ਉਦੈਪੁਰ-ਚੰਡੀਗੜ੍ਹ ਨਵੀਂ ਸੁਪਰਫਾਸਟ ਦਾ ਸਵਾਗਤ
ਕੇਂਦਰੀ ਰੇਲ ਮੰਤਰਾਲੇ ਵੱਲੋਂ ਉਦੈਪੁਰ ਤੋਂ ਚੰਡੀਗੜ੍ਹ ਤੱਕ ਸ਼ੁਰੂ ਕੀਤੀ ਨਵੀਂ ਸੁਪਰਫਾਸਟ ਰੇਲਗੱਡੀ ਦਾ ਚੰਡੀਗੜ੍ਹ ਪਹੁੰਚਣ ’ਤੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਵਾਗਤ ਕੀਤਾ। ਇਹ ਰੇਲ ਗੱਡੀ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨਿੱਜੀ ਯਤਨਾਂ ਕਰ ਕੇ ਕੇਂਦਰੀ ਰੇਲ ਮੰਤਰੀ ਅਸ਼ਿਵਨੀ ਵੈਸ਼ਨਵ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਨਾਲ ਚੰਡੀਗੜ੍ਹ ਦੇ ਲੋਕਾਂ ਨੂੰ ਰਾਜਸਥਾਨ ਜਾਣ ਅਤੇ ਰਾਜਸਥਾਨ ਤੋਂ ਚੰਡੀਗੜ੍ਹ ਆਉਣ ਲਈ ਵੱਡੀ ਸਹੂਲਤ ਮਿਲੇਗੀ। ਦੋਵਾਂ ਸ਼ਹਿਰਾਂ ਦੇ ਸੈਰ-ਸਪਾਟਾ ਖੇਤਰ ਨੂੰ ਵੀ ਹੁਲਾਰਾ ਮਿਲੇਗਾ।
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੇਂਦਰ ਸਰਕਾਰ ਦਾ ਰੇਲਗੱਡੀ ਸ਼ੁਰੂ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਲਈ ਰਾਜਸਥਾਨ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਸ੍ਰੀ ਕਟਾਰੀਆ ਨੇ ਰੇਲਗੱਡੀ ਵਿੱਚ ਆਏ ਯਾਤਰੀਆਂ ਅਤੇ ਰੇਲਵੇ ਸਟਾਫ ਨੂੰ ਫੁੱਲ ਭੇਟ ਕਰ ਕੇ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਸਤੰਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੁਪਰਫਾਸਟ ਐਕਸਪ੍ਰੈੱਸ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਹ ਰੇਲ ਗੱਡੀ ਰਾਜਸਥਾਨ ਦੇ ਉਦੈਪੁਰ ਤੋਂ ਹਰ ਬੁੱਧਵਾਰ ਅਤੇ ਸ਼ਨਿਚਰਵਾਰ ਨੂੰ ਸ਼ਾਮ 4.05 ਵਜੇ ਚੱਲ ਕੇ ਅਗਲੇ ਦਿਨ ਸਵੇਰੇ 9.50 ਵਜੇ ਚੰਡੀਗੜ੍ਹ ਪਹੁੰਚੇਗੀ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਹਰ ਵੀਰਵਾਰ ਤੇ ਐਤਵਾਰ ਨੂੰ ਸਵੇਰੇ 11.20 ਵਜੇ ਚੱਲ ਕੇ ਅਗਲੇ ਦਿਨ ਸਵੇਰੇ 5.25 ਵਜੇ ਉਦੈਪੁਰ ਪਹੁੰਚੇਗੀ। ਇਸ ਰੇਲਗੱਡੀ ਵਿੱਚ ਕੁੱਲ 22 ਕੋਚ ਹੋਣਗੇ। ਇਨ੍ਹਾਂ ਵਿੱਚ ਦੋ ਸੈਕੰਡ ਏ ਸੀ, ਛੇ ਥਰਡ ਏ ਸੀ, ਦੋ ਥਰਡ ਏ ਸੀ ਇਕਾਨਮੀ, ਛੇ ਦੂਜੀ ਸ਼੍ਰੇਣੀ ਸਲੀਪਰ, ਚਾਰ ਆਮ ਸ਼੍ਰੇਣੀ ਦੇ ਕੋਚ ਅਤੇ ਇੱਕ-ਇੱਕ ਪਾਵਰ ਕਾਰ ਅਤੇ ਗਾਰਡ ਡੱਬਾ ਸ਼ਾਮਲ ਹਨ।
ਅੰਬਾਲਾ (ਰਤਨ ਸਿੰਘ ਢਿੱਲੋਂ): ਉਦੇਪੁਰ ਤੋਂ ਚੰਡੀਗੜ੍ਹ ਲਈ ਵਿਸ਼ੇਸ਼ ਰੇਲਗੱਡੀ ਅੱਜ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ-1 ’ਤੇ ਕਰੀਬ 1.05 ਮਿੰਟ ਦੀ ਦੇਰੀ ਨਾਲ ਪਹੁੰਚੀ। ਇੱਥੇ ਅੰਬਾਲਾ ਡਿਵੀਜ਼ਨ ਦੇ ਐਡੀਸ਼ਨਲ ਡਿਵੀਜ਼ਨਲ ਰੇਲਵੇ ਮੈਨੇਜਰ ਡੀ ਐੱਸ ਮੀਨਾ, ਸੀਨੀਅਰ ਕਮਰਸ਼ੀਅਲ ਮੈਨੇਜਰ ਨਵੀਨ ਕੁਮਾਰ ਝਾਅ ਅਤੇ ਹੋਰ ਵਿਭਾਗੀ ਅਧਿਕਾਰੀਆਂ ਨੇ ਇਸ ਗੱਡੀ ਦਾ ਸਵਾਗਤ ਕੀਤਾ। ਕਰੀਬ ਸੱਤ ਮਿੰਟ ਰੁਕਣ ਤੋਂ ਬਾਅਦ ਗੱਡੀ ਚੰਡੀਗੜ੍ਹ ਲਈ ਰਵਾਨਾ ਹੋ ਗਈ। ਵਾਪਸੀ ’ਤੇ ਇਹ ਗੱਡੀ ਸਵੇਰੇ 11.20 ਵਜੇ ਚੰਡੀਗੜ੍ਹ ਸਟੇਸ਼ਨ ਤੋਂ ਰਵਾਨਾ ਹੋਈ ਤੇ ਦੁਪਹਿਰ 12 ਵਜੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੀ ਤੇ ਪੰਜ ਮਿੰਟ ਰੁਕਣ ਤੋਂ ਬਾਅਦ ਉਦੇਪੁਰ ਲਈ ਰਵਾਨਾ ਹੋ ਗਈ।