ਲੋਕ ਸਭਾ ਵੱਲੋਂ ਮਨੀਪੁਰ ’ਚ ਰਾਸਟਰਪਤੀ ਸ਼ਾਸਨ ਵਧਾਉਣ ਨੂੰ ਮਨਜ਼ੂਰੀ
ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਵਧਾਉਣ ਦੇ ਕਾਨੂੰਨੀ ਮਤੇ ’ਤੇ ਇੱਕ ਸੰਖੇਪ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਫਰਵਰੀ ਵਿੱਚ ਕੇਂਦਰੀ ਸ਼ਾਸਨ ਲਾਗੂ ਹੋਣ ਤੋਂ ਬਾਅਦ ਰਾਜ ਵਿੱਚ ਸਿਰਫ ਇੱਕ ਹੀ ਮੌਤ ਹੋਈ ਹੈ।
ਉਨ੍ਹਾਂ ਕਿਹਾ, ‘‘ਉੱਥੇ ਸ਼ਾਂਤੀ ਬਹਾਲ ਹੋਣ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਤੋਂ ਬਾਅਦ ਸਿਰਫ ਇੱਕ ਹੀ ਮੌਤ ਹੋਈ ਹੈ। ਪਿਛਲੇ ਚਾਰ ਮਹੀਨਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।’’
ਮੰਤਰੀ ਨੇ ਕਿਹਾ ਕਿ ਸ਼ਾਂਤੀ ਸਥਾਪਤ ਕਰਨ ਲਈ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਹੋਣਾ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ, ‘‘ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਉੱਥੇ ਸ਼ਾਂਤੀ ਹੈ... ਕਾਨੂੰਨ ਵਿਵਸਥਾ ਦੀ ਸਥਿਤੀ ਵੀ ਕਾਬੂ ਹੇਠ ਹੈ। ਸਥਾਈ ਸ਼ਾਂਤੀ ਸਥਾਪਤ ਕਰਨ ਲਈ ਗੱਲਬਾਤ ਰਾਹੀਂ ਦੋ ਨਸਲੀ ਭਾਈਚਾਰਿਆਂ ਵਿਚਕਾਰ ਮਤਭੇਦਾਂ ਨੂੰ ਦੂਰ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’
ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਚਰਚਾ ਲਈ ਵਿਧਾਨਕ ਮਤਾ ਪੇਸ਼ ਕੀਤਾ ਸੀ।
ਉਨ੍ਹਾਂ ਕਾਂਗਰਸ ਮੈਂਬਰ ਐਂਟੋ ਐਂਟਨੀ ਦੀ ਇਸ ਟਿੱਪਣੀ ਨੂੰ ਰੱਦ ਕਰ ਦਿੱਤਾ ਕਿ ਮਨੀਪੁਰ ਵਿੱਚ ਟਕਰਾਅ ਦੋ ਧਰਮਾਂ ਵਿਚਕਾਰ ਸੀ।’’
ਮੰਤਰੀ ਨੇ ਕਿਹਾ, ‘‘ਮਨੀਪੁਰ ਵਿੱਚ ਹਿੰਸਾ ਨਸਲੀ ਸੀ। ਇਹ ਦੋ ਧਰਮਾਂ ਵਿਚਕਾਰ ਟਕਰਾਅ ਨਹੀਂ ਸੀ।’’
ਸਪੀਕਰ ਓਮ ਬਿਰਲਾ ਨੇ ਕਿਹਾ ਕਿ ਮਨੀਪੁਰ ਵਿੱਚ 13 ਫਰਵਰੀ ਨੂੰ ਰਾਸ਼ਟਰਪਤੀ ਸ਼ਾਸਨ ਲਗਾਇਆ ਗਿਆ ਸੀ ਅਤੇ ਸਦਨ ਨੇ 2 ਅਪਰੈਲ ਨੂੰ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਸੰਸਦ ਦੁਆਰਾ ਰਾਸ਼ਟਰਪਤੀ ਸ਼ਾਸਨ ਦੀ ਪ੍ਰਵਾਨਗੀ ਛੇ ਮਹੀਨਿਆਂ ਲਈ ਵੈਧ ਹੈ।
ਬਿਰਲਾ ਨੇ ਕਿਹਾ, ‘‘ਜੇਕਰ ਰਾਸ਼ਟਰਪਤੀ ਸ਼ਾਸਨ ਨੂੰ ਹੋਰ ਛੇ ਮਹੀਨੇ ਵਧਾਉਣਾ ਹੈ ਤਾਂ ਵਿਧਾਨਕ ਮਤੇ ਨੂੰ ਸੰਸਦ ਦੇ ਦੋਵਾਂ ਸਦਨਾਂ ਵੱਲੋਂ ਮਨਜ਼ੂਰੀ ਦੇਣੀ ਪਵੇਗੀ।’’
ਚਰਚਾ ਵਿੱਚ ਹਿੱਸਾ ਲੈਂਦਿਆਂ ਕਾਂਗਰਸ ਮੈਂਬਰ ਏ ਬਿਮੋਲ ਅਕੋਇਜਮ ਨੇ ਰਾਸ਼ਟਰਪਤੀ ਸ਼ਾਸਨ ਦੇ ਵਾਧੇ ਦਾ ਵਿਰੋਧ ਕੀਤਾ ਅਤੇ ਮਨੀਪੁਰ ਵਿੱਚ ਨਵੇਂ ਸਿਰਿਓਂ ਚੋਣਾਂ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਪੂਰਨ ਬਹੁਮਤ ਹੋਣ ਦੇ ਬਾਵਜੂਦ, ਭਾਜਪਾ ਮਨੀਪੁਰ ਵਿੱਚ ਸਰਕਾਰ ਬਣਾਉਣ ਵਿੱਚ ਅਸਮਰੱਥ ਰਹੀ ਹੈ। ਅਕੋਇਜਮ ਨੇ ਕਿਹਾ, ‘‘ਸਾਨੂੰ ਮਨੀਪੁਰ ਰਾਜ ਵਿੱਚ ਇੱਕ ਨਵਾਂ ਫਤਵਾ ਮਿਲਣਾ ਚਾਹੀਦਾ ਹੈ।’’
ਉਨ੍ਹਾਂ ਮਨੀਪੁਰ ਵਿੱਚ ਮੌਜੂਦਾ ਸਥਿਤੀ ਲਈ ਜਵਾਬਦੇਹੀ ਤੈਅ ਕਰਨ ਲਈ ਇੱਕ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਵੀ ਕੀਤੀ।
ਟੀਡੀਪੀ ਮੈਂਬਰ ਲਾਵੂ ਸ੍ਰੀਕ੍ਰਿਸ਼ਨ ਦੇਵਰਾਯਾਲੂ ਨੇ ਰਾਸ਼ਟਰਪਤੀ ਸ਼ਾਸਨ ਦੇ ਵਿਸਥਾਰ ਲਈ ਪ੍ਰਵਾਨਗੀ ਮੰਗਣ ਵਾਲੇ ਮਤੇ ਦਾ ਸਮਰਥਨ ਕੀਤਾ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸ਼ਾਸਨ ਦਾ ਵਿਸਥਾਰ ਸਿਰਫ਼ ਕਾਨੂੰਨ ਵਿਵਸਥਾ ਬਣਾਈ ਰੱਖਣ ਸਬੰਧੀ ਨਹੀਂ ਹੈ, ਸਗੋਂ ਸੰਵਿਧਾਨ, ਕਾਨੂੰਨ ਦੇ ਸ਼ਾਸਨ ਅਤੇ ਭਾਰਤ ਦੇ ਵਿਚਾਰ ਵਿੱਚ ਵਿਸ਼ਵਾਸ ਨੂੰ ਮੁੜ ਸਥਾਪਤ ਕਰਨ ਬਾਰੇ ਹੈ।
ਟੀਡੀਪੀ ਮੈਂਬਰ ਨੇ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਬਹਾਲ ਕਰਨ ਦਾ ਸਿਹਰਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਮਨੀਪੁਰ ਵਿੱਚ ਵੀ ਅਜਿਹਾ ਕਰਨ ਦੇ ਯੋਗ ਹੋਣਗੇ।