ਦਿੱਲੀ ਦੇ ਸਕੂਲਾਂ ’ਚ ਬੰਬ ਦੀ ਧਮਕੀ: ਮਾਪਿਆਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ
ਫਾਇਰ ਸਰਵਿਸਿਜ਼ ਦੇ ਅਧਿਕਾਰੀ ਨੇ ਦੱਸਿਆ ਕਿ ਦਵਾਰਕਾ ਦੇ ਸੇਂਟ ਥਾਮਸ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਬਾਰੇ ਇੱਕ ਕਾਲ ਅੱਜ ਸਵੇਰੇ 5.26 ਵਜੇ ਫਾਇਰ ਕੰਟਰੋਲ ਨੂੰ ਪ੍ਰਾਪਤ ਹੋਈ। ਇਸੇ ਤਰ੍ਹਾਂ ਵਸੰਤ ਕੁੰਜ ਦੇ ਵਸੰਤ ਵੈਲੀ ਸਕੂਲ ਨੂੰ ਸਵੇਰੇ 6.30 ਵਜੇ, ਹੌਜ਼ ਖਾਸ ਦੇ ਮਦਰ ਇੰਟਰਨੈਸ਼ਨਲ ਨੂੰ ਸਵੇਰੇ 8.12 ਵਜੇ ਅਤੇ ਪੱਛਮੀ ਵਿਹਾਰ ਦੇ ਰਿਚਮੰਡ ਗਲੋਬਲ ਸਕੂਲ ਨੂੰ ਸਵੇਰੇ 8.11 ਵਜੇ ਧਮਕੀ ਭਰੀ ਈਮੇਲ ਮਿਲੀ।
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੋਧੀ ਅਸਟੇਟ ਸਥਿਤ ਸਰਦਾਰ ਪਟੇਲ ਅਦਾਰੇ ਨੂੰ ਵੀ ਧਮਕੀ ਭਰੀ ਮੇਲ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਜਦੋਂ ਬਰੀਕੀ ਨਾਲ ਤਫ਼ਤੀਸ਼ ਕੀਤੀ ਗਈ ਤਾਂ ਉੱਥੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਬੰਬ ਦੀ ਧਮਕੀ ਨੇ ਮਾਪਿਆਂ ਨੂੰ ਵੀ ਫ਼ਿਕਰਾਂ ਵਿਚ ਪਾ ਦਿੱਤਾ ਤੇ ਉਹ ਆਪਣੇ ਬੱਚਿਆਂ ਨੂੰ ਘਰ ਲੈ ਜਾਣ ਲਈ ਕਾਹਲੀ ਕਰਨ ਲੱਗੇ। ਦਵਾਰਕਾ ਦੇ ਥਾਮਸ ਸਕੂਲ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਦੋ ਧਮਕੀਆਂ ਮਿਲੀਆਂ। ਇਕ ਵਿਦਿਆਰਥੀ ਦੇ ਪਿਤਾ ਰਾਕੇਸ਼ ਅਰੋੜਾ ਨੇ ਦੱਸਿਆ ਕਿ ਸਕੂਲਾਂ ਨੂੰ ਮਿਲਣ ਵਾਲੀਆਂ ਧਮਕੀਆਂ ਚਿੰਤਾਜਨਕ ਹਨ। ਇਸ ਨਾਲ ਨਾ-ਸਿਰਫ਼ ਸਹਿਮ ਦਾ ਮਾਹੌਲ ਬਣਿਆ, ਬਲਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਇਆ। ਉਨ੍ਹਾਂ ਕਿਹਾ, “ਇਹ ਧਮਕੀਆਂ ਫ਼ਰਜ਼ੀ ਨਿਕਲੀਆਂ, ਪਰ ਮਾਪੇ ਹੋਣ ਦੇ ਨਾਤੇ, ਅਸੀਂ ਮਦਦ ਨਹੀਂ ਕਰ ਸਕਦੇ ਪਰ ਡਰ ਦਾ ਮਾਹੌਲ ਜ਼ਰੂਰ ਪੈਦਾ ਹੋਇਆ।” ਦਿੱਲੀ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਰਪਿਤਾ ਗੌਤਮ ਨੇ ਵੀ ਇਨ੍ਹਾਂ ਧਮਕੀਆਂ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।