਨ ਬੱਚੇ ਨੇ ਆਪਣੀ ਪੈਨਸਿਲ ਤੋੜੀ ਜਾਂ ਆਪਣਾ ਪੈੱਨ ਗੁਆਇਆ।’’ ਉਨ੍ਹਾਂ ਵਿਰੋਧੀ ਧਿਰ ਨੂੰ ਸਵਾਲ ਕੀਤਾ ਕਿ ਉਨ੍ਹਾਂ ਕਦੇ ਕਿਉਂ ਨਹੀਂ ਪੁੱਛਿਆ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਕਿੰਨੇ ਦੁਸ਼ਮਣ ਜਹਾਜ਼ਾਂ ਨੂੰ ਡੇਗਿਆ।
ਰੱਖਿਆ ਮੰਤਰੀ ਨੇ ਕਿਹਾ, ‘ਵਿਰੋਧੀ ਧਿਰ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਭਾਰਤ ਨੇ ਪਾਕਿਸਤਾਨ ਵਿੱਚ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ, ਕੀ ਅਪਰੇਸ਼ਨ ਸਿੰਧੂਰ ਸਫ਼ਲ ਰਿਹਾ ਅਤੇ ਕੀ ਭਾਰਤੀ ਹਥਿਆਰਬੰਦ ਬਲਾਂ ਨੇ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਅਤਿਵਾਦ ਦੇ ਸਰਪ੍ਰਸਤਾਂ ਨੂੰ ਖਤਮ ਕਰ ਦਿੱਤਾ, ਜਿਨ੍ਹਾਂ ਨੇ ਸਾਡੀਆ ਧੀਆਂ ਅਤੇ ਮਾਵਾਂ ਦੇ ਮੱਥੇ ਤੋਂ ‘ਸਿੰਧੂਰ’ ਨੂੰ ਮਿਟਾ ਦਿੱਤਾ ਸੀ।’
ਅਪਰੇਸ਼ਨ ਸਿੰਧੂਰ ਦੌਰਾਨ ਭਾਰਤੀ ਜੈੱਟਾਂ ਦੇ ਨੁਕਸਾਨ ਸਬੰਧੀ ਵਿਰੋਧੀ ਧਿਰ ਦੇ ਸਵਾਲਾਂ ਨੂੰ ਟਾਲਦਿਆਂ ਰਾਜਨਾਥ ਸਿੰਘ ਨੇ ਕਿਹਾ, ‘‘ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ। ਅਤੇ ਜੇ ਤੁਸੀਂ ਸਾਨੂੰ ਪੁੱਛਦੇ ਹੋ ਕਿ ਕੀ ਕਿਸੇ ਸੈਨਿਕ ਨੂੰ ਕੋਈ ਨੁਕਸਾਨ ਹੋਇਆ ਹੈ, ਤਾਂ ਜਵਾਬ ਨਹੀਂ ਹੈ। ਜਦੋਂ ਟੀਚੇ ਵੱਡੇ ਹੁੰਦੇ ਹਨ ਤਾਂ ਸਾਨੂੰ ਛੋਟੇ ਮੁੱਦਿਆਂ ’ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਛੋਟੇ ਮੁੱਦੇ ਸਾਨੂੰ ਕੌਮੀ ਸੁਰੱਖਿਆ ਅਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਹਿੱਤਾਂ ਦੇ ਵੱਡੇ ਮਾਮਲਿਆਂ ਤੋਂ ਭਟਕਾਉਂਦੇ ਹਨ।’’
ਪਾਕਿਸਤਾਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਗੱਲਬਾਤ ਅਤੇ ਅਤਿਵਾਦ ਨਾਲ-ਨਾਲ ਨਹੀਂ ਚੱਲ ਸਕਦੇ ਹਨ।
ਇਹ ਨੋਟ ਕਰਦਿਆਂ ਕਿ ਭਾਰਤ ਹਮੇਸ਼ਾ ਸ਼ਾਂਤੀ ਦਾ ਰਸਤਾ ਅਪਣਾਉਂਦਾ ਰਿਹਾ ਹੈ ਉਨ੍ਹਾਂ ਪਾਕਿਸਤਾਨ ਦੇ ਪਿਛਲੇ ਮਾੜੇ ਕੰਮਾਂ ਨੂੰ ਯਾਦ ਕੀਤਾ, ਜਿਸ ਵਿੱਚ ਕਾਰਗਿਲ ਯੁੱਧ ਵੀ ਸ਼ਾਮਲ ਹੈ, ਜਦੋਂ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਦੋਸਤੀ ਦਾ ਹੱਥ ਵਧਾਇਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੀ ਨੀਤੀ ਅਤੇ ਇਰਾਦੇ ਸਾਰਿਆਂ ਲਈ ਸਪੱਸ਼ਟ ਹੋਣੇ ਚਾਹੀਦੇ ਹਨ।
ਰਾਜਨਾਥ ਸਿੰਘ ਨੇ ਕਿਹਾ, ‘‘ਪਾਕਿਸਤਾਨ ਗਲੋਬਲ ਅਤਿਵਾਦ ਦੀ ਨਰਸਰੀ ਹੈ। ਇਹ ਉਨ੍ਹਾਂ ਦੀ ਰਾਜ ਨੀਤੀ ਹੈ। ਪਾਕਿਸਤਾਨ ਨੇ ਅਤਿਵਾਦੀਆਂ ਲਈ ਸਰਕਾਰੀ ਅੰਤਿਮ ਸੰਸਕਾਰ ਦਾ ਪ੍ਰਬੰਧ ਕੀਤਾ ਜਿਵੇਂ ਕਿ ਅਸੀਂ ‘ਅਪਰੇਸ਼ਨ ਸਿੰਧੂਰ’ ਤੋਂ ਬਾਅਦ ਵੀ ਦੇਖਿਆ ਸੀ। ਪਾਕਿਸਤਾਨੀ ਫ਼ੌਜ ਦੇ ਅਧਿਕਾਰੀਆਂ ਨੇ ਅਤਿਵਾਦੀਆਂ ਦੇ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕੀਤੀ।’
ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ, ‘‘ਪਾਕਿਸਤਾਨੀ ਫੌਜ ਅਤੇ ਆਈਐੱਸਆਈ ਦੋਵੇਂ ਭਾਰਤ ਨੂੰ ਅਸਥਿਰ ਕਰਨ ਲਈ ਅਤਿਵਾਦ ਨੂੰ ਉਤਸ਼ਾਹਿਤ ਕਰ ਰਹੇ ਹਨ। ਪਰ ਜਿਹੜੇ ਲੋਕ 1,000 ਜਵਾਨਾਂ ਨੂੰ ਵੱਢ ਕੇ ਭਾਰਤ ਨੂੰ ਖੂਨ ਨਾਲ ਨਾਸ਼ ਕਰਨ ਦਾ ਸੁਫ਼ਨਾ ਦੇਖ ਰਹੇ ਹਨ, ਉਨ੍ਹਾਂ ਨੂੰ ਹੁਣ ਨੀਂਦ ਤੋਂ ਜਾਗਣਾ ਚਾਹੀਦਾ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਅਤਿਵਾਦ ਨੂੰ ਜੜ੍ਹੋਂ ਪੁੱਟਣ ਲਈ ਕਿਸੇ ਵੀ ਹੱਦ ਤੱਕ ਜਾਵੇਗਾ।’’
ਮਈ ਵਿੱਚ ਪਾਕਿਸਤਾਨ ਨਾਲ ਦੁਸ਼ਮਣੀ ਦੇ ਅਚਾਨਕ ਬੰਦ ਹੋਣ ’ਤੇ ਵਿਰੋਧੀ ਧਿਰ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਦਾ ਉਦੇਸ਼ ਨਾ ਤਾਂ ਜੰਗ ਸੀ ਅਤੇ ਨਾ ਹੀ ਖੇਤਰੀ ਵਿਸਥਾਰ।
ਉਨ੍ਹਾਂ ਕਿਹਾ, ‘‘ਅਪਰੇਸ਼ਨ ਸਿੰਧੂਰ ਨੂੰ ਉਦੋਂ ਰੋਕ ਦਿੱਤਾ ਗਿਆ ਜਦੋਂ ਇਸ ਦੇ ਉਦੇਸ਼ ਸਫ਼ਲਤਾਪੂਰਵਕ ਪੂਰੇ ਹੋ ਗਏ। ਜਿਵੇਂ ਕਿ ਸਵਾਮੀ ਤੁਲਸੀਦਾਸ ਨੇ ਸਾਨੂੰ ਸਿਖਾਇਆ ਸੀ ਕਿ ਯੁੱਧ ਸਿਰਫ ਬਰਾਬਰ ਦੇ ਲੋਕਾਂ ਨਾਲ ਹੀ ਲੜਿਆ ਜਾਣਾ ਚਾਹੀਦਾ ਹੈ, ਸ਼ੇਰ ਸ਼ੇਰਾਂ ਨਾਲ ਲੜਦੇ ਹਨ, ਡੱਡੂਆਂ ਨਾਲ ਲੜਨਾ ਸ਼ੋਭਾ ਨਹੀਂ ਦਿੰਦਾ।’’
ਰਾਜਨਾਥ ਸਿੰਘ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਵਾਂਗ, ਜਿਸ ਨੇ ਸ਼ਿਸ਼ੂਪਾਲ ਦੀਆਂ ਸੌ ਗਲਤੀਆਂ ਨੂੰ ਮੁਆਫ਼ ਕਰਨ ਤੋਂ ਬਾਅਦ ਸੁਦਰਸ਼ਨ ਚੱਕਰ ਚੁੱਕਿਆ ਸੀ, ਭਾਰਤ ਨੇ ਵੀ ‘ਸੁਦਰਸ਼ਨ ਚੱਕਰ’ ਚੁੱਕਿਆ ਹੈ ਅਤੇ ਫ਼ੈਸਲਾ ਕੀਤਾ ਹੈ ਕਿ ਹੁਣ ਬਹੁਤ ਹੋ ਗਿਆ।