ਕੇਰਲਾ: ਕਾਂਗਰਸ ਵਿਧਾਇਕ ਨੇ ਪ੍ਰਦੇਸ਼ ਯੂਥ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਉਨ੍ਹਾਂ ਇੱਥੇ ਨੇੜੇ ਅਦੂਰ ਵਿੱਚ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ।
ਅਦਾਕਾਰਾ ਰਿਨੀ ਐਨ ਜਾਰਜ ਵੱਲੋਂ ਇੱਕ ਮਸ਼ਹੂਰ ਰਾਜਨੀਤਿਕ ਪਾਰਟੀ ਦੇ ‘ਇੱਕ ਨੌਜਵਾਨ ਨੇਤਾ’ ਖ਼ਿਲਾਫ਼ ਦੁਰਵਿਵਹਾਰ ਦਾ ਦੋਸ਼ ਲਗਾਉਣ ਤੋਂ ਬਾਅਦ ਭਾਜਪਾ ਅਤੇ ਸੀਪੀਆਈ(ਐੱਮ) ਨਾਲ ਸਬੰਧਿਤ ਯੁਵਾ ਸੰਗਠਨ ਡੀਵਾਈਐੱਫਆਈ ਮਮਕੂਟਾਥਿਲ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ ਅਤੇ ਵਿਧਾਇਕ ਵਜੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ।
ਪਾਰਟੀ ਅਹੁਦੇ ਤੋਂ ਅਸਤੀਫਾ ਦੇਣ ਦਾ ਉਨ੍ਹਾਂ ਦਾ ਫ਼ੈਸਲਾ ਕਾਂਗਰਸ ਨੇਤਾ ਅਤੇ ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਡੀ ਸਤੀਸਨ ਦੁਆਰਾ ਇਸ ਗੱਲ ’ਤੇ ਜ਼ੋਰ ਦੇਣ ਤੋਂ ਤੁਰੰਤ ਬਾਅਦ ਆਇਆ ਕਿ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਵਿਧਾਇਕ ਨੇ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ ਕਿ ਉਨ੍ਹਾਂ ਅੱਜ ਸਵੇਰੇ ਵਿਰੋਧੀ ਧਿਰ ਦੇ ਨੇਤਾ ਦੇ ਨਾਲ-ਨਾਲ ਕੇਪੀਸੀਸੀ ਅਤੇ ਏਆਈਸੀਸੀ ਨੇਤਾਵਾਂ ਨਾਲ ਗੱਲ ਕੀਤੀ ਹੈ।
ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਮੇਰਾ ਅਸਤੀਫ਼ਾ ਨਹੀਂ ਮੰਗਿਆ ਹੈ। ਅਦਾਕਾਰਾ ਮੇਰੀ ਦੋਸਤ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਜਿਸ ਵਿਅਕਤੀ ਦਾ ਉਸ ਨੇ ਜ਼ਿਕਰ ਕੀਤਾ ਹੈ ਉਹ ਮੈਂ ਸੀ। ਉਹ ਮੇਰੀ ਚੰਗੀ ਦੋਸਤ ਹੈ ਅਤੇ ਰਹੇਗੀ। ਮੇਰਾ ਮੰਨਣਾ ਹੈ ਕਿ ਮੈਂ ਹੁਣ ਤੱਕ ਦੇਸ਼ ਦੇ ਕਾਨੂੰਨ ਜਾਂ ਸੰਵਿਧਾਨ ਦੇ ਵਿਰੁੱਧ ਕੁਝ ਨਹੀਂ ਕੀਤਾ ਹੈ।’’
ਉਨ੍ਹਾਂ ਪ੍ਰੈੱਸ ਕਾਨਫਰੰਸ ਦੇ ਅਖ਼ੀਰ ਵਿੱਚ ਹੀ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ, ‘‘ਅਜਿਹੇ ਸਮੇਂ ਜਦੋਂ ਰਾਜ ਸਰਕਾਰ ਸਖ਼ਤ ਵਿਰੋਧ ਪ੍ਰਦਰਸ਼ਨਾਂ ਅਤੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ, ਕਾਂਗਰਸ ਨੇਤਾਵਾਂ ਅਤੇ ਪਾਰਟੀ ਵਰਕਰਾਂ ਨੂੰ ਆਪਣਾ ਸਮਾਂ ਅਤੇ ਸ਼ਕਤੀ ਅਜਿਹੇ ਮਾਮਲਿਆਂ ’ਤੇ ਨਹੀਂ ਖਰਚਣੀ ਚਾਹੀਦੀ। ਇਸ ਲਈ, ਮੈਂ ਯੂਥ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਮੇਰਾ ਅਜੇ ਵੀ ਮੰਨਣਾ ਹੈ ਕਿ ਮੈਂ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕੀਤਾ ਹੈ।’’
ਆਪਣੇ ਅਸਤੀਫ਼ੇ ਦਾ ਐਲਾਨ ਕਰਨ ਤੋਂ ਬਾਅਦ ਰਾਹੁਲ ਨੇ ਇਸ ਮਾਮਲੇ ਬਾਰੇ ਹੋਰ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਘਰ ਦੇ ਅੰਦਰ ਚਲਾ ਗਿਆ।