ਮੋਦੀ ਦੀ ਟਰੰਪ ਨਾਲ ਦੋਸਤੀ ਦਾ ਕੋਈ ਮਤਲਬ ਨਹੀਂ: ਜੈਰਾਮ ਰਮੇਸ਼
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੇ ਸਾਹਮਣੇ ਖੜ੍ਹੇ ਹੋਣਾ ਚਾਹੀਦਾ ਹੈ।
ਜੈਰਾਮ ਰਮੇਸ਼ ਨੇ X ’ਤੇ ਇੱਕ ਪੋਸਟ ’ਚ ਕਿਹਾ, ‘‘ਰਾਸ਼ਟਰਪਤੀ ਟਰੰਪ ਨੇ ਭਾਰਤ ਤੋਂ ਆਯਾਤ ’ਤੇ 25 ਫ਼ੀਸਦੀ ਟੈਰਿਫ ਅਤੇ ਜੁਰਮਾਨਾ ਲਗਾਇਆ ਹੈ। ਉਨ੍ਹਾਂ ਅਤੇ ‘Howdy Modi' ਵਿਚਕਾਰ ਉਸ ਸਾਰੀ ‘ਤਾਰੀਫ’ ਦਾ ਕੋਈ ਮਤਲਬ ਨਹੀਂ ਹੈ।’’
ਉਨ੍ਹਾਂ ਕਿਹਾ, ‘‘ਸ੍ਰੀ ਮੋਦੀ ਨੇ ਸੋਚਿਆ ਕਿ ਜੇਕਰ ਉਹ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ਦੇ ਕੀਤੇ ਅਪਮਾਨ: ‘ਅਪਰੇਸ਼ਨ ਸਿੰਧੂਰ’ ਨੂੰ ਰੋਕਣ ਦੇ 30 ਦਾਅਵਿਆਂ, ਪਾਕਿਸਤਾਨੀ ਫ਼ੌਜ ਮੁਖੀ ਲਈ ਵਿਸ਼ੇਸ਼ ਦੁਪਹਿਰ ਦਾ ਖਾਣਾ, IMF ਅਤੇ ਵਿਸ਼ਵ ਬੈਂਕ ਤੋਂ ਪਾਕਿਸਤਾਨ ਨੂੰ ਵਿੱਤੀ ਪੈਕੇਜਾਂ ਲਈ ਅਮਰੀਕੀ ਸਮਰਥਨ, ’ਤੇ ਚੁੱਪ ਰਹੇ ਤਾਂ ਭਾਰਤ ਨੂੰ ਰਾਸ਼ਟਰਪਤੀ ਟਰੰਪ ਹੱਥੋਂ ਵਿਸ਼ੇਸ਼ ਸਲੂਕ special treatment ਮਿਲੇਗਾ। ਸਪੱਸ਼ਟ ਤੌਰ ’ਤੇ ਅਜਿਹਾ ਨਹੀਂ ਹੋਇਆ ਹੈ।’’
ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਇੰਦਰਾ ਗਾਂਧੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਅਮਰੀਕੀ ਰਾਸ਼ਟਰਪਤੀ ਦੇ ਸਾਹਮਣੇ ਖੜ੍ਹਾ ਹੋਣਾ ਚਾਹੀਦਾ ਹੈ।’’
ਜੈਰਾਮ ਰਮੇਸ਼ ਨੇ ਇੱਕ ਹੋਰ ਪੋਸਟ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਟਰੰਪ ਨਾਲ ਇੱਕ ਚੰਗਾ ਵਪਾਰ ਸੌਦਾ ਸਿਰੇ ਚਾੜ੍ਹਨ ਦੀ ਉਮੀਦ ਵਿੱਚ 10 ਮਈ ਦੀ ਸ਼ਾਮ ਨੂੰ ਅਚਾਨਕ ‘ਅਪਰੇਸ਼ਨ ਸਿੰਧੂਰ’ ਰੋਕ ਦਿੱਤਾ ਪਰ ਅੱਜ ਉਹ ਸੌਦਾ ਸਾਕਾਰ ਨਹੀਂ ਹੋਇਆ। ਤਾਂ ਪਹਿਲਾਂ ਉਸ ਸਮਰਪਣ ਦਾ ਕੀ ਫਾਇਦਾ ਸੀ?’’
ਮੋਦੀ ’ਤੇ ਨਿਸ਼ਾਨਾ ਸੇਧਦਿਆਂ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਰਾਜ ਸਭਾ ਨੇਤਾ ਡੇਰੇਕ ਓ’ਬ੍ਰਾਇਨ ਨੇ X ’ਤੇ ਪ੍ਰਧਾਨ ਮੰਤਰੀ ਅਤੇ ਟਰੰਪ ਦਾ ਇੱਕ ਵੀਡੀਓ ਸਾਂਝਾ ਕੀਤਾ।
ਮਾਈਕ੍ਰੋਬਲੌਗਿੰਗ ਪਲੇਟਫਾਰਮ ’ਤੇ ਇੱਕ ਪੋਸਟ ਵਿੱਚ ਉਨ੍ਹਾਂ ਕਿਹਾ, ‘‘56 25 ਤੋਂ ਘੱਟ ਹੈ! ਹੁਣ 56 ਇੰਚ ਟਰੰਪ ਦੇ 25 ਫ਼ੀਸਦੀ ਟੈਰਿਫ ਬਾਰੇ ਕੀ ਕਹੇਗਾ। ਇਹ ਯਾਦ ਰੱਖੋ...’’
ਟੀਐੱਮਸੀ ਨੇਤਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਮੋਦੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘ਅਸੀਂ ਭਾਰਤ ਵਿੱਚ ਰਾਸ਼ਟਰਪਤੀ ਟਰੰਪ ਨਾਲ ਚੰਗੀ ਤਰ੍ਹਾਂ ਜੁੜੇ ਹਾਂ।’’ ਉਹ ‘ਅਬਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਵੀ ਦੁਹਰਾਉਂਦੇ ਹਨ।
ਸੰਸਦੀ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ, ‘‘ਅਸੀਂ ਬਹੁਤ ਖੁਸ਼ ਨਹੀਂ ਹਾਂ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੇ ਸ਼ਾਸਨ ਦੌਰਾਨ ਹੋਇਆ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਕਮੀਆਂ ਨੂੰ ਸਵੀਕਾਰ ਕਰੇ, ਸਾਰਿਆਂ ਨੂੰ ਵਿਸ਼ਵਾਸ ਵਿੱਚ ਲਵੇ ਅਤੇ ਕਹੇ ਕਿ ਇਹ ਦੇਸ਼ ਇੱਕ ਮਜ਼ਬੂਤ ਹਸਤੀ ਵਜੋਂ ਉੱਠੇਗਾ।’’
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਸੰਸਦ ਮੈਂਬਰ ਪੀ ਸੰਦੋਸ਼ ਕੁਮਾਰ ਨੇ ਟਰੰਪ ਦੇ ਫ਼ੈਸਲੇ ਨੂੰ ‘ਭਾਰਤ ਦਾ ਇੱਕ ਹੋਰ ਅਪਮਾਨ’ ਦੱਸਿਆ।
ਉਨ੍ਹਾਂ ਸੰਸਦੀ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਹ ਭਾਰਤ ਅਤੇ ਭਾਰਤ ਦੇ ਮਾਣ-ਸਨਮਾਨ ਦਾ ਇੱਕ ਹੋਰ ਅਪਮਾਨ ਹੈ। ਜਦੋਂ ਕਿ ਇੱਕ ਪਾਸੇ ਵਪਾਰ-ਸਮਝੌਤੇ ’ਤੇ ਚਰਚਾ ਚੱਲ ਰਹੀ ਹੈ, ਟਰੰਪ ਭਾਰਤੀ ਹਿੱਤਾਂ ਦਾ ਅਪਮਾਨ ਕਰ ਰਹੇ ਹਨ।’’
ਟੈਰਿਫ ਬਾਰੇ ਪੁੱਛੇ ਜਾਣ ’ਤੇ ਡੀਐੱਮਕੇ ਨੇਤਾ ਤਿਰੂਚੀ ਸਿਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।
ਉਨ੍ਹਾਂ ਕਿਹਾ, ‘‘ਇਸ ਲਈ ਵੀ ਸਿਰਫ ਪ੍ਰਧਾਨ ਮੰਤਰੀ ਹੀ ਜਵਾਬ ਦੇਣ ਦੇ ਸਮਰੱਥ ਹਨ.... ਕੀ ਹੋਇਆ ਹੈ, ਇਹ ਕਿਉਂ ਹੋਇਆ ਹੈ, ਇਸ ਦਾ ਭਾਰਤ ’ਤੇ ਕੀ ਅਸਰ ਪਵੇਗਾ.... ਸੰਸਦ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਹੈ।’’
ਕਾਂਗਰਸ ਨੇਤਾ ਮਨੀਕਮ ਟੈਗੋਰ ਨੇ ਕਿਹਾ, ‘‘ਇਹ ਮੋਦੀ ਸਰਕਾਰ ਦੀ ਅਸਫ਼ਲਤਾ ਹੈ। ਵਿਦੇਸ਼ ਮੰਤਰੀ ਅਸਫ਼ਲ ਹੋ ਗਏ ਹਨ।’’ ਉਨ੍ਹਾਂ ਕਿਹਾ, ‘‘ਹਾਉਡੀ ਮੋਦੀ’, ‘ਅਬਕੀ ਬਾਰ ਟਰੰਪ ਸਰਕਾਰ’ ਅਜਿਹੇ ਨਾਅਰੇ ਸਨ। ਮੋਦੀ ਜਿੱਥੇ ਵੀ ਜਾ ਰਿਹਾ ਸੀ, ਉਹ ਦੇਖਣਾ ਚਾਹੁੰਦਾ ਸੀ ਕਿ ਉਹ ਕਿੰਨੇ ਪੁਰਸਕਾਰ ਇਕੱਠੇ ਕਰਦਾ ਹੈ.... ਭਾਰਤ ਦੇ ਹਿੱਤ ਨਾਲ ਸਮਝੌਤਾ ਕੀਤਾ ਗਿਆ ਸੀ ਅਤੇ ਮੋਦੀ ਦਾ ਪੀਆਰ ਇੱਕ ਤਰਜੀਹ ਸੀ। ਇਸ ਪਹੁੰਚ ਨਾਲ, ਭਾਰਤ ਕਮਜ਼ੋਰ ਹੋ ਗਿਆ ਹੈ।’’