ਸਰਕਾਰ ਹਵਾ ਪ੍ਰਦੂਸ਼ਣ ਬਾਰੇ ਚਰਚਾ ਕਰੇ: ਰਾਹੁਲ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਦੇ ਵੱਡੇ ਸ਼ਹਿਰ ਜ਼ਹਿਰੀਲੀ ਹਵਾ ਦੀ ਮਾਰ ਹੇਠ ਆਏ ਹੋਏ ਹਨ। ਉਨ੍ਹਾਂ ਲੋਕ ਸਭਾ ’ਚ ਇਸ ਮੁੱਦੇ ’ਤੇ ਚਰਚਾ ਕਰਾਉਣ ਦੀ ਮੰਗ ਕੀਤੀ।
ਸ੍ਰੀ ਗਾਂਧੀ ਨੇ ਸਿਫ਼ਰ ਕਾਲ ’ਚ ਇਹ ਮੁੱਦਾ ਉਠਾਉਂਦਿਆਂ ਕਿਹਾ, ‘‘ਇਹ ਕੋਈ ਵਿਚਾਰਧਾਰਕ ਮੁੱਦਾ ਨਹੀਂ। ਸਾਨੂੰ ਸੰਸਦ ’ਚ ਇਸ ’ਤੇ ਵਿਸਥਾਰ ਨਾਲ ਚਰਚਾ ਕਰਨੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰ ਸ਼ਹਿਰ ਲਈ ਯੋਜਨਾ ਬਣਾਉਣੀ ਚਾਹੀਦੀ ਹੈ ਜਿਸ ਨਾਲ ਅਗਲੇ 5 ਜਾਂ 10 ਸਾਲਾਂ ’ਚ ਸਾਡੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ।’’ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸਰਕਾਰ ਇਸ ਮੁੱਦੇ ’ਤੇ ਚਰਚਾ ਲਈ ਤਿਆਰ ਹੈ ਅਤੇ ਲੋਕ ਸਭਾ ਦੇ ਕੰਮਕਾਜ ਬਾਰੇ ਸਲਾਹਕਾਰ ਕਮੇਟੀ ਇਸ ਲਈ ਸਮਾਂ ਤੈਅ ਕਰ ਸਕਦੀ ਹੈ।
ਵੰਦੇ ਮਾਤਰਮ ਤੇ ਚੋਣ ਸੁਧਾਰਾਂ ਦੇ ਮੁੱਦੇ ’ਤੇ ਸਰਕਾਰ ਦਬਾਅ ਹੇਠ
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੰਸਦੀ ਕੰਪਲੈਕਸ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ, ‘‘ਅਸੀਂ ਸੰਸਦ ’ਚ ਵੰਦੇ ਮਾਤਰਮ ਅਤੇ ਐੱਸ ਆਈ ਆਰ ਦੇ ਮੁੱਦੇ ’ਤੇ ਹੋਈ ਚਰਚਾ ’ਚ ਉਨ੍ਹਾਂ (ਸੱਤਾ ਧਿਰ) ਦੀਆਂ ਧੱਜੀਆਂ ਉਡਾ ਦਿੱਤੀਆਂ। ਗ੍ਰਹਿ ਮੰਤਰੀ ਅਮਿਤ ਸ਼ਾਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸਨ, ਬਹੁਤ ਦਬਾਅ ਹੇਠ ਸਨ। ਉਨ੍ਹਾਂ ਸਦਨ ’ਚ ਗਾਲ੍ਹ ਤੱਕ ਕੱਢ ਦਿੱਤੀ। ਇਸ ਪਿੱਛੇ ਕਾਰਨ ਹੈ ਕਿ ਉਹ ਅਤੇ ਉਨ੍ਹਾਂ ਦਾ ਪੂਰਾ ਤੰਤਰ ‘ਵੋਟ ਚੋਰੀ’ ਵਿੱਚ ਸ਼ਾਮਲ ਸੀ।’’ ਇਸ ਤੋਂ ਪਹਿਲਾ ਸ੍ਰੀ ਗਾਂਧੀ ਨੇ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਲੋਕ ਸਭਾ ਵਿਚਲੀ ਕਾਰਗੁਜ਼ਾਰੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
