ਸੜਕ ਦੀ ਮੁਰੰਮਤ ਲਈ ਖੁਦ ਜੁਟੇ ਦੁਰਾਲੀ ਦੇ ਨੌਜਵਾਨ
ਪਿੰਡ ਦੁਰਾਲੀ ਤੋਂ ਸੈਕਟਰ 100 ਅਤੇ 84 ਦੀ ਸੜਕ ਨਾਲ ਜੁੜ੍ਹਦੀ ਪੇਂਡੂ ਸੰਪਰਕ ਸੜ੍ਹਕ ਦੇ ਕਈਂ ਸਾਲਾਂ ਤੋਂ ਪਏ ਹੋਏ ਡੂੰਘੇ ਟੋਇਆਂ ਨੂੰ ਪੂਰਨ ਲਈ ਸਰਕਾਰ ਦੀ ਉਮੀਦ ਛੱਡ ਅੱਜ ਪਿੰਡ ਦੇ ਨੌਜਵਾਨਾਂ ਨੇ ਹੀ ਕਮਾਨ ਸੰਭਾਲੀ। ਇਹ ਸੜਕ ਕਈਂ ਪਿੰਡਾਂ ਨੂੰ ਮੁਹਾਲੀ ਨਾਲ ਜੋੜਦੀ ਹੈ ਅਤੇ ਇਸ ਵਿਚ ਦੋ-ਦੋ ਫੁੱਟ ਡੂੰਘੇ ਟੋਇਆਂ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਇੱਕ ਕਿਲੋਮੀਟਰ ਸੜਕੀ ਟੋਟੇ ਦੇ ਟੋਇਆਂ ਵਿਚ ਮੀਂਹ ਕਾਰਨ ਪਾਣੀ ਭਰਨ ਨਾਲ ਕਈਂ ਰਾਤ ਸਮੇਂ ਕਈਂ ਹਾਦਸੇ ਵੀ ਵਾਪਰ ਚੁੱਕੇ ਹਨ। ਰਾਹਗੀਰਾਂ ਨੂੰ ਇਸ ਟੋਟੇ ਦਾ ਪੰਜ ਮਿੰਟ ਦਾ ਸਫ਼ਰ ਤੈਅ ਕਰਨ ਲਈ ਟੋਇਆਂ ਕਾਰਨ ਪੰਦਰਾਂ ਮਿੰਟ ਲੱਗਦੇ ਹਨ। ਪਿੰਡ ਦੇ ਨੌਜਵਾਨ ਕੁਲਵਿੰਦਰ ਸਿੰਘ ਨੇ ਅੱਜ ਸਵੇਰੇ ਜੇਸੀਬੀ ਮਸ਼ੀਨ ਨਾਲ ਸੜਕ ਦੇ ਆਲੇ-ਦੁਆਲੇ ਦੀ ਸਫ਼ਾਈ ਕੀਤੀ ਅਤੇ ਡੂੰਘੇ ਟੋਇਆਂ ਵਿਚ ਮਿੱਟੀ ਭਰੀ। ਇਸ ਮਗਰੋਂ ਸ਼ਿੰਦਾ ਮਾਨ, ਬਿੰਦਰ ਬੈਦਵਾਣ, ਹਰਨੇਕ ਸਿੰਘ ਪੰਚ ਨੇ ਪਿੰਡ ਦੇ ਹੋਰ ਨੌਜਵਾਨਾਂ ਦੀ ਮੱਦਦ ਨਾਲ ਸੜਕ ਦੇ ਟੋਇਆਂ ਲਈ ਪੱਥਰ-ਮਿੱਟੀ ਵਾਲੇ ਮਿਕਚਰ ਦੀਆਂ ਟਰਾਲੀਆਂ ਟੋਇਆਂ ਵਿਚ ਪਾਈਆਂ ਅਤੇ ਬੁਲਡੋਜ਼ਰ ਮੰਗਵਾ ਕੇ ਇਸ ਨੂੰ ਪੂਰੀ ਤਰਾਂ ਪੱਧਰੀ ਕੀਤਾ ਤਾਂ ਜੋ ਲੰਘਣ ਲਈ ਕਿਸੇ ਨੂੰ ਦਿੱਕਤ ਨਾ ਆਵੇ। ਨੌਜਵਾਨਾਂ ਵੱਲੋਂ ਤਿੰਨ-ਚਾਰ ਟਰੈਕਟਰ ਮਿੱਟੀ-ਪੱਥਰ ਲਿਆਉਣ ਲਈ ਲਗਾਏ ਗਏ ਹਨ। ਨੌਜਵਾਨਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਲੱਖ ਤੋਂ ਵੱਧ ਦੀ ਰਾਸ਼ੀ ਖਰਚੀ ਜਾ ਰਹੀ ਹੈ। ਅੱਧਾ ਟੋਟਾ ਅੱਜ ਠੀਕ ਕਰਾ ਦਿੱਤਾ ਗਿਆ ਤੇ ਬਾਕੀ ਅੱਧਾ ਸੋਮਵਾਰ ਨੂੰ ਠੀਕ ਕਰਾ ਦਿੱਤਾ ਜਾਵੇਗਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਪਿਛਲੇ ਲੰਮੇ ਸਮੇਂ ਤੋਂ ਬਹੁਤ ਖਰਾਬ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈਂ ਵਰ੍ਹਿਆਂ ਤੋਂ ਉਹ ਸਰਕਾਰੇ/ਦਰਬਾਰੇ ਅਤੇ ਲੋਕ ਨਿਰਮਾਣ ਵਿਭਾਗ ਕੋਲੋਂ ਇਸ ਸੜਕ ਦੀ ਮੁਰੰਮਤ ਦੀ ਮੰਗ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਹੁੰਦੀ ਪ੍ਰੇਸ਼ਾਨੀ ਅਤੇ ਹਾਦਸਿਆਂ ਨੂੰ ਵੇਖਦਿਆਂ ਸੜਕ ਦੀ ਖ਼ੁਦ ਹੀ ਮੁਰੰਮਤ ਕਰਾਏ ਜਾਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਭਾਵੇਂ ਪਿੰਡ ਦੇ ਨੌਜਵਾਨਾਂ ਨੇ ਆਰਜ਼ੀ ਤੌਰ ਤੇ ਸੜਕ ਦੇ ਟੋਏ ਭਰ ਕੇ ਮੁਰੰਮਤ ਕਰਵਾ ਦਿੱਤੀ ਹੈ ਪਰ ਇਸ ਉੱਤੇ ਤੁਰੰਤ ਪੱਥਰ ਵਿਛਾ ਕੇ ਪ੍ਰੀਮਿਕਸ ਪਾਈ ਜਾਵੇ।