ਸੰਸਦ ਮੈਂਬਰਾਂ ਦੇ ਫਲੈਟਾਂ ਵਿੱਚ ਅੱਗ ਲੱਗੀ
ਇੱਥੋਂ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਨੇੜੇ ਸੰਸਦ ਤੋਂ ਮਹਿਜ਼ 200 ਮੀਟਰ ਦੂਰ ਬ੍ਰਹਮਪੁੱਤਰ ਅਪਾਰਟਮੈਂਟਸ, ਜਿੱਥੇ ਕਈ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਦੀ ਰਿਹਾਇਸ਼ ਹੈ, ਵਿੱਚ ਭਿਆਨਕ ਅੱਗ ਲੱਗ ਗਈ। ਸੰਸਦ ਮੈਂਬਰਾਂ ਦੇ ਇਨ੍ਹਾਂ ਫਲੈਟਸ ਵਿੱਚ ਦੁਪਹਿਰ ਕਰੀਬ 1:20 ਵਜੇ ਅੱਗ ਲੱਗੀ। ਮੌਕੇ ’ਤੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਪੁੱਜੀਆਂ। ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਦਿੱਲੀ ਫ਼ਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਬ੍ਰਹਮਪੁੱਤਰ ਅਪਾਰਟਮੈਂਟਸ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਕਈ ਮੈਂਬਰ ਰਹਿੰਦੇ ਹਨ। ਇੱਥੇ ਅੱਗ ਲੱਗਣ ਬਾਰੇ ਦੁਪਹਿਰ 1.22 ਵਜੇ ਸੂਚਨਾ ਮਿਲੀ। ਅੱਗ ਬੁਝਾਊ ਦਸਤੇ ਦੀਆਂ 14 ਗੱਡੀਆਂ ਭੇਜੀਆਂ ਗਈਆਂ, ਜਿਨ੍ਹਾਂ ਦੁਪਹਿਰ 2.10 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ। ਦਿੱਲੀ ਫਾਇਰ ਸਰਵਿਸ ਦੇ ਏ ਡੀ ਓ ਭੂਪੇਂਦਰ ਪ੍ਰਕਾਸ਼ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਗਰਾਊਂਡ ਫਲੋਰ ’ਤੇ ਪਏ ਵਾਧੂ ਫਰਨੀਚਰ ਨੂੰ ਅੱਗ ਲੱਗੀ, ਜਿਸ ਨਾਲ ਹੇਠਲੀਆਂ ਮੰਜ਼ਿਲਾਂ ਦੇ ਕੁਝ ਘਰਾਂ ਵਿੱਚ ਪਏ ਸਮਾਨ ਦਾ ਨੁਕਸਾਨ ਹੋਇਆ ਹੈ। ਕਿਸੇ ਵੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਅੱਗ ’ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸਾਕੇਤ ਗੋਖਲੇ ਨੇ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾ ਪੁੱਜਣ ’ਤੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਉੱਤੇ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕੀਤੇ ਹਨ। ਦੱਸਣਯੋਗ ਹੈ ਕਿ ਇਸ ਇਮਾਰਤ ਦਾ ਉਦਘਾਟਨ ਸਾਲ 2020 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।