ਮਾਰਕਫੈੱਡ ਦੇ ਗੁਦਾਮਾਂ ’ਚੋਂ ਕਣਕ ਚੋਰੀ
ਪੱਤਰ ਪ੍ਰੇਰਕ
ਬਨੂੜ, 11 ਜੁਲਾਈ
ਬਨੂੜ ਵਿਖੇ ਮਾਰਕਫੈੱਡ ਦੇ ਗੁਦਾਮ ਵਿੱਚੋਂ ਬੀਤੀ ਰਾਤ ਕਣਕ ਚੋਰੀ ਹੋ ਗਈਆਂ। ਚੋਰਾਂ ਨੇ ਮਾਰਕਫੈੱਡ ਦੇ ਗੁਦਾਮਾਂ ਵਿੱਚੋਂ ਲੱਗੇ ਚੱਕੇ ਤੋਂ ਗੁਦਾਮ ਦੀ ਕੰਧ ਪਾਰ ਕਰਕੇ ਦੋ ਫੁੱਟ ਦੀ ਬਾਰੀ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰੀ ਰਾਤ ਕਰੀਬ ਦੋ ਵਜੇ ਦੇ ਆਸ-ਪਾਸ ਹੋਈ। ਚੋਰੀ ਅਨਾਜ ਮੰਡੀ ਵਾਲੇ ਪਾਸੇ ਹੋਈ, ਜਿੱਥੇ ਇੱਕ ਆੜ੍ਹਤੀ ਆਪਣੇ ਪਰਿਵਾਰ ਨਾਲ ਆੜ੍ਹਤ ਦੀ ਦੁਕਾਨ ਦੇ ਉਪਰ ਰਹਿੰਦਾ ਹੈ। ਜਦੋਂ ਚੋਰ ਗੁਦਾਮ ਦੀ ਚਾਰਦੀਵਾਰੀ ਵਾਲੀ ਕੰਧ ਪਾਰ ਕਰਕੇ ਛੋਟੀ ਮੋਰੀ ਵਿੱਚੋਂ ਬੋਰੀਆਂ ਕੱਢ ਕੇ ਨੇੜੇ ਖੜ੍ਹੀ ਜੀਪ ਵਿੱਚ ਲੱਦ ਰਹੇ ਸਨ, ਉਦੋਂ ਆਵਾਜ਼ ਸੁਣ ਕੇ ਆੜ੍ਹਤੀ ਆਪਣੇ ਘਰ ਦੀ ਛੱਤ ’ਤੇ ਆਇਆ, ਉਸ ਨੇ ਬੈਟਰੀ ਮਾਰੀ, ਚੋਰ ਡਰਕੇ ਭੱਜ ਗਏ। ਆੜ੍ਹਤੀ ਨੇ ਚੋਰਾਂ ਦੀ ਆਪਣੇ ਮੋਬਾਈਲ ਰਾਹੀਂ ਵੀਡੀਓ ਵੀ ਬਣਾਈ।
ਜਾਣਕਾਰੀ ਅਨੁਸਾਰ ਗੁਦਾਮ ਤੇ ਤਾਇਨਾਤ ਚੌਕੀਦਾਰ ਜਾਗਰ ਸਿੰਘ ਵੀ ਆ ਗਿਆ, ਪਰ ਉਦੋਂ ਚੋਰ ਜੀਪ ਲੈ ਕੇ ਫਰਾਰ ਹੋ ਗਏ ਸਨ। ਅੱਜ ਸਵੇਰੇ ਮਾਰਕਫੈੱਡ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ, ਜਿਨਾਂ ਚੋਰੀ ਬਾਰੇ ਪੁਲੀਸ ਨੂੰ ਇਤਲਾਹ ਦਿੱਤੀ। ਮਾਰਕਫੈੱਡ ਦੇ ਇੰਸਪੈਕਟਰ ਅਮਰਦੀਪ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਗੁਦਾਮ ’ਚੋਂ ਕਰੀਬ 200 ਬੋਰੀ ਚੋਰੀ ਹੋਈ। ਜਦੋ ਉਨਾਂ ਨੂੰ ਪੁੱਛਿਆ ਕਿ ਇੱਕ ਜੀਪ ਵਿੱਚ ਕਰੀਬ 60 ਬੋਰੀਆਂ ਆ ਸਕਦੀਆਂ ਹਨ, ਤਾਂ ਉਨਾਂ ਕਿਹਾ ਕਿ ਚੋਰਾਂ ਨੇ ਸ਼ਾਇਦ ਤਿੰਨ ਤੋਂ ਵੱਧ ਚੱਕਰ ਲਾਏ ਹੋਣਗੇ। ਮਾਰਕਫੈੱਡ ਦੀ ਡੀਐੱਮ ਨਵੀਤਾ ਨਾਲ ਜਦੋਂ ਸੰਪਰਕ ਕੀਤਾ, ਉਹ ਚੋਰੀ ਹੋਈ ਬੋਰੀਆਂ ਦੀ ਗਿਣਤੀ ਬਾਰੇ ਸਪੱਸ਼ਟ ਨਹੀ ਦੱਸ ਸਕੇ। ਉਨ੍ਹਾਂ ਕਿਹਾ ਕਿ ਕੋਈ ਅਜਿਹਾ ਚੋਰ ਗਰੋਹ ਸਰਗਰਮ ਹੈ, ਜੋ ਲਗਾਤਾਰ ਅਜਿਹੀ ਚੋਰੀਆਂ ਨੂੰ ਅੰਜ਼ਾਮ ਦੇ ਰਿਹਾ ਹੈ।
ਐੱਸਐੱਚਓ ਅਰਸ਼ਦੀਪ ਸ਼ਰਮਾ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ ਤੇ ਜਲਦੀ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।