Ladakh: ਸੈਨਾ ਦੇ ਵਾਹਨ ’ਤੇ ਪੱਥਰ ਡਿੱਗਿਆ; ਲੈਫਟੀਨੈਂਟ ਕਰਨਲ ਸਣੇ ਦੋ ਹਲਾਕ
ਅਧਿਕਾਰੀਆਂ ਨੇ ਦੱਸਿਆ ਕਿ ਇਹ ਗੱਡੀ ਫ਼ੌਜੀ ਕਾਫ਼ਲੇ ਦਾ ਹਿੱਸਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਇੱਥੋਂ 200 ਕਿਲੋਮੀਟਰ ਦੂਰ ਗਲਵਾਲ ਵਿੱਚ ਦੁਰਬੁਕ ’ਚ ਸਵੇਰੇ ਕਰੀਬ 11:30 ਵਜੇ ਵਾਪਰਿਆ। ਫ਼ੌਜ ਨੇ ਮ੍ਰਿਤਕਾਂ ਦੀ ਪਛਾਣ ਲੈਫਟੀਨੈਂਅ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਅਤੇ ਲਾਂਸ ਦਫਾਦਾਰ ਦਲਜੀਤ ਸਿੰਘ (14 ਸਿੰਧ ਹੌਰਸ) ਵਜੋਂ ਕੀਤੀ ਹੈ।
ਫ਼ੌਜ ਅਨੁਸਾਰ ਮੇਜਰ ਮਿਆਂਕ ਸ਼ੁਭਮ (14 ਸਿੰਧ ਹੌਰਸ), ਮੇਜਰ ਅਮਿਤ ਦੀਕਸ਼ਤ ਅਤੇ ਕੈਪਟਨ ਗੌਰਵ (60 ਆਰਮਡ) ਨੂੰ ਸੱਟਾਂ ਲੱਗੀਆਂ ਹਨ।
ਉੱਤਰੀ ਕਮਾਨ ਨੇ X ’ਤੇ ਇੱਕ ਪੋਸਟ ਵਿੱਚ ਕਿਹਾ, ‘‘ਉੱਤਰੀ ਕਮਾਨ ਦੇ ਫ਼ੌਜੀ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਅਤੇ ਉੱਤਰੀ ਕਮਾਨ ਦੇ ਸਾਰੇ ਰੈਂਕ ਦੇ ਅਧਿਕਾਰੀ ਬਹਾਦਰ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਅਤੇ ਲਾਂਸ ਦਫਾਦਾਰ ਦਲਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ, ਜਿਨ੍ਹਾਂ ਫ਼ਰਜ਼ ਨਿਭਾਉਂਦਿਆਂ ਸਰਵਉੱਚ ਬਲੀਦਾਨ ਦਿੱਤਾ।’’
ਇਸ ਵਿੱਚ ਕਿਹਾ ਗਿਆ, ‘‘ਇਸ ਦੁੱਖ ਦੀ ਘੜੀ ’ਚ ਉੱਤਰੀ ਕਮਾਨ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।’’ ਅਧਿਕਾਰੀਆਂ ਨੇ ਦੱਸਿਆ ਕਿ ਕਾਫਲਾ ਸਿਖਲਾਈ ਲਈ ਦੁਰਬੁਕ ਤੋਂ ਚੋਂਗਤਾਸ਼ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੱਥਰ ਵੱਜਣ ਕਾਰਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਹੋਰ ਅਧਿਕਾਰੀ ਜ਼ੇਰੇ ਇਲਾਜ ਹਨ।