ਜ਼ੀਰਕਪੁਰ: ਹੋਟਲ ਵਿੱਚ ਚਿੱਟਾ ਪੀਂਦੇ ਪਤੀ ਪਤਨੀ ਕਾਬੂ
ਇੱਥੋਂ ਦੀ ਪੁਲੀਸ ਨੇ ਰਮਾਡਾ ਹੋਟਲ ਦੇ ਕਮਰੇ ਵਿੱਚ ਐਤਵਾਰ ਰਾਤ ਨੂੰ ਹੈਰੋਇਨ ਪੀਣ ਦੇ ਦੋਸ਼ ਹੇਠ ਪਤੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੋਟਲ ਪ੍ਰਬੰਧਕਾਂ ਵੱਲੋਂ ਮਿਲੀ ਸੁਚਨਾ ਤੋਂ ਬਾਅਦ ਪੁਲੀਸ ਨੇ ਜੋੜੇ ਦਾ ਕਮਰਾ ਖੋਲ੍ਹਿਆ ਤਾਂ ਔਰਤ ਨਸ਼ੇ ਦੀ ਹਾਲਤ ਵਿੱਚ ਮਿਲੀ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਪਹਿਲਾਂ ਪੀਸੀਆਰ ਦੀ ਟੀਮ ਦੇ ਮੁਲਾਜ਼ਮ ਏਐੱਸਆਈ ਰਜਿੰਦਰ ਸਿੰਘ ਮੌਕੇ ’ਤੇ ਪਹੁੰਚੇ ਸਨ, ਜਦਕਿ ਬਾਅਦ ਵਿੱਚ ਡਿਊਟੀ ਅਫਸਰ ਏਐੱਸਆਈ ਸੁਲੱਖਣ ਸਿੰਘ ਨੇ ਹੋਟਲ ਪਹੁੰਚ ਕੇ ਕਾਰਵਾਈ ਕੀਤੀ। ਪੁਲੀਸ ਅਨੁਸਾਰ ਕਮਰੇ ’ਚ ਰਹਿ ਰਹੇ ਵਿਅਕਤੀ ਨੇ ਆਪਣਾ ਨਾਂਅ ਅਦਿਤਿਆ ਪ੍ਰਾਪਸ ਪੁੱਤਰ ਪ੍ਰਾਤੀਕ ਮੁਖਰਜੀ ਦੱਸਿਆ। ਉਸ ਦੇ ਨਾਲ ਮੌਜੂਦ ਔਰਤ ਨੇ ਆਪਣਾ ਨਾਂਅ ਭਾਵਨਾ ਪਤਨੀ ਅਦਿਤਿਆ ਪ੍ਰਾਪਸ ਮੁਖਰਜੀ (ਉਮਰ 28 ਸਾਲ) ਦੱਸਿਆ।
ਕਮਰੇ ਦੀ ਤਲਾਸ਼ੀ ਦੌਰਾਨ ਪੁਲੀਸ ਨੂੰ ਲਾਈਟਰ, ਵਰਤੇ ਹੋਏ ਫੌਇਲ ਪੇਪਰ ਤੇ ਸਿਗਰਟਾਂ ਦੀਆਂ ਡੱਬੀਆਂ ਮਿਲੇ ਹਨ। ਦੋਵਾਂ ਨੇ ਮੰਨਿਆ ਕਿ ਉਹ ਹੈਰੋਇਨ ਦਾ ਸੇਵਨ ਕਰ ਚੁੱਕੇ ਹਨ।
ਇਸ ਸਬੰਧੀ ਜ਼ੀਰਕਪੁਰ ਪੁਲੀਸ ਨੇ NDPS ਐਕਟ ਅਧੀਨ ਕੇਸ ਦਰਜ ਕੀਤਾ ਹੈ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਅਦਿਤਿਆ ਕਲਕੱਤਾ ਦਾ ਰਹਿਣ ਵਾਲਾ ਹੈ ਤੇ ਗੁੜਗਾਉਂ ਵਿੱਚ ਰੀਅਲ ਅਸਟੇਟ ਕੰਪਨੀ ’ਚ ਨੌਕਰੀ ਕਰਦਾ ਹੈ, ਜਦਕਿ ਭਾਵਨਾ ਭਿਵਾਨੀ (ਹਰਿਆਣਾ) ਦੀ ਰਹਿਣ ਵਾਲੀ ਹੈ, ਜਿਸ ਨੇ ਐੱਮਐੱਸਈ ਕੈਮਿਸਟਰੀ ਕੀਤੀ ਹੋਈ ਹੈ ਤੇ ਇਸ ਵੇਲੇ ਪੀਐੱਚਡੀ ਕਰ ਰਹੀ ਹੈ। ਦੋਵਾਂ ਨੇ ਲਗਪਗ ਡੇਢ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ।
ਉਨ੍ਹਾਂ ਨੇ ਦੱਸਿਆ ਕਿ ਅਦਿਤਿਆ ਦਾ ਪਿਤਾ ਪ੍ਰਾਤੀਕ ਮੁਖਰਜੀ ਹਾਈਲੈਂਡ ਪਾਰਕ, ਜ਼ੀਰਕਪੁਰ ਰਹਿੰਦਾ ਹੈ ਤੇ ਉਸ ਦਾ ਇਲਾਜ ਜੇਪੀ ਹਸਪਤਾਲ ’ਚ ਚੱਲ ਰਿਹਾ ਹੈ। ਦੋਵੇਂ ਪਿਤਾ ਦਾ ਹਾਲ ਜਾਨਣ ਆਏ ਸਨ ਤੇ ਹੋਟਲ ਵਿੱਚ ਰੁਕੇ ਹੋਏ ਸਨ। ਪੁਲੀਸ ਇਹ ਵੀ ਜਾਂਚ ਰਹੀ ਹੈ ਕਿ ਇਨ੍ਹਾਂ ਕੋਲ ਹੈਰੋਇਨ ਪਹਿਲਾਂ ਤੋਂ ਸੀ ਜਾਂ ਕਿਸੇ ਨੇ ਹੋਟਲ ਦੇ ਅੰਦਰ ਜਾਂ ਬਾਹਰ ਸਪਲਾਈ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਦੋਵਾਂ ਦਾ ਡੋਪ ਟੈਸਟ ਸਿਵਲ ਹਸਪਤਾਲ ਡੇਰਾਬਸੀ ਤੋਂ ਕਰਵਾਇਆ ਗਿਆ, ਜੋ ਪਾਜ਼ਿਟਿਵ ਆਇਆ ਹੈ। ਦੋਵਾਂ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਅਦਾਲਤੀ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਸੈਂਟਰਲ ਜੇਲ੍ਹ ਪਟਿਆਲਾ ਜਾਂ ਨਸ਼ਾ ਛੁਡਾਉ ਕੇਂਦਰ ਮੁਹਾਲੀ ਵਿੱਚ ਭੇਜਿਆ ਜਾਵੇਗਾ।
