ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਤਾਲਿਬ ਬਾਬਾ ਫਲਾਹੀ ਨੇ ਜਿੱਤੀ
ਪਿੰਡ ਸ਼ਿੰਗਾਰੀਵਾਲਾ ਵਿੱਚ ਛਿੰਝ ਕਮੇਟੀ, ਗਰਾਮ ਪੰਚਾਇਤ, ਸਮੂਹ ਨਗਰ ਵਾਸੀਆਂ ਵੱਲੋਂ ਸਾਲਾਨਾ ਦੰਗਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਬਿਲਿੰਗ, ਬਾਬਾ ਹਰਜਿੰਦਰ ਸਿੰਘ, ਰਵਿੰਦਰ ਸਿੰਘ, ਸੋਹਣ ਸਿੰਘ, ਮਨਜੀਤ ਸਿੰਘ, ਗੁਰਮੇਲ ਸਿੰਘ, ਮਲਕੀਤ ਸਿੰਘ, ਸਾਬਕਾ ਸਰਪੰਚ ਕਾਕਾ ਸਿੰਘ, ਮੌਜੂਦਾ ਸਰਪੰਚ ਐਡਵੋਕੇਟ ਅਮਿਤ ਮਹਿਤਾ ਸਮੇਤ ਰਾਜਿੰਦਰ ਸਿੰਘ ਪੰਚ, ਮਨਜੀਤ ਕੌਰ ਪੰਚ, ਚਰਨਜੀਤ ਕੌਰ ਪੰਚ, ਅਵਤਾਰ ਸਿੰਘ, ਹਰਦੀਪ ਸਿੰਘ ਆਦਿ ਪਤਵੰਤੇ ਸੱਜਣਾਂ ਨੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਉਣ ਤੋਂ ਬਾਅਦ ਦੱਸਿਆ ਕਿ ਪਿੰਡ ਦੇ ਧਾਰਮਿਕ ਅਸਥਾਨਾਂ ਉਤੇ ਮੱਥਾ ਟੇਕਣ ਮਗਰੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵਸੀਲੇ ਸਦਕਾ ਮਿੱਟੀ ਦੇ ਮੈਦਾਨ ਵਿੱਚ ਕੁਸ਼ਤੀਆਂ ਕਰਵਾਈਆਂ ਗਈਆਂ ਹਨ। ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਅਖਾੜਿਆਂ ਦੇ ਕਈ ਪਹਿਲਵਾਨਾਂ ਨੇ ਹਿੱਸਾ ਲਿਆ।
ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਤਾਲਿਬ ਬਾਬਾ ਫਲਾਹੀ ਨੇ ਮੋਨੂੰ ਦਈਆ ਨੂੰ ਕਰੀਬ ਪੰਦਰਾਂ ਮਿੰਟ ਵਿੱਚ ਢਾਹ ਲਿਆ। ਦੋ ਨੰਬਰ ਦੀ ਝੰਡੀ ਵਿੱਚ ਪਹਿਲਵਾਨ ਜੋਬਨ ਪੱਟੀ ਤੇ ਲੱਕੀ ਗਰਜਾਂ ਬਰਾਬਰ ਰਹੇ। ਜਦਕਿ ਪਹਿਲਵਾਨ ਗੌਰਵ ਭੁੱਟਾ ਨੇ ਅਜੈ ਦੁਰਾਹਾ ਨੂੰ, ਜਸਵੀਰ ਪੜਛ ਨੇ ਮਨਜੀਤ ਦਿੱਲੀ ਨੂੰ,ਰਾਹੁਲ ਕੰਸਾਲਾ ਨੇ ਅਮਿਤ ਰੋਹਤਕ ਨੂੰ, ਜੱਸ ਮਾਮੂੰਪੁਰ ਨੇ ਗੋਲੂ ਨੂੰ, ਦਿਨੇਸ਼ ਕੰਸਾਲਾ ਨੇ ਵਿਸ਼ਾਲ ਨੂੰ ਚਿੱਤ ਕੀਤਾ। ਇਸ ਮੌਕੇ ਕਈ ਮੁਕਾਬਲਿਆਂ ਦੇ ਨਤੀਜੇ ਬਰਾਬਰ ਰਹੇ। ਸੰਤ ਮਾਮੂੰਪੁਰ ਤੇ ਭੂਰਾ ਧਨਾਸ ਨੇ ਜੋੜ ਮਿਲਾਉਣ ਦੀ ਜ਼ਿੰਮੇਵਾਰੀ ਨਿਭਾਈ ਅਤੇ ਕੁਲਵੀਰ ਕਾਈਨੌਰ ਤੇ ਰਾਜੇਸ਼ ਧੀਮਾਨ ਡੱਡੂਮਾਜਰਾ ਨੇ ਕੁਮੈਂਟਰੀ ਕੀਤੀ। ਪ੍ਰਬੰਧਕਾਂ ਵੱਲੋਂ ਸਾਰੇ ਪਹਿਲਵਾਨਾਂ ਨੂੰ ਨਗਦੀ ਸਮੇਤ ਸਿਰੋਪਿਆਂ ਨਾਲ ਸਨਮਾਨਿਆ ਗਿਆ।