ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਕਰਮਜੀਤ ਸਿੰਘ ਚਿੱਲਾ
ਬਨੂੜ, 11 ਮਾਰਚ
ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਬੀਤੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਗਿਆਨ ਸਾਗਰ ਹਸਪਤਾਲ ਦੇ ਸਾਹਮਣੇ ਓਵਰਬ੍ਰਿੱਜ ’ਤੇ ਵਾਪਰਿਆ। ਮ੍ਰਿਤਕ ਰਣਦੀਪ ਸਿੰਘ (27) ਪੁੱਤਰ ਜ਼ੋਰਾ ਸਿੰਘ ਥਾਣਾ ਸੰਭੂ ਅਧੀਨ ਪੈਂਦੇ ਪਿੰਡ ਚਮਾਰੂ ਦਾ ਵਸਨੀਕ ਸੀ ਅਤੇ ਆਪਣੀ ਬਨੂੜ ਵਿਆਹੀ ਹੋਈ ਭੈਣ ਨੂੰ ਮਿਲਣ ਉਪਰੰਤ ਮੋਟਰਸਾਈਕਲ ’ਤੇ ਆਪਣੇ ਪਿੰਡ ਚਮਾਰੂ ਜਾ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਇਹ ਨੌਜਵਾਨ ਓਵਰਬ੍ਰਿੱਜ ’ਤੇ ਜਾ ਰਿਹਾ ਸੀ ਤਾਂ ਸੜਕ ਉੱਤੇ ਮੁਰੰਮਤ ਲਈ ਖਿਲਾਰੀ ਪਈ ਬਜਰੀ ਉੱਤੇ ਉਸਦਾ ਮੋਟਰਸਾਈਕਲ ਸਲਿੱਪ ਕਰ ਗਿਆ ਅਤੇ ਨੌਜਵਾਨ ਦਾ ਸਿਰ ਸੜਕ ਨਾਲ ਜਾ ਟਕਰਾਇਆ। ਗੰਭੀਰ ਜ਼ਖ਼ਮੀ ਹੋਏ ਰਣਦੀਪ ਨੂੰ ਚੁੱਕ ਕੇ ਪਹਿਲਾਂ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਜਿੱਥੇ ਦੇਰ ਰਾਤ ਇਲਾਜ ਦੌਰਾਨ ਉਹ ਦਮ ਤੋੜ ਗਿਆ। ਮਾਰਗ ਤੋਂ ਲੰਘਣ ਵਾਲੇ ਕਈਂ ਰਾਹਗੀਰਾਂ ਨੇ ਦੱਸਿਆ ਕਿ ਸੜਕ ’ਤੇ ਖਿੱਲਰੀ ਹੋਈ ਬਜਰੀ ਕਾਰਨ ਕਈਂ ਹੋਰ ਦੁਪਹੀਆ ਚਾਲਕ ਚੀ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ।