ਭਾਰਤ-ਪਾਕਿ ਤਣਾਅ ਦੌਰਾਨ ਮੋਦੀ-ਟਰੰਪ ਦੀ ਕੋਈ ਗੱਲਬਾਤ ਨਹੀਂ ਹੋਈ: ਜੈਸ਼ੰਕਰ
‘ਅਪਰੇਸ਼ਨ ਸਿੰਧੂਰ’ ਬਾਰੇ ਚਰਚਾ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਵਾਸ਼ਿੰਗਟਨ ਨੇ ਮਈ ਵਿੱਚ ਭਾਰਤ-ਪਾਕਿਸਤਾਨ ਤਣਾਅ ਨੂੰ ਖਤਮ ਕਰਨ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਮਹੱਤਵਪੂਰਨ ਹਫ਼ਤਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਕੋਈ ਫ਼ੋਨ ਕਾਲ ਨਹੀਂ ਹੋਈ।
ਹਾਲਾਂਕਿ ਜੈਸ਼ੰਕਰ ਨੇ ਪਿਛਲੀਆਂ ਕਾਂਗਰਸ ਸਰਕਾਰਾਂ ਨੂੰ 26/11 ਦੇ ਮੁੰਬਈ ਅਤਿਵਾਦੀ ਹਮਲੇ ਅਤੇ ਚੀਨ ਅਤੇ ਪਾਕਿਸਤਾਨ ਬਾਰੇ ਨੀਤੀ ਸਣੇ ਕਈ ਮੁੱਦਿਆਂ ’ਤੇ ਘੇਰਿਆ ਪਰ ਉਨ੍ਹਾਂ ਦੇ ਲਗਭਗ 40 ਮਿੰਟ ਦਾ ਭਾਸ਼ਣ ਮੁੱਖ ਤੌਰ ’ਤੇ ਪਾਕਿਸਤਾਨ ਦੀ ਜ਼ਮੀਨ ਤੋਂ ਪੈਦਾ ਹੋਣ ਵਾਲੇ ਅਤਿਵਾਦ ਨਾਲ ਨਜਿੱਠਣ ’ਚ ‘ਨਵੇਂ ਮਿਆਰ’ ਦਾ ਪ੍ਰਗਟਾਵਾ ਸੀ। ਉਨ੍ਹਾਂ ਕਿਹਾ, ‘‘ਸਰਹੱਦ ਪਾਰੋਂ ਅਤਿਵਾਦ ਦੀ ਚੁਣੌਤੀ ਜਾਰੀ ਹੈ ਪਰ ‘ਅਪਰੇਸ਼ਨ ਸਿੰਧੂਰ’ ਇੱਕ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ। ਹੁਣ ਇੱਕ ਨਵੀਂ ਸਥਿਤੀ ਹੈ, ਜਿਸ ਦੇ ਪੰਜ ਨੁਕਤੇ ਹਨ।’’
ਉਨ੍ਹਾਂ ਨਵੀਂ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ, ‘‘ਪਹਿਲੀ: ਅਤਿਵਾਦੀਆਂ ਨੂੰ ਪ੍ਰਤੀਨਿਧ ਨਹੀਂ ਮੰਨਿਆ ਜਾ ਸਕਦਾ, ਦੂਜੀ: ਸਰਹੱਦ ਪਾਰ ਅਤਿਵਾਦ ਨੂੰ ਢੁੱਕਵਾਂ ਜਵਾਬ ਮਿਲੇਗਾ, ਤੀਜੀ: ਅਤਿਵਾਦ ਅਤੇ ਗੱਲਬਾਤ ਇਕੱਠਿਆਂ ਸੰਭਵ ਨਹੀਂ ਅਤੇ ਅਤਿਵਾਦ ’ਤੇ ਸਿਰਫ ਗੱਲਬਾਤ ਹੋਵੇਗੀ, ਚੌਥੀ: ਪ੍ਰਮਾਣੂ ਬਲੈਕਮੇਲ ਅੱਗੇ ਨਾ ਝੁਕਣਾ ਅਤੇ ਪੰਜਵੀਂ ਅਤਿਵਾਦ ਅਤੇ ਚੰਗਾ ਗੁਆਂਢੀ ਇਕੱਠੇ ਨਹੀਂ ਰਹਿ ਸਕਦੇ, ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਇਹ ਸਾਡਾ ਰੁਖ਼ ਹੈ।’’
ਵਿਦੇਸ਼ ਮੰਤਰੀ ਨੇ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਅੰਦਰ ਇੱਕ ਸਾਂਝੀ ਪਹੁੰਚ ਅਪਨਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਸਭ ਤੋਂ ਵਧੀਆ ਝਲਕਾਰਾ ਹੈ, ਜਦੋਂ ਸੰਸਦੀ ਵਫ਼ਦਾਂ ਨੇ ਵੱਖ ਵੱਖ ਦੇਸ਼ਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ‘ਅਪਰੇਸ਼ਨ ਸਿੰਧੂਰ’ ਅਤੇ ਅਤਿਵਾਦ ਬਾਰੇ ਭਾਰਤ ਦੀ ਨੀਤੀ ਤੋਂ ਜਾਣੂ ਕਰਵਾਇਆ।
ਉਨ੍ਹਾਂ ਕਿਹਾ, ‘‘ਅਸੀਂ ਅਤਿਵਾਦ ਖ਼ਿਲਾਫ਼ ਜ਼ੀਰੋ ਟਾਲਰੈਂਸ ਨੂੰ ਯਕੀਨੀ ਬਣਾਉਣ ਵਿੱਚ ਤਾਂ ਹੀ ਸਫ਼ਲ ਹੋ ਸਕਦੇ ਹਾਂ ਜੇਕਰ ਸਾਡੇ ਕੋਲ ਅਤਿਵਾਦ ਵਿਰੁੱਧ ਇਸ ਦੇਸ਼ ਵਿੱਚ ਇੱਕਜੁੱਟ ਆਵਾਜ਼ ਹੋਵੇ। ਇਸ ਮਾਮਲੇ ’ਤੇ ਕੋਈ ਵੀ ਮਤਭੇਦ ਨਹੀਂ ਹੋਣਾ ਚਾਹੀਦਾ।’’
ਜੈਸ਼ੰਕਰ ਨੇ ਕਿਹਾ, ‘‘ਜਿਸ ਤਰ੍ਹਾਂ ਸੰਸਦੀ ਵਫ਼ਦਾਂ ਨੇ ਵਿਦੇਸ਼ਾਂ ਵਿੱਚ ਵਿਵਹਾਰ ਕੀਤਾ, ਮੈਨੂੰ ਉਮੀਦ ਹੈ ਕਿ ਉਹੀ ਏਕਤਾ ਸਦਨ ਦੀ ਕਾਰਵਾਈ ਵਿੱਚ ਪ੍ਰਵੇਸ਼ ਕਰੇਗੀ।’’
ਵਿਦੇਸ਼ ਮੰਤਰੀ ਦੇ ਭਾਸ਼ਣ ਦਾ ਇੱਕ ਹੋਰ ਮੁੱਖ ਮੁੱਦਾ ਉਨ੍ਹਾਂ ਦਾ ਇਹ ਦਾਅਵਾ ਸੀ ਕਿ ਵਾਸ਼ਿੰਗਟਨ ਦੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਫ਼ੌਜੀ ਤਣਾਅ ਨੂੰ ਖਤਮ ਕਰਨ ਵਿੱਚ ਕੋਈ ਸਿੱਧੀ ਭੂਮਿਕਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੋਦੀ ਨੇ 22 ਅਪਰੈਲ ਨੂੰ ਪਹਿਲਗਾਮ ਹਮਲੇ ਵਾਲੇ ਦਿਨ ਟਰੰਪ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਸੀ ਅਤੇ ਦੂਜੀ 17 ਜੂਨ ਨੂੰ, ਜਦੋਂ ਪ੍ਰਧਾਨ ਮੰਤਰੀ ਕੈਨੇਡਾ ਵਿੱਚ ਸਨ। ਉਨ੍ਹਾਂ ਕਿਹਾ ਕਿ ਇਸ ਦਰਮਿਆਨ ਕੋਈ ਗੱਲਬਾਤ ਨਹੀਂ ਹੋਈ।
ਜੈਸ਼ੰਕਰ ਨੇ ਕਿਹਾ ਕਿ ਉਸ ਸਮੇਂ ਦੌਰਾਨ ਕਿਸੇ ਵੀ ਚਰਚਾ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਦਾ ਜ਼ਿਕਰ ਨਹੀਂ ਸੀ।
ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਕਿਸੇ ਵੀ ਗੱਲਬਾਤ ਦੇ ਕਿਸੇ ਵੀ ਪੜਾਅ ’ਤੇ ਵਪਾਰ ਅਤੇ ਕੀ ਹੋ ਰਿਹਾ ਹੈ, ਨਾਲ ਕੋਈ ਸਬੰਧ ਨਹੀਂ ਸੀ।
ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੋ ਪ੍ਰਮਾਣੂ ਹਥਿਆਬੰਦ ਦੇਸ਼ਾਂ ਦਰਮਿਆਨ ਫ਼ੌਜੀ ਟਕਰਾਅ ਨੂੰ ਰੋਕਣ ਲਈ ਵਪਾਰ ਦੀ ਵਰਤੋਂ ਕੀਤੀ।