ਵਾਰਡ 30 ’ਚ ਪੇਵਰ ਬਲਾਕ ਲਾਉਣ ਦਾ ਕੰਮ ਸ਼ੁਰੂ
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਅੱਜ ਆਪਣੇ ਵਾਰਡ ਅਧੀਨ ਆਉਂਦੇ ਪਿੰਡ ਬਡਹੇੜੀ ਵਿੱਚ ਫਿਰਨੀ ਉੱਤੇ ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਵਾਰਡ ਵਿੱਚ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਉਪਰੰਤ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਕੌਂਸਲਰ ਬੁਟੇਰਲਾ ਨੇ ਕਹੀ ਦਾ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕਰਵਾਈ। ਕੌਂਸਲਰ ਹਰਦੀਪ ਸਿੰਘ ਬਟੇਲਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਵਿੱਚ ਫੰਡਾਂ ਦੀ ਕਮੀ ਹੋਣ ਕਰਕੇ ਕਾਫੀ ਵਿਕਾਸ ਕਾਰਜ ਪ੍ਰਭਾਵਿਤ ਹੋਏ ਹਨ ਪ੍ਰੰਤੂ ਫਿਰ ਵੀ ਕੁਝ ਦੇਰ ਨਾਲ ਸ਼ੁਰੂ ਹੋਏ ਕੰਮ ਵਾਰਡ ਵਾਸੀਆਂ ਨੂੰ ਰਾਹਤ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਵਾਸੀਆਂ ਦੀਆਂ ਸਹੂਲਤਾਂ ਦੇ ਲਈ ਵਚਨਬੱਧ ਹਨ। ਇਸ ਮੌਕੇ ਸੱਜਣ ਸਿੰਘ, ਮੁਹੰਮਦ ਇਫਤਗਾਰ, ਮੋਹਨ ਸਿੰਘ ਮੋਹਣਾ, ਬਲਜੀਤ ਸਿੰਘ, ਗੁਰਮੀਤ ਸਿੰਘ, ਲਖਵੀਰ ਸਿੰਘ, ਅਮਨਾ, ਜਸਵੀਰ ਸਿੰਘ, ਹਰੀਆ ਅਤੇ ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ।
