ਜਦੋਂ ਕੋਰਿਆਈ ਮਹਿਲਾ ਦੀ ‘ਪੰਜਾਬੀ’ ਸੁਣ ਕੇ ਭਗਵੰਤ ਮਾਨ ਹੱਕੇ ਬੱਕੇ ਰਹਿ ਗਏ, ਮੁੱਖ ਮੰਤਰੀ ਨੇ ਕਿਹਾ ‘ਸਾਡੀ ਪਛਾਣ’
ਇੱਕ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਕੋਰਿਆਈ ਮਹਿਲਾ ਦੀ ਪੰਜਾਬੀ ਭਾਸ਼ਾ ’ਤੇ ਪਕੜ ਦੇਖ ਕੇ ਹੈਰਾਨ ਰਹਿ ਗਏ। ਉਹ ਕੋਰਿਆਈ ਮਹਿਲਾ ਦੀ ਰਵਾਨਗੀ ਵਾਲੀ ਪੰਜਾਬੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਇੰਟਰਨੈੱਟ ਉੱਤੇ ਇਸ ਵੀਡੀਓ ਨੂੰ ਖੂਸ ਪਸੰਦ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ @bhagwantmann1 ’ਤੇ ਸਾਂਝੀ ਕੀਤੀ ਗਈ ਇਸ ਕਲਿੱਪ ਵਿੱਚ ਉਨ੍ਹਾਂ ਨੂੰ ਕੋਰਿਆਈ ਔਰਤ ਨਾਲ ਗੱਲਬਾਤ ਕਰਦਿਆਂ ਦੇਖਿਆ ਜਾ ਸਕਦਾ ਹੈ, ਜੋ ਇੱਕ ਮੂਲ ਨਿਵਾਸੀ ਵਾਂਗ ਪੰਜਾਬੀ ਬੋਲਦੀ ਸੀ।
ਮਾਨ ਨੇ ਪੋਸਟ ਹੇਠ ਕੈਪਸ਼ਨ ਵਿਚ ਲਿਖਿਆ: ‘‘ਸਾਡੀ ਮਾਂ ਬੋਲੀ, ਪੰਜਾਬੀ, ਸਾਡੇ ਲਈ ਸਿਰਫ਼ ਇੱਕ ਭਾਸ਼ਾ ਨਹੀਂ ਹੈ... ਇਹ ਸਾਡੀ ਪਛਾਣ ਹੈ... ਮੈਨੂੰ ਦੱਖਣੀ ਕੋਰੀਆ ਦੀ ਆਪਣੀ ਫੇਰੀ ਦੌਰਾਨ ਇੱਕ ਜੋੜੇ ਨੂੰ ਮਿਲਣ ਦਾ ਮੌਕਾ ਮਿਲਿਆ... ਇੱਕ ਕੋਰਿਆਈ ਜੰਮੀ ਧੀ ਦੇ ਮੂੰਹੋਂ ਮਾਂ ਬੋਲੀ, ਪੰਜਾਬੀ ਸੁਣ ਕੇ ਬਹੁਤ ਵਧੀਆ ਲੱਗਾ।’’
ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਕੋਰਿਆਈ ਮਹਿਲਾ ਦੀ ਪੰਜਾਬੀ ਭਾਸ਼ਾ ’ਤੇ ਪਕੜ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਇਕ ਯੂਜ਼ਰ ਨੇ ਕੁਮੈਂਟ ਕੀਤਾ, ‘‘ਪੰਜਾਬੀ ਸਭਿਆਚਾਰ ਦੀ ਖੂਬਸੂਰਤ ਝਲਕ ਮਿਲੀ।’’ ਦੂਜੇ ਨੇ ਲਿਖਿਆ, ‘‘ਇਹ ਪਲ ਸੱਚਮੁੱਚ ਮਾਣ ਕਰਨ ਵਾਲਾ ਹੈ।’’ ਇਹ ਵੀਡੀਓ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਆਲਮੀ ਅਪੀਲ ਨੂੰ ਦਰਸਾਉਂਦਾ ਹੈ, ਜਿਸ ਵਿਚ ਵੱਖੋ ਵੱਖਰੇ ਪਿਛੋਕੜ ਦੇ ਲੋਕ ਇਸ ਦੀ ਤਾਰੀਫ਼ ਕਰ ਰਹੇ ਹਨ।
