ਤਾਮਿਲਨਾਡੂ ਦੇ ਵਫ਼ਦ ਦਾ ਸਵਾਗਤ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਨੇ ਪੰਜਾਬ ਦੇ ਅਕਾਦਮਿਕ ਦੌਰੇ ਦੌਰਾਨ ਤਾਮਿਲਨਾਡੂ ਦੇ ਅਧਿਆਪਕਾਂ ਦੇ ਵਿਸ਼ੇਸ਼ ਵਫ਼ਦ ਲਈ ਸਵਾਗਤੀ ਸਮਾਗਮ ਕਰਵਾਇਆ। ਇਸ ਦਾ ਉਦੇਸ਼ ਪੰਜਾਬ ਦੇ ਇਤਿਹਾਸ ਅਤੇ ਅਕਾਦਮਿਕ ਪ੍ਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਸੱਭਿਆਚਾਰਕ ਇਕਸਾਰਤਾ ਬਣਾਉਣਾ ਸੀ। ਇਸ ਦੀ ਸ਼ੁਰੂਆਤ ਉਪ-ਕੁਲਪਤੀ ਪ੍ਰੋ. (ਡਾ.) ਪ੍ਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਕੀਤੀ। ਸਮਾਗਮ ਦਾ ਪ੍ਰਬੰਧ ਡੀਨ ਫੈਕਲਟੀ ਡਾ. ਹਰਦੇਵ ਸਿੰਘ ਅਤੇ ਸੰਚਾਲਿਤ ਸਹਾਇਕ ਪ੍ਰੋਫ਼ੈਸਰ ਡਾ. ਬਲਜੀਤ ਕੌਰ ਨੇ ਕੀਤਾ। ਇਸ ਮੌਕੇ ਸਾਂਝੀ ਸਿੱਖਿਆ ਫਾਊਂਡੇਸ਼ਨ ਦੇ ਵਾਲੰਟੀਅਰ ਵੀ ਹਾਜ਼ਰ ਸਨ। ਇਤਿਹਾਸ ਵਿਭਾਗ ਦੀ ਸਹਾਇਕ ਪ੍ਰੋ. ਡਾ. ਜਸਪ੍ਰੀਤ ਕੌਰ ਅਤੇ ਇਸਮਿਤੀ ਨੇ ਵਫ਼ਦ ਨੂੰ ਪੰਜਾਬ ਦੇ ਸੱਭਿਆਚਾਰਕ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ। ਉਪ-ਕੁਲਪਤੀ ਨੇ ਯੂਨੀਵਰਸਿਟੀ ਦੀ ਸਥਾਪਨਾ, ਦ੍ਰਿਸ਼ਟੀ ਅਤੇ ਮਿਸ਼ਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਅਕਾਦਮਿਕ ਦੌਰੇ ਵਿਭਿੰਨਤਾ ਵਿੱਚ ਏਕਤਾ ਦੀ ਸੱਚੀ ਭਾਵਨਾ ਨੂੰ ਦਰਸਾਉਂਦੇ ਹਨ। ਇਹ ਨਾ ਸਿਰਫ਼ ਸਿੱਖਿਆ ਅਨੁਭਵ ਨੂੰ ਅਮੀਰ ਬਣਾਉਂਦੇ ਹਨ ਸਗੋਂ ਆਪਸੀ ਸਤਿਕਾਰ ਅਤੇ ਸਮਝ ਦੇ ਬੰਧਨਾਂ ਨੂੰ ਵੀ ਮਜ਼ਬੂਤ ਕਰਦੇ ਹਨ। ਵਫ਼ਦ ਨੇ ਯੂਨੀਵਰਸਿਟੀ ਵੱਲੋਂ ਦਿੱਤੇ ਮਾਣ-ਸਨਮਾਨ ਲਈ ਸ਼ਲਾਘਾ ਕੀਤੀ।