ਨਸ਼ਾ ਮੁਕਤੀ ਲਈ ਯੋਗਦਾਨ ਦੇਣ ਨੌਜਵਾਨ: ਕਟਾਰੀਆ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਪ੍ਰਸ਼ਾਸਨ, ਪੁਲੀਸ ਵਿਭਾਗ ਤੇ ਹੋਰਨਾਂ ਵੱਖ-ਵੱਖ ਵਿਭਾਗਾਂ ਵੱਲੋਂ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ’ਤੇ ਵੱਖ-ਵੱਖ ਸਮਾਗਮ ਉਲੀਕੇ ਗਏ। ਇਸ ਦੌਰਾਨ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੁਖਨਾ ਝੀਲ ’ਤੇ ‘ਏਕਤਾ ਮਾਰਚ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਸ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ 800 ਨੌਜਵਾਨਾਂ ਅਤੇ ਐੱਨ ਐੱਸ ਐੱਸ ਵਾਲੰਟੀਅਰਾਂ ਨੇ ਹਿੱਸਾ ਲਿਆ। ‘ਏਕਤਾ ਮਾਰਚ’ ਨੂੰ ਰਵਾਨਾ ਕਰਨ ਤੋਂ ਪਹਿਲਾ ਯੂਟੀ ਦੇ ਪ੍ਰਸ਼ਾਸਕ ਨੇ ਨੌਜਵਾਨਾਂ ਨੂੰ ‘ਨਸ਼ਾ ਮੁਕਤ ਭਾਰਤ’ ਤੇ ‘ਆਤਮਨਿਰਭਰ ਭਾਰਤ’ ਲਈ ਯੋਗਦਾਨ ਪਾਉਣ ਦੀ ਸਹੁੰ ਚੁਕਾਈ।
ਸ੍ਰੀ ਕਟਾਰੀਆ ਨੇ ਕਿਹਾ ਕਿ ਸਰਦਾਰ ਪਟੇਲ ਨੇ ਭਾਰਤ ਦੇ ਏਕੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਨੌਜਵਾਨਾਂ ਨੂੰ ਸਮਰਪਣ ਭਾਵ ਨਾਲ ਕਾਰਜ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੂੰ ਰਾਸ਼ਟਰ ਪ੍ਰਤੀ ਪੂਰਨ ਸਮਰਪਣ ਨਾਲ ਕੰਮ ਕਰਨਾ ਚਾਹੀਦਾ ਹੈ।
ਪ੍ਰਸ਼ਾਸਕ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਰਾਸ਼ਟਰ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਕੇਵਲ ਅਨੁਸ਼ਾਸਿਤ, ਤੰਦਰੁਸਤ ਅਤੇ ਜ਼ਿੰਮੇਵਾਰ ਨੌਜਵਾਨਾਂ ਵੱਲੋਂ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਤਮਨਿਰਭਰਤਾ ਨਾ ਕੇਵਲ ਆਰਥਿਕ ਸੁਤੰਤਰਤਾ, ਬਲਕਿ ਨੈਤਿਕ ਅਤੇ ਸਮਾਜਿਕ ਮਜ਼ਬੂਤੀ ਨੂੰ ਵੀ ਦਰਸਾਉਂਦੀ ਹੈ। ਪ੍ਰਸ਼ਾਸਕ ਨੇ ਨੌਜਵਾਨ ਨਾਗਰਿਕਾਂ ਨੂੰ ਕੌਮੀ ਏਕਤਾ, ਨਾਗਰਿਕ ਜ਼ਿੰਮੇਵਾਰੀ ਅਤੇ ਆਤਮਨਿਰਭਰ ਰਾਸ਼ਟਰ ਨਿਰਮਾਣ ਦੇ ਆਦਰਸ਼ਾਂ ਨਾਲ ਜੋੜਨ ਵਾਲੀ ਇਸ ਸਾਰਥਕ ਪਹਿਲ ਦੇ ਪ੍ਰਬੰਧ ਲਈ ਚੰਡੀਗੜ੍ਹ ਪ੍ਰਸ਼ਾਸਨ ਅਤੇ ‘ਮੇਰਾ ਯੁਵਾ ਭਾਰਤ’ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਚੰਡੀਗੜ੍ਹ ਪ੍ਰਸ਼ਾਸਨ ਨੇ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਦੇ ਸਨਮਾਨ ਵਿੱਚ ਯੂਟੀ ਸਕੱਤਰੇਤ ਵਿੱਚ ਕੌਮੀ ਏਕਤਾ ਦਿਵਸ ਮਨਾਇਆ। ਇਸ ਮੌਕੇ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ ਰਾਜੇਸ਼ ਪ੍ਰਸਾਦ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਅਤੇ ਸਟਾਫ਼ ਨੂੰ ਏਕਤਾ ਦੀ ਸਹੁੰ ਚੁਕਾਈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸਮਾਗਮ ਉਲੀਕੇ ਗਏ ਹਨ। ਚੰਡੀਗੜ੍ਹ ਸਥਿਤ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ) ਵੱਲੋਂ ਵੀ ਦੁਪਹਿਰ ਸਮੇਂ ਏਕਤਾ ਮਾਰਚ ਕੀਤਾ ਗਿਆ ਹੈ।
