NCERT ਵੱਲੋਂ ਪਾਠ ਪੁਸਤਕਾਂ ਬਾਰੇ ਫੀਡਬੈਕ ਦੀ ਜਾਂਚ ਲਈ ਪੈਨਲ ਸਥਾਪਤ
ਹਾਲਾਂਕਿ, ਅਧਿਕਾਰੀਆਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਪੈਨਲ ਖਾਸ ਤੌਰ ’ਤੇ ਕਿਹੜੀ ਪਾਠ ਪੁਸਤਕ ਦੀ ਜਾਂਚ ਕਰੇਗਾ।
NCERT ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘NEP 2020 ਦੇ ਫਾਲੋਅੱਪ ਵਜੋਂ NCERT ਨੇ ਫਾਊਂਡੇਸ਼ਨਲ ਪੱਧਰ ਤੇ ਸਕੂਲ ਸਿੱਖਿਆ ਲਈ ਕੌਮੀ ਪਾਠਕ੍ਰਮ ਢਾਂਚਾ ਲਿਆਂਦਾ ਹੈ। NCF ਵਿੱਚ ਦਿੱਤੇ ਗਏ ਪਾਠਕ੍ਰਮ ਟੀਚਿਆਂ ਅਤੇ ਯੋਗਤਾਵਾਂ ਅਨੁਸਾਰ NCERT ਨੇ ਪਾਠ-ਪੁਸਤਕਾਂ ਸਣੇ ਅਧਿਆਪਨ-ਸਿਖਲਾਈ ਸਮੱਗਰੀ ਤਿਆਰ ਕੀਤੀ ਹੈ। ਪਾਠ-ਪੁਸਤਕਾਂ ਸਣੇ ਇਨ੍ਹਾਂ ਪਾਠਕ੍ਰਮ ਸਰੋਤਾਂ ਨੂੰ ਵੱਖ-ਵੱਖ ਹਿੱਤਧਾਰਕਾਂ ਤੋਂ ਨਿਯਮਤ ਫੀਡਬੈਕ ਅਤੇ ਸੁਝਾਅ ਮਿਲਦੇ ਹਨ।’’
ਅਧਿਕਾਰੀ ਨੇ ਕਿਹਾ, ‘‘ਇਸ ਵੇਲੇ, NCERT ਨੂੰ ਕੁਝ ਪਾਠ-ਪੁਸਤਕਾਂ ਵਿੱਚ ਵਿਦਿਅਕ ਸਮੱਗਰੀ ਬਾਰੇ ਫੀਡਬੈਕ ਮਿਲੀ ਹੈ। ਇਸ ਲਈ ਇਸ ਦੀ ਸਥਾਪਤ ਪ੍ਰਥਾ ਅਨੁਸਾਰ ਸੀਨੀਅਰ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਜਾ ਰਹੀ ਹੈ। ਇਹ ਕਮੇਟੀ ਉਪਲਬਧ ਸਬੂਤਾਂ ਦੇ ਮੱਦੇਨਜ਼ਰ ਫੀਡਬੈਕ ਦੀ ਜਾਂਚ ਕਰੇਗੀ ਅਤੇ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਪੇਸ਼ ਕਰੇਗੀ।’’
NCERT ਨੇ ਸਪੱਸ਼ਟ ਕੀਤਾ ਕਿ NCERT ਵਿੱਚ ਇਹ ਇੱਕ ਸਥਾਪਤ ਪ੍ਰਥਾ ਹੈ ਕਿ ਜਦੋਂ ਵੀ ਕਿਸੇ ਖਾਸ ਵਿਸ਼ੇ ਵਿੱਚ ਪਾਠ ਪੁਸਤਕ ਦੀ ਸਮੱਗਰੀ ਜਾਂ ਸਿੱਖਿਆ ਸ਼ਾਸਤਰ ਬਾਰੇ ਮਹੱਤਵਪੂਰਨ ਫੀਡਬੈਕ ਜਾਂ ਸੁਝਾਅ ਪ੍ਰਾਪਤ ਹੁੰਦੇ ਹਨ, ਤਾਂ ਇੱਕ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ।
ਅਧਿਕਾਰੀ ਨੇ ਕਿਹਾ, ‘‘ਇਸ ਕਮੇਟੀ ਵਿੱਚ ਨਾਮਵਰ ਸੰਸਥਾਵਾਂ ਦੇ ਉੱਚ-ਪੱਧਰੀ ਮਾਹਿਰ ਅਤੇ ਸਬੰਧਿਤ ਵਿਸ਼ਾ ਖੇਤਰ ਦੇ ਫੈਕਲਟੀ ਮੈਂਬਰ ਸ਼ਾਮਲ ਹਨ, ਜਿਨ੍ਹਾਂ ਦੇ ਪ੍ਰਬੰਧਕ ਪਾਠਕ੍ਰਮ ਵਿਭਾਗ ਦੇ ਮੁਖੀ ਹੁੰਦੇ ਹਨ। ਕਮੇਟੀ ਇਸ ਮਾਮਲੇ ’ਤੇ ਧਿਆਨ ਨਾਲ ਵਿਚਾਰ-ਵਟਾਂਦਰਾ ਕਰਦੀ ਹੈ, ਸਮੱਗਰੀ ਜਾਂ ਸਿੱਖਿਆ ਸ਼ਾਸਤਰ ਸਬੰਧੀ ਸਬੂਤ-ਅਧਾਰਤ ਫ਼ੈਸਲੇ ਲੈਂਦੀ ਹੈ ਅਤੇ ਜਲਦੀ ਤੋਂ ਜਲਦੀ ਉਸ ਅਨੁਸਾਰ ਢੁੱਕਵੀਆਂ ਕਾਰਵਾਈਆਂ ਦੀ ਸਿਫ਼ਾਰਸ਼ ਕਰਦੀ ਹੈ।’’
NCERT ਦੀ ਅੱਠਵੀਂ ਕਲਾਸ ਦੀ ਨਵੀਂ ਪਾਠ-ਪੁਸਤਕ ‘ਸਮਾਜ ਦੀ ਖੋਜ: ਭਾਰਤ ਅਤੇ ਉਸ ਤੋਂ ਅੱਗੇ’ ਹਾਲ ਹੀ ਵਿੱਚ ਚਰਚਾ ’ਚ ਰਹੀ। ਪੁਸਤਕ ਵਿੱਚ ਮੁਗਲ ਬਾਦਸ਼ਾਹਾਂ ਦੇ ਸ਼ਾਸਨਕਾਲ ਦਾ ਵਰਣਨ ਕਰਦਿਆਂ ਕਿਹਾ ਗਿਆ ਹੈ ਕਿ ਅਕਬਰ ਦਾ ਸ਼ਾਸਨ ‘ਬੇਰਹਿਮੀ’ ਅਤੇ ‘ਸਹਿਣਸ਼ੀਲਤਾ’ ਦਾ ਮਿਸ਼ਰਨ ਸੀ, ਬਾਬਰ ਇੱਕ ‘ਬੇਰਹਿਮ ਜੇਤੂ’ ਸੀ, ਜਦਕਿ ਔਰੰਗਜ਼ੇਬ ਇੱਕ ‘ਫ਼ੌਜੀ ਸ਼ਾਸਕ’ ਸੀ, ਜਿਸ ਨੇ ਗ਼ੈਰ-ਮੁਸਲਮਾਨਾਂ ’ਤੇ ਟੈਕਸ ਦੁਬਾਰਾ ਲਗਾਏ ਸਨ।
ਇਹ ਪੁਸਤਕ NCERT ਦੇ ਨਵੇਂ ਪਾਠਕ੍ਰਮ ਦੀ ਪਹਿਲੀ ਪੁਸਤਕ ਹੈ, ਜੋ ਵਿਦਿਆਰਥੀਆਂ ਨੂੰ ਦਿੱਲੀ ਸਲਤਨਤ, ਮੁਗਲਾਂ, ਮਰਾਠਿਆਂ ਅਤੇ ਬਸਤੀਵਾਦੀ ਯੁੱਗ ਤੋਂ ਜਾਣੂ ਕਰਾਵੇਗੀ।