ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਡਿਜ਼ੀਟਲ ਸਾਖਰਤਾ ਸਬੰਧੀ ਵਰਕਸ਼ਾਪ
ਫ਼ਤਹਿਗੜ੍ਹ ਸਾਹਿਬ, 5 ਜੂਨ
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਵੱਲੋਂ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਮੁਹਾਲੀ ਦੇ ਸਹਿਯੋਗ ਨਾਲ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ, ਜੋ ਆਰਟੀਫਿਸ਼ੀਅਲ ਇੰਟੈਲੀਜੈਂਸ, ਡਿਜ਼ੀਟਲ ਸਾਖਰਤਾ, ਲਾਈਫ ਸਕਿਲਜ਼ ਅਤੇ ਮਾਨਸਿਕ ਸਿਹਤ ਵਰਗੇ ਵਿਸ਼ਿਆਂ ’ਤੇ ਕੇਂਦਰਿਤ ਸੀ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਡਾਇਟ ਪ੍ਰਿੰਸੀਪਲਾਂ, ਸਰਕਾਰੀ ਸਕੂਲਾਂ ਦੇ ਜ਼ਿਲ੍ਹਾ ਕਾਊਂਂਸਲਰਾਂ ਅਤੇ ਅਧਿਆਪਕਾਂ ਨੇ ਭਾਗ ਲਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੀ ਹੈੱਡ ਅਤੇ ਡਾਇਰੈਕਟੋਰੇਟ ਆਫ ਇੰਟਰਨੈਸ਼ਨਲ ਅਫੇਅਰਜ਼ ਦੀ ਡੀਨ ਡਾ. ਦਮਨਜੀਤ ਸੰਧੂ ਨੇ ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਡਿਜ਼ੀਟਲ ਲਿਟਰੇਸੀ ਅਤੇ ਮਾਨਸਿਕ ਸਿਹਤ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੋ. ਅਮਨਜੋਤ ਕੌਰ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਜ਼ ਦੀ ਵਰਤੋਂ ਅਤੇ ਡਾ. ਮੋਹਿੰਦਰਪਾਲ ਕੌਰ ਸੰਧੂ ਨੇ ਲਾਈਫ ਸਕਿੱਲਜ਼ ਬਾਰੇ ਜਾਣਕਾਰੀ ਦਿੱਤੀ।
ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਦੋਵੇਂ ਸੰਸਥਾਵਾਂ ਦੇ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ। ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਡ ਟ੍ਰੇਨਿੰਗ ਦੀ ਡਾਇਰੈਕਟਰ ਮਿਸ ਕਿਰਨ ਸ਼ਰਮਾ ਨੇ ਵਿਸ਼ਿਆਂ ਦੀ ਅਹਿਮੀਅਤ ’ਤੇ ਚਾਨਣਾ ਪਾਇਆ। ਵਧੀਕ ਡਾਇਰੈਕਟਰ ਡਾ. ਬੁੱਟਾ ਸਿੰਘ ਸੇਖੋਂ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਉਪਰਾਲੇ ਕਰਨ ਦੀ ਗੱਲ ਆਖੀ। ਡੀਨ ਵਿਦਿਆਰਥੀ ਮਾਮਲੇ ਡਾ. ਏਪੀਐੱਸ ਸੇਠੀ ਨੇ ਧੰਨਵਾਦ ਕੀਤਾ। ਇਸ ਮੌਕੇ ਡਾ. ਜੇਐੱਸ ਓਬਰਾਏ, ਡਾ. ਬਲਰਾਜ ਸਿੰਘ ਅਤੇ ਹੋਰ ਹਾਜ਼ਰ ਸਨ।