ਵਿਸ਼ਵ ਕੱਪ ਜੇਤੂ ਕ੍ਰਿਕਟਰਾਂ ਅਮਨਜੋਤ ਅਤੇ ਹਰਲੀਨ ਦਾ ਮੁਹਾਲੀ ਹਵਾਈ ਅੱਡੇ ’ਤੇ ਭਰਵਾਂ ਸਵਾਗਤ
ਪੰਜਾਬ ਦੀਆਂ ਮਹਿਲਾ ਕ੍ਰਿਕਟਰਾਂ ਅਮਨਜੋਤ ਕੌਰ ਅਤੇ ਹਰਲੀਨ ਦਿਓਲ ਦਾ ਅੱਜ ਇੱਥੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜਣ ਮੌਕੇ ਜ਼ੋਰਦਾਰ ਸਵਾਗਤ ਕੀਤਾ ਗਿਆ। ਐਤਵਾਰ ਨੂੰ ਮਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਣ ਮਗਰੋਂ ਦੋਵੇਂ ਖਿਡਾਰਣਾਂ ਮੁਹਾਲੀ ਪੁੱਜੀਆਂ ਹਨ।
ਕਪਤਾਨ ਹਰਮਨਪ੍ਰੀਤ ਕੌਰ ਅਗਲੇ ਹਫ਼ਤੇ ਪੰਜਾਬ ਪਹੁੰਚਣ ਦੀ ਉਮੀਦ ਹੈ।
ਅਮਨਜੋਤ ਅਤੇ ਹਰਲੀਨ ਦਾ ਪੰਜਾਬ ਸਰਕਾਰ ਦੇ ਅਧਿਕਾਰੀਆਂ, ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਅਮਨਜੋਤ ਨੇ ਟੀਮ ਇੰਡੀਆ ਦੀ ਖਿਤਾਬੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਆਲਰਾਊਂਡਰ ਅਮਨਜੋਤ ਕੌਰ ਨੇ ਕਿਹਾ, ‘‘ਮੈਂ ਅੱਜ ਦਾ ਇਹ ਦਿਨ ਦੇਖ ਕੇ ਬਹੁਤ ਖੁਸ਼ ਹਾਂ। ਘਰ ਵਿੱਚ ਅਜਿਹੇ ਸ਼ਾਨਦਾਰ ਸਵਾਗਤ ਦੀ ਕਦੇ ਉਮੀਦ ਨਹੀਂ ਕੀਤੀ ਸੀ। ਇਹ ਜਿੱਤ ਦੇਸ਼ ਦੇ ਹਰੇਕ ਵਿਅਕਤੀ ਨੂੰ ਸਮਰਪਿਤ ਹੈ।’’ ਹਰਲੀਨ ਨੇ ਵੀ ਇਸੇ ਤਰ੍ਹਾਂ ਦੀ ਭਾਵਨਾ ਸਾਂਝੀ ਕੀਤੀ ਅਤੇ ਕਿਹਾ, ‘‘ਇਸ ਤਰ੍ਹਾਂ ਸਵਾਗਤ ਪ੍ਰਾਪਤ ਕਰਨਾ ਇੱਕ ਸੁਪਨਾ ਸੀ, ਅਤੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮੈਂ ਇਸ ਪਲ ਨੂੰ ਜੀਣ ਦੀ ਉਡੀਕ ਕਰ ਰਹੀ ਸੀ।’’
ਜਾਣਕਾਰੀ ਅਨੁਸਾਰ ਜਿੱਥੇ ਪੰਜਾਬ ਸਰਕਾਰ ਵੱਲੋਂ ਤਿੰਨੋਂ ਸੂਬਾਈ ਕ੍ਰਿਕਟਰਾਂ ਲਈ 1.50 ਕਰੋੜ ਰੁਪਏ ਹਰੇਕ ਨੂੰ ਦੇਣ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਉਧਰ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਨੇ ਅਮਨਜੋਤ ਅਤੇ ਕਪਤਾਨ ਹਰਮਨਪ੍ਰੀਤ ਨੂੰ 11-11 ਲੱਖ ਰੁਪਏ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।
ਕ੍ਰਿਕਟਰਾਂ ਨੇ ਇੱਕ ਅਧਿਕਾਰਤ ਵਾਹਨ ਵਿੱਚ ਰਵਾਨਾ ਹੋਣ ਤੋਂ ਪਹਿਲਾਂ ਢੋਲ ਦੀਆਂ ਡਗੇ ’ਤੇ ਭੰਗੜਾ ਪਾਇਆ ਅਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ। ਪ੍ਰਸ਼ੰਸਕਾਂ ਨੂੰ ਕ੍ਰਿਕਟਰਾਂ ਦੀ ਇੱਕ ਝਲਕ ਪਾਉਣ ਲਈ ਲਗਪਗ ਦੋ ਘੰਟੇ ਇੰਤਜ਼ਾਰ ਕਰਨਾ ਪਿਆ। ਫਲਾਈਟ ਨਿਰਧਾਰਤ ਸਮੇਂ ਤੋਂ ਦੋ ਘੰਟੇ ਦੇਰੀ ਨਾਲ ਪਹੁੰਚੀ ਸੀ।
ਇਸ ਉਪਰੰਤ ਸਿਆਸਤਦਾਨਾਂ, ਪ੍ਰਸ਼ੰਸਕਾਂ, ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਖਿਡਾਰੀਆਂ ਦੀ ਅਗਵਾਈ ਵਿੱਚ ਫੇਜ਼ 5 ਸਥਿਤ ਅਮਨਜੋਤ ਕੌਰ ਦੇ ਘਰ ਤੱਕ ਇੱਕ ਰੋਡ ਸ਼ੋਅ ਕੱਢਿਆ।
