ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਿਲਾ ਕ੍ਰਿਕਟ ਮੈਚ: ਭਾਰਤੀ ਟੀਮ ਨਾ ਮੈਚ ਜਿੱਤ ਸਕੀ, ਨਾ ਦਿਲ

38 ਹਜ਼ਾਰ ਤੋਂ ਵੱਧ ਸਮਰੱਥਾ ਵਾਲੇ ਸਟੇਡੀਅਮ ਦੀਆਂ ਜ਼ਿਆਦਾਤਰ ਕੁਰਸੀਆਂ ਰਹੀਆਂ ਖਾਲੀ
ਮੈਚ ਦੌਰਾਨ ਨਿਊ ਚੰਡੀਗੜ੍ਹ ਦੇ ਪੀਸੀਏ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖਾਲੀ ਪਈਆਂ ਕੁਰਸੀਆਂ। -ਫੋਟੋ: ਵਿੱਕੀ ਘਾਰੂ
Advertisement

ਨਿਊ ਚੰਡੀਗੜ੍ਹ ਦੇ ਪੀਸੀਏ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਆਸਟਰੇਲੀਆ ਦੀਆਂ ਮਹਿਲਾ ਕ੍ਰਿਕਟ ਟੀਮਾਂ ਦਰਮਿਆਨ ਖੇਡੇ ਮੈਚ ਨੂੰ ਦਰਸ਼ਕਾਂ ਦਾ ਮੱਠਾ ਹੁੰਗਾਰਾ ਮਿਲਿਆ। ਇਹ ਦੋਵੇਂ ਮੁਲਕਾਂ ਵਿਚਾਲੇ ਖੇਡੀ ਜਾਣ ਵਾਲੀ ਤਿੰਨ ਇਕ ਦਿਨਾਂ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸੀ। 38 ਹਜ਼ਾਰ ਦੇ ਕਰੀਬ ਦਰਸ਼ਕਾਂ ਦੀ ਸਮਰੱਥਾ ਵਾਲੇ ਸਟੇਡੀਅਮ ਦਾ ਬਹੁਤਾ ਹਿੱਸਾ ਮੈਚ ਦੌਰਾਨ ਖਾਲੀ ਹੀ ਰਿਹਾ। ਸਕੂਲੀ ਬੱਚਿਆਂ ਤੇ ਹੋਰ ਪਾਸਾਂ ਵਾਲਿਆਂ ਨਾਲ ਸਟੇਡੀਅਮ ਦੇ ਇੱਕ ਹਿੱਸੇ ਵਿੱਚ ਜ਼ਰੂਰ ਰੌਣਕ ਨਜ਼ਰ ਆਈ ਪਰ ਮੁੱਲ ਦੀਆਂ ਟਿਕਟਾਂ ਵਾਲੇ ਦਰਸ਼ਕਾਂ ਦੀਆਂ ਕੁਰਸੀਆਂ ਖਾਲੀ ਹੀ ਰਹੀਆਂ। ਹਾਲਾਂਕਿ ਇਸ ਮੈਚ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੁਹਾਵਣੇ ਮੌਸਮ ਕਾਰਨ ਦਰਸ਼ਕਾਂ ਅਤੇ ਖ਼ਿਡਾਰੀਆਂ ਨੂੰ ਗਰਮੀ ਤੋਂ ਨਿਜਾਤ ਮਿਲੀ। ਨਿਊ ਚੰਡੀਗੜ੍ਹ ਦੇ ਕ੍ਰਿਕਟ ਸਟੇਡੀਅਮ ਵਿੱਚ ਹੋਏ ਪਹਿਲੇ ਕੌਮਾਂਤਰੀ ਮੈਚ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੈਚ ਆਰੰਭ ਹੋਣ ਤੋਂ ਕੁਝ ਸਮਾਂ ਪਹਿਲਾਂ ਸਟੇਡੀਅਮ ਵਿੱਚ ਪਹੁੰਚੇ। ਉਨ੍ਹਾਂ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਸਨਮਾਨ ਕੀਤਾ ਅਤੇ ਸਮੁੱਚੀ ਟੀਮ ਨੂੰ ਮੈਚ ਲਈ ਸ਼ੁਭ ਇਛਾਵਾਂ ਦਿੱਤੀਆਂ। ਉਨ੍ਹਾਂ ਮੁਹਾਲੀ ਦੀ ਖ਼ਿਡਾਰਨ, ਹਰਲੀਨ ਕੌਰ ਦਿਓਲ ਜਿਹੜੀ ਕਿ ਇਸ ਸਟੇਡੀਅਮ ਵਿੱਚ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡ ਰਹੀ ਹੈ, ਦੀ ਹੌਸਲਾ-ਅਫ਼ਜ਼ਾਈ ਕੀਤੀ। ਪੁਲੀਸ ਵੱਲੋਂ ਮੈਚ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਸਵੇਰ ਸਮੇਂ ਹਲਕੀ ਬਾਰਿਸ਼ ਪੈਣ ਕਾਰਨ ਮੀਡੀਆ ਅਤੇ ਹੋਰ ਕਈਂ ਪਾਰਕਿੰਗਾਂ ਵਿਚ ਚਿੱਕੜ ਹੋਣ ਕਾਰਨ ਲੋਕਾਂ ਆਪਣੇ ਵਾਹਨ ਖੜ੍ਹੇ ਕਰਨ ਲਈ ਦਿੱਕਤਾਂ ਆਈਆਂ। ਦਰਸ਼ਕ ਨਾਮਾਤਰ ਹੋਣ ਕਾਰਨ ਪੁਲੀਸ ਮੁਲਾਜ਼ਮ ਵੀ ਕੁਰਸੀਆਂ ਉੱਤੇ ਆਰਾਮ ਨਾਲ ਬੈਠ ਕੇ ਮੈਚ ਦਾ ਆਨੰਦ ਮਾਣਦੇ ਨਜ਼ਰ ਆਏ। ਸਟੇਡੀਅਮ ਵਿੱਚ ਕੁਮੈਂਟਰੀ ਕਰਨ ਵਾਲੇ ਪੰਜਾਬੀ ਅਤੇ ਹਿੰਦੀ ਵਿੱਚ ਕੁਮੈਂਟਰੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੇ।

Advertisement

ਮੁਹਾਲੀ ਦੀ ਖ਼ਿਡਾਰਨ ਹਰਲੀਨ ਦਿਓਲ ਦੇ ਪਿਤਾ ਬੀਐੱਸ ਘੁੰਮਣ, ਮਾਤਾ ਚਰਨਜੀਤ ਕੌਰ, ਭਰਾ ਡਾ. ਸਿਮਰਜੀਤ ਸਿੰਘ, ਨਜ਼ਦੀਕੀ ਰਿਸ਼ਤੇਦਾਰ ਅਤੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਸਣੇ ਪੰਜਾਹ ਦੇ ਕਰੀਬ ਆਂਢੀ-ਗੁਆਂਢੀ ਮੈਚ ਵੇਖਣ ਲਈ ਪਹੁੰਚੇ ਹੋਏ ਸਨ। ਹਰਲੀਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 57 ਗੇਂਦਾਂ ਵਿੱਚ 54 ਦੌੜਾਂ ਬਣਾ ਕੇ ਵਾਹ-ਵਾਹ ਖੱਟੀ। ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਸ਼ਹਿਰ ਮੋਗਾ ਤੋਂ ਉਨ੍ਹਾਂ ਦੇ ਪਿਤਾ ਹਰਮਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੈਚ ਵੇਖਣ ਲਈ ਪਹੁੰਚੇ ਹੋਏ ਸਨ। ਖਿਡਾਰਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਧੀਆਂ ਦੇ ਮੈਚ ਖੇਡਦਿਆਂ ਦੇਖਣਾ ਬਹੁਤ ਖੁਸ਼ੀ ਮਹਿਸੂਸ ਹੋਈ ਹੈ।

ਮੈਚ ਦੇਖਣ ਆਏ ਲੋਕਾਂ ਨੂੰ ਸੜਕਾਂ ’ਤੇ ਖੜ੍ਹਾਉਣੇ ਪਏ ਵਾਹਨ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਿਊ ਚੰਡੀਗੜ੍ਹ ਦੇ ਪਿੰਡ ਤੋਗਾਂ ਤੋਂ ਬੂਥਗੜ੍ਹ ਜਾਣ ਵਾਲੇ ਪੀ ਫੋਰ ਮਾਰਗ ’ਤੇ ਪਿੰਡ ਤੀੜਾ ਵਿੱਚ ਬਣੇ ਹੋਏ ਮਹਾਰਾਜਾ ਯਾਦਵਿੰਦਰਾ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਅੱਜ ਭਾਰਤ ਅਤੇ ਆਸਟਰੇਲੀਆਂ ਦਾ ਮਹਿਲਾ ਕ੍ਰਿਕਟ ਟੂਰਨਾਮੈਂਟ ਖੇਡਿਆ ਗਿਆ। ਪਹਿਲਾਂ ਹੋਏ ਮੈਚਾਂ ਨਾਲੋਂ ਦਰਸ਼ਕਾਂ ਦਾ ਇਕੱਠ ਮੱਠਾ ਹੀ ਰਿਹਾ। ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਸਣੇ ਹੋਰਨਾਂ ਸੁਰੱਖਿਆ ਬਲਾਂ ਦੇ ਵੱਡੀ ਗਿਣਤੀ ਕਰਮਚਾਰੀ ਮੈਚ ਦੌਰਾਨ ਅਮਨ ਤੇ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਹਾਜ਼ਰ ਰਹੇ। ਸਟੇਡੀਅਮ ਤੋਂ ਕਰੀਬ ਇੱਕ ਕਿੱਲੋਮੀਟਰ ਦੂਰ ਹੀ ਪੁਲੀਸ ਨੇ ਬੈਰੀਕੇਡ ਲਗਾਏ ਸਨ। ਮੈਚ ਸਮਾਪਤੀ ਮਗਰੋਂ ਸਟੇਡੀਅਮ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਯੂਥ ਟੈਕਨੀਕਲ ਟਰੇਨਿੰਗ ਸੁਸਾਇਟੀ ਚੰਡੀਗੜ੍ਹ ਸੰਚਾਲਕਾਂ ਵੱਲੋਂ ਸੁਸਾਇਟੀ ਦੇ ਬੱਚਿਆਂ ਨੂੰ ਮੈਚ ਦਿਖਾਇਆ ਗਿਆ, ਟੀ ਸ਼ਰਟਾਂ, ਸਨੈਕਸ, ਕੋਲਡ ਡਰਿੰਕਸ ਆਦਿ ਵੀ ਦਿੱਤਾ ਗਿਆ ਅਤੇ ਬੱਚਿਆਂ ਨੇ ਖੂਬ ਆਨੰਦ ਮਾਣਿਆ। ਪਾਣੀ ਦੀਆਂ ਬੋਤਲਾਂ, ਬੈਗ, ਖਿਡਾਉਣੇ ਦਾਖਲਾ ਪੁਆਇੰਟਾਂ ਦੇ ਬਾਹਰ ਹੀ ਸੁਰੱਖਿਆ ਪੁਲੀਸ ਵੱਲੋਂ ਦਰਸ਼ਕਾਂ ਦੇ ਰੱਖਵਾਏ ਗਏ, ਸਿਰਫ ਮੋਬਾਈਲ ਫੋਨ ਹੀ ਅੰਦਰ ਜਾਣ ਦਿੱਤੇ ਗਏ। ਇੱਥੇ ਜ਼ਿਕਰਯੋਗ ਹੈ ਕਿ ਸਟੇਡੀਅਮ ਅੰਦਰ ਪਾਰਕਿੰਗ ਦੀ ਸਹੂਲਤ ਘੱਟ ਹੋਣ ਕਾਰਨ ਪਿੰਡ ਤੀੜਾ, ਚਾਹੜ ਮਾਜਰਾ, ਬਾਂਸੇਪੁਰ, ਤੋਗਾਂ ਦੇ ਕੁੱਝ ਲੋਕਾਂ ਨੇ ਸਟੇਡੀਅਮ ਨੇੜਲੇ ਖੇਤਾਂ ਵਿੱਚ ਆਪੇ ਹੀ ਫਸਲਾਂ ਕੱਟ ਦੇ ਪਾਰਕਿੰਗਾਂ ਬਣਾਈਆਂ ਸਨ ਪਰ ਅੱਜ ਵੱਡੇ ਤੜਕ ਤੋਂ ਲੈ ਕੇ ਸਵੇਰ ਤੱਕ ਹੋਈ ਭਾਰੀ ਮੀਂਹ ਕਾਰਨ ਬਾਰਸ਼ ਦਾ ਪਾਣੀ ਖੇਤਾਂ ਵਿੱਚ ਭਰ ਗਿਆ ਅਤੇ ਪਾਰਕਿੰਗ ਵਾਲੀ ਥਾਂ ਗਿੱਲੀ ਹੋ ਗਈ ਇਸ ਕਰਕੇ ਲੋਕਾਂ ਨੇ ਆਪਣੀਆਂ ਕਾਰਾਂ, ਮੋਟਰਸਾਈਕਲ ਆਦਿ ਵਾਹਨ ਸੜਕ ਕਿਨਾਰੇ ਹੀ ਲਗਾਏ।

Advertisement
Show comments